ਜਲੰਧਰ (ਬਿਊਰੋ) — ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਤੇ ਗਾਇਕ ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਅਰਦਾਸ ਕਰਾਂ' ਨੂੰ ਲੈ ਕੇ ਖੂਬ ਸੁਰਖੀਆਂ ਬਟੋਰ ਰਹੇ ਹਨ। ਕੁਝ ਦਿਨ ਪਹਿਲਾ ਹੀ ਫਿਲਮ 'ਅਰਦਾਸ ਕਰਾਂ' ਦੇ ਟਰੇਲਰ ਦਾ ਪਹਿਲਾ ਚੈਪਟਰ ਰਿਲੀਜ਼ ਹੋਇਆ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਗਿੱਪੀ ਗਰੇਵਾਲ ਦੀ ਫਿਲਮ 'ਅਰਦਾਸ ਕਰਾਂ' ਲੀਹ ਤੋਂ ਹੱਟ ਕੇ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ 'ਅਰਦਾਸ' ਫਿਲਮ ਬਣਾਈ ਸੀ ਅਤੇ 'ਅਰਦਾਸ ਕਰਾਂ' ਇਸੇ ਹੀ ਫਿਲਮ ਦਾ ਸੀਕਵਲ ਹੈ। ਹਾਲ ਹੀ 'ਚ ਗੁਰਪ੍ਰੀਤ ਘੁੱਗੀ ਨੇ ਆਪਣੇ ਇੰਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਹ ਵੀਡੀਓ ਫਿਲਮ ਦਾ ਬਿਹਾਇੰਡ ਦਾ ਸੀਨ ਹੈ, ਜਿਸ 'ਚ ਗੁਰਪ੍ਰੀਤ ਘੁੱਗੀ ਦੱਸ ਰਹੇ ਹਨ ਕਿ ਇਸ ਫਿਲਮ ਦੀ ਸ਼ੂਟਿੰਗ ਦੌਰਾਨ ਉਨ੍ਹਾਂ ਨੂੰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਗੁਰਪ੍ਰੀਤ ਘੁੱਗੀ ਦੱਸਦੇ ਹਨ ਕਿ ਇਸ ਫਿਲਮ ਦੀ ਜਿਸ ਲੋਕੇਸ਼ਨ 'ਤੇ ਸ਼ੂਟਿੰਗ ਕੀਤੀ ਗਈ ਸੀ ਉੱਥੇ ਇੰਨ੍ਹੀਂ ਜ਼ਿਆਦਾ ਠੰਡ ਪੈਂਦੀ ਸੀ ਕਿ ਇਕ ਮਿੰਟ ਤੋਂ ਪਹਿਲਾਂ ਬੋਤਲਾਂ 'ਚ ਪਿਆ ਪਾਣੀ ਜੰਮ ਜਾਂਦਾ ਸੀ ਪਰ ਉਹ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹਨ ਕਿ ਸਭ ਕੁਝ ਠੀਕ ਰਿਹਾ। ਉਨ੍ਹਾਂ ਦੱਸਿਆ ਕਿ ਉਹ 'ਅਰਦਾਸ ਕਰਾਂ' ਫਿਲਮ ਦੀ ਸ਼ੂਟਿੰਗ 'ਅਰਦਾਸ' ਕਰਕੇ ਹੀ ਸ਼ੁਰੁ ਕਰਦੇ ਸਨ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਕੇ ਸ਼ੂਟਿੰਗ ਦਾ ਪੈਕਅੱਪ ਕਰਦੇ ਸਨ। ਇਸੇ ਲਈ ਸਭ ਕੁਝ ਠੀਕ ਰਿਹਾ।''
ਦੱਸਣਯੋਗ ਹੈ ਕਿ 'ਅਰਦਾਸ ਕਰਾਂ' ਦੀ ਕਹਾਣੀ ਦੋ ਪੀੜ੍ਹੀਆਂ ਦੇ ਫਾਸਲੇ (ਗੈਪ) ਦੀ ਕਹਾਣੀ ਹੈ, ਜਿਸ ਨਾਲ ਇਕ ਵੱਖਰੀ ਊਰਜਾ ਪੈਦਾ ਹੋਣ ਵਾਲੀ ਹੈ। ਗਿੱਪੀ ਗਰੇਵਾਲ ਵੱਲੋਂ ਪ੍ਰੋਡਿਊਸ ਕੀਤੀ ਇਸ ਫਿਲਮ 'ਚ ਉਨ੍ਹਾਂ ਦਾ ਬੇਟਾ ਗੁਰਫਤਿਹ ਗਰੇਵਾਲ ਯਾਨੀ ਛਿੰਦਾ ਵੀ ਅਹਿਮ ਭੂਮਿਕਾ 'ਚ ਹੈ। ਇਸ ਫਿਲਮ 'ਚ ਗਿੱਪੀ ਗਰੇਵਾਲ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਰਾਣਾ ਰਣਬੀਰ, ਮਲਕੀਤ ਰੌਣੀ, ਜਪਜੀ ਖਹਿਰਾ, ਸਰਦਾਰ ਸੋਹੀ, ਰਾਣਾ ਜੰਗ ਬਹਾਦੁਰ ਸਿੰਘ, ਯੋਗਰਾਜ ਸਿੰਘ ਵਰਗੇ ਨਾਮੀ ਅਦਾਕਾਰ ਨਜ਼ਰ ਆਉਣਗੇ। ਗਿੱਪੀ ਗਰੇਵਾਲ ਦੀ ਫਿਲਮ 'ਅਰਦਾਸ ਕਰਾਂ' 19 ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਰਹੀ ਹੈ।