ਜਲੰਧਰ— ਪੰਜਾਬੀ ਗੀਤਾਂ 'ਚ ਮਾਡਲਿੰਗ ਕਰਕੇ ਤੇ ਆਪਣੀ ਸ਼ਾਨਦਾਰ ਬਾਡੀ ਨਾਲ ਸੁਰਖੀਆਂ 'ਚ ਰਹਿੰਦਾ ਜਲੰਧਰ ਦਾ ਗੱਭਰੂ ਬਰਿੰਦਰ ਢਪਈ ਵੀਰੂ ਛੇਤੀ ਹੀ ਪੰਜਾਬੀ ਫਿਲਮ 'ਕਿਰਦਾਰ-ਏ-ਸਰਦਾਰ' 'ਚ ਨਜ਼ਰ ਆਉਣ ਵਾਲਾ ਹੈ। ਬਰਿੰਦਰ ਦਾ ਜਨਮ ਕਪੂਰਥਲਾ ਜ਼ਿਲੇ ਦੇ ਪਿੰਡ ਢਪਈ 'ਚ ਹੋਇਆ। ਬਰਿੰਦਰ ਨੂੰ ਕਬੱਡੀ ਖੇਡਣ ਦਾ ਬਹੁਤ ਸ਼ੌਕ ਸੀ। ਇਸੇ ਦੇ ਚਲਦਿਆਂ ਉਹ ਲੋਕਾਂ ਵਿਚਾਲੇ ਮਸ਼ਹੂਰ ਹੋਇਆ। ਪਹਿਲਾਂ ਬਰਿੰਦਰ ਦਾ ਭਾਰ ਬਹੁਤ ਜ਼ਿਆਦਾ ਹੁੰਦਾ ਸੀ। ਉਸ ਨੇ ਸਖਤ ਮਿਹਨਤ ਕਰਦਿਆਂ ਆਪਣਾ ਭਾਰ ਘਟਾਇਆ ਤੇ ਇਕ ਫਿੱਟ ਬਾਡੀ ਬਣਾਈ। ਬਰਿੰਦਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਤੇ ਉਹ ਫਿਟਨੈੱਸ ਨੂੰ ਲੈ ਕੇ ਅਕਸਰ ਟਿਪਸ ਵੀ ਦਿੰਦੇ ਹਨ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਕਾਫੀ ਵਾਇਰਲ ਵੀ ਹੁੰਦੀਆਂ ਹਨ। ਕਈ ਕੰਪਨੀਆਂ ਦੇ ਉਹ ਬ੍ਰਾਂਡ ਅੰਬੈਸਡਰ ਵੀ ਰਹੇ ਹਨ। ਬਰਿੰਦਰ ਦਾ ਮਾਡਲ ਵਜੋਂ ਪਹਿਲਾ ਗੀਤ 'ਮੁੰਡਾ ਵੈਸ਼ਨੋ' ਸੀ। ਇਸ ਤੋਂ ਬਾਅਦ ਬਰਿੰਦਰ ਨੂੰ ਕਈ ਪੰਜਾਬੀ ਗੀਤਾਂ 'ਚ ਮਾਡਲ ਵਜੋਂ ਦੇਖਿਆ ਗਿਆ। ਵਰਿੰਦਰ ਨੇ ਫਿਲਮ ਦੀ ਸ਼ੂਟਿੰਗ ਦੌਰਾਨ ਵੀ ਕਈ ਗੀਤ ਸਾਈਨ ਕੀਤੇ ਹਨ, ਜਿਹੜੇ ਥੋੜ੍ਹੇ ਸਮੇਂ ਬਾਅਦ ਰਿਲੀਜ਼ ਹੋਣਗੇ। ਬਰਿੰਦਰ ਕਪਿਲ ਸ਼ਰਮਾ ਦੇ ਸ਼ੋਅ 'ਚ ਵੀ ਨਜ਼ਰ ਆ ਚੁੱਕੇ ਹਨ। ਦੱਸਣਯੋਗ ਹੈ ਕਿ ਫਿਲਮ 'ਚ ਬਰਿੰਦਰ ਢਪਈ ਵੀਰੂ ਤੋਂ ਇਲਾਵਾ ਕੇ. ਐੱਸ. ਮੱਖਣ, ਰਜ਼ਾ ਮੁਰਾਦ, ਡੌਲੀ ਬਿੰਦਰਾ, ਨਵ ਬਾਜਵਾ, ਨੇਹਾ ਪਵਾਰ, ਗੁਰਪ੍ਰੀਤ ਕੌਰ ਚੱਢਾ, ਮਹਾਵੀਰ ਭੁੱਲਰ ਤੇ ਰਾਜ ਹੁੰਦਲ ਵੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਫਿਲਮ 'ਚ ਬਰਿੰਦਰ ਨੈਗਟਿਵ ਰੋਲ ਨਿਭਾਅ ਰਹੇ ਹਨ। ਫਿਲਮ 'ਚ ਉਹ ਇੰਟਰਨੈਸ਼ਨਲ ਫਾਈਟਰ ਡੈਨੀਅਲ ਜੈਕਬ ਉਰਫ ਡੈਨੀ ਦਾ ਕਿਰਦਾਰ ਨਿਭਾਅ ਰਹੇ ਹਨ। ਫਿਲਮ ਦਾ ਨਿਰਦੇਸ਼ਨ ਜਤਿੰਦਰ ਸਿੰਘ ਜੀਤੂ ਨੇ ਕੀਤਾ ਹੈ ਤੇ ਇਸ ਦੀ ਕਹਾਣੀ ਵੀ ਜਤਿੰਦਰ ਸਿੰਘ ਜੀਤੂ ਨੇ ਹੀ ਲਿਖੀ ਹੈ। ਫਿਲਮ ਦਾ ਸਕ੍ਰੀਨਪਲੇਅ ਤੇ ਡਾਇਲਾਗਸ ਕੁਦਰਤ ਪਾਲ ਨੇ ਲਿਖੇ ਹਨ। ਫਿਲਮ ਨੂੰ ਗੋਪੀ ਪਨੂੰ ਨੇ ਪ੍ਰੋਡਿਊਸ ਕੀਤਾ ਹੈ, ਜਦਕਿ ਇਸ ਦੇ ਕੋ-ਪ੍ਰੋਡਿਊਸਰ ਗੁਰਪ੍ਰੀਤ ਕੌਰ ਚੱਢਾ ਹਨ। ਫਿਲਮ 29 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਤੇ ਇਸ ਦਾ ਟਰੇਲਰ 31 ਅਗਸਤ ਯਾਨੀ ਕੱਲ ਨੂੰ 4 ਵਜੇ ਰਿਲੀਜ਼ ਹੋਵੇਗਾ।