ਮੁੰਬਈ(ਬਿਊਰੋ)— ਅਜ਼ਾਦੀ ਦੀ ਲੜਾਈ 'ਚ ਆਪਣੀ ਜਾਨ ਦੇਣ ਵਾਲਿਆਂ ਦੀ ਲਿਸਟ ਕਾਫੀ ਲੰਬੀ ਹੈ ਪਰ ਇਨ੍ਹਾਂ 'ਚ ਸਰਦਾਰ ਭਗਤ ਸਿੰਘ ਦੀ ਜਗ੍ਹਾ ਸਭ ਤੋਂ ਖਾਸ ਹੈ। ਅਜ਼ਾਦੀ, ਦੇਸ਼ ਅਤੇ ਸਮਾਜ ਨੂੰ ਲੈ ਕੇ ਭਗਤ ਸਿੰਘ ਦੀ ਵਿਚਾਰਧਾਰਾ ਨੇ ਉਨ੍ਹਾਂ ਨੂੰ ਸ਼ਹੀਦ-ਏ-ਆਜ਼ਮ ਬਣਾ ਦਿੱਤਾ। ਕ੍ਰਾਂਤੀਕਾਰੀਆਂ 'ਚੋਂ ਫਿਲਮਕਾਰਾਂ ਨੂੰ ਜਿੰਨਾ ਪ੍ਰਭਾਵਿਤ ਭਗਤ ਸਿੰਘ ਨੇ ਕੀਤਾ ਹੈ, ਉਨਾਂ ਸ਼ਾਇਦ ਹੀ ਕਿਸੇ ਦੂਜੇ ਕਿਰਦਾਰ ਨੇ ਕੀਤਾ ਹੋਵੇ। ਇਸ ਲਈ ਵੱਡੇ ਪਰਦੇ 'ਤੇ ਵੱਖਰੇ-ਵੱਖਰੇ ਦੌਰ 'ਚ ਭਗਤ ਸਿੰਘ ਦੀ ਮਹਾਨ ਕਥਾ ਦਿਖਾਈ ਜਾਂਦੀ ਰਹੀ ਹੈ।
ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਪੰਜਾਬ ਦੇ ਬੰਗਾ ਪਿੰਡ 'ਚ ਹੋਇਆ ਸੀ। ਉਨ੍ਹਾਂ ਨੂੰ ਸਮਾਜਵਾਦੀ ਇਨਕਲਾਬੀ (ਕ੍ਰਾਂਤੀਕਾਰੀ) ਮੰਨਿਆ ਜਾਂਦਾ ਸੀ। ਦੇਸ਼ ਦੀ ਅਜ਼ਾਦੀ ਲਈ ਅੰਗਰੇਜਾਂ ਨਾਲ ਲੜਦੇ ਹੋਏ ਭਗਤ ਸਿੰਘ ਸਿਰਫ 23 ਸਾਲ ਦੀ ਉਮਰ 'ਚ 23 ਮਾਰਚ 1931 ਨੂੰ ਸ਼ਹੀਦ ਹੋ ਗਏ। ਇੰਨੀ ਘੱਟ ਉਮਰ 'ਚ ਉਨ੍ਹਾਂ ਦੀ ਸ਼ਹਾਦਤ ਤੇ ਵਿਚਾਰਧਾਰਾ ਨੌਜਵਾਨਾਂ ਦੀ ਪ੍ਰੇਰਣਾ ਦਾ ਸਬਕ ਬਣੀ। ਭਗਤ ਸਿੰਘ ਦੀ ਸਿਆਸੀ ਸੋਚ ਅੱਜ ਵੀ ਢੁਕਵੀਂ ਹੈ। ਇਹੀ ਵਜ੍ਹਾ ਹੈ ਕਿ ਹਿੰਦੀ ਸਿਨੇਮਾ ਦਾ ਪਰਦਾ ਇਸ ਮਹਾਨ ਕ੍ਰਾਂਤੀਕਾਰੀ ਦੀ ਸ਼ਹਾਦਤ ਤੋਂ ਕਦੇ ਉਭਰ ਨਹੀਂ ਸਕਿਆ ਤੇ ਸਿਨੇਮਾ ਦੇ ਵੱਖ-ਵੱਖ ਦੌਰ 'ਚ ਭਗਤ ਸਿੰਘ ਦੀ ਕਹਾਣੀ ਸਿਲਵਰ ਸਕ੍ਰੀਨ 'ਤੇ ਆਉਂਦੀ ਰਹੀ।
ਹਿੰਦੀ ਸਿਨੇਮਾ ਦਾ ਇਤਿਹਾਸ ਦੇਖਿਆ ਜਾਵੇ ਤਾਂ ਸਰਦਾਰ ਭਗਤ ਸਿੰਘ 'ਤੇ ਪਹਿਲੀ ਫਿਲਮ ਅਜ਼ਾਦੀ ਦੇ 7 ਸਾਲ ਬਾਅਦ 1954 'ਚ ਹੀ ਆ ਗਈ ਸੀ। ਇਸ ਬਲੈਕ ਐਂਡ ਵਾਈਟ ਫਿਲਮ ਦਾ ਨਾਂ ਸੀ 'ਸ਼ਹੀਦੇ-ਆਜ਼ਮ ਭਗਤ ਸਿੰਘ'। ਇਸ ਫਿਲਮ ਨੂੰ ਜਗਦੀਸ਼ ਗੌਤਮ ਨੇ ਡਾਇਰੈਕਟ ਕੀਤਾ ਸੀ। ਜਦਕਿ ਪ੍ਰੇਮ ਅਦੀਬ, ਜੈਯਰਾਜ ਅਤੇ ਸਮ੍ਰਿਤੀ ਬਿਸਵਾਸ ਨੇ ਲੀਡ ਰੋਲ ਨਿਭਾਏ ਸਨ। ਜੈਯਰਾਜ, ਚੰਦਰਸ਼ੇਖਰ ਅਜ਼ਾਦ ਦੇ ਰੋਲ 'ਚ ਸਨ ਤਾਂ ਪ੍ਰੇਮ ਅਦੀਬ ਨੇ ਭਗਤ ਸਿੰਘ ਦਾ ਕਿਰਦਾਰ ਨਿਭਾਇਆ ਸੀ।
1963 'ਚ ਸ਼ੰਮੀ ਕਪੂਰ ਪਰਦੇ 'ਤੇ ਸ਼ਹੀਦ ਭਗਤ ਸਿੰਘ ਬਣ ਕੇ ਆਏ। 'ਸ਼ਹੀਦ ਭਗਤ ਸਿੰਘ' ਦੇ ਨਾਂ ਦੀ ਇਸ ਫਿਲਮ ਨੂੰ ਕੇ. ਐੱਨ. ਬੰਸਲ ਨੇ ਨਿਰਦੇਸ਼ਤ ਕੀਤਾ ਸੀ, ਜਦਕਿ ਸ਼ਕੀਲਾ, ਪ੍ਰੇਮਨਾਥ, ਉਲਹਾਸ ਤੇ ਅਚਲਾ ਸਚਦੇਵ ਨੇ ਵੀ ਮੁੱਖ ਕਿਰਦਾਰ ਨਿਭਾਏ ਸਨ।
ਇਸ ਤੋਂ ਬਾਅਦ 1965 'ਚ ਮਨੋਜ ਕੁਮਾਰ ਦੀ 'ਸ਼ਹੀਦ' ਆਈ, ਜਿਸ 'ਚ ਉਨ੍ਹਾਂ ਨੇ ਖੁਦ ਸਰਦਾਰ ਭਗਤ ਸਿੰਘ ਦਾ ਰੋਲ ਨਿਭਾਇਆ। ਇਸ ਫਿਲਮ ਨੂੰ ਐੱਸ. ਰਾਮ. ਸ਼ਰਮਾ ਨੇ ਨਿਰਦੇਸ਼ਤ ਕੀਤਾ ਸੀ। ਪ੍ਰੇਮ ਚੋਪੜਾ ਅਤੇ ਅਨੰਤ ਪੁਰਸ਼ੋਤਮ ਨੇ ਸਹਿਯੋਗੀ ਕਿਰਦਾਰ ਅਦਾ ਕੀਤੇ। ਸ਼ਹੀਦ ਬੇਹੱਦ ਸਫਲ ਰਹੀ ਅਤੇ ਕਈ ਐਵਾਰਡਜ਼ ਨਾਲ ਨਵਾਜ਼ੀ ਗਈ।
ਕਈ ਦਹਾਕਿਆਂ ਬਾਅਦ 2002 'ਚ ਇਹ ਮਹਾਨ ਕਿਰਦਾਰ ਪਰਦੇ 'ਤੇ ਫਿਰ ਵਾਪਸ ਆਇਆ, ਉਹ ਵੀ ਇਕ ਨਹੀਂ ਤਿੰਨ-ਤਿੰਨ ਫਿਲਮਾਂ ਨਾਲ। 2002 'ਚ ਭਗਤ ਸਿੰਘ 'ਤੇ ਤਿੰਨ ਫਿਲਮਾਂ ਆਈਆਂ। ਨਿਰਦੇਸ਼ਕ ਗੁੱਡੂ ਧਨੋਆ ਦੀ '23 ਮਾਰਚ 1931- ਸ਼ਹੀਦ' 'ਚ ਬੌਬੀ ਦਿਓਲ 'ਭਗਤ ਸਿੰਘ' ਬਣੇ।
ਇਸੇ ਫਿਲਮ 'ਚ ਸੰਨੀ ਦਿਓਲ ਨੇ ਚੰਦਰਸ਼ੇਖਰ ਆਜ਼ਾਦ ਦੀ ਭੂਮਿਕਾ ਨਿਭਾਈ। ਰਾਜਕੁਮਾਰ ਸੰਤੋਸ਼ੀ ਵਲੋਂ ਨਿਰਦੇਸ਼ਤ 'ਦਿ ਲੈਜ਼ੇਂਡ ਆਫ ਭਗਤ ਸਿੰਘ' 'ਚ ਅਜੈ ਦੇਵਗਨ ਨੇ ਸਰਦਾਰ ਭਗਤ ਸਿੰਘ ਦਾ ਕਿਰਦਾਰ ਨਿਭਾਇਆ। ਇਸ ਫਿਲਮ ਲਈ ਅਜੈ ਨੂੰ ਬੈਸਟ ਐਕਟਰ ਦਾ ਨੈਸ਼ਨਲ ਐਵਾਰਡ ਮਿਲਿਆ।
ਭਗਤ ਸਿੰਘ 'ਤੇ ਤੀਜੀ ਫਿਲਮ ਆਈ 'ਸ਼ਹੀਦੇ-ਆਜ਼ਮ', ਜਿਸ 'ਚ ਸੋਨੂੰ ਸੂਦ ਨੇ ਅਮਰ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ ਦਾ ਕਿਰਦਾਰ ਨਿਭਾਇਆ। ਇਸ ਫਿਲਮ ਨੂੰ ਸੁਕੁਮਾਰ ਨਾਇਰ ਨੇ ਡਾਇਰੈਕਟ ਕੀਤਾ ਸੀ।
ਰਾਕੇਸ਼ ਓਮਪ੍ਰਕਾਸ਼ ਮਹਿਰਾ ਦੀ 2006 ਦੀ ਫਿਲਮ 'ਰੰਗ ਦੇ ਬਸੰਤੀ' ਉਂਝ ਤਾਂ ਤਿੰਨ ਦੋਸਤਾਂ ਦੀ ਕਹਾਣੀ ਹੈ, ਜੋ ਰਾਜਨੀਤਿਕ ਭ੍ਰਿਸ਼ਟਾਚਾਰ ਵਿਰੁੱਧ ਐਲਾਨ-ਏ-ਜੰਗ ਕਰਦੇ ਹਨ ਪਰ ਫਿਲਮ ਦੇ ਸਕ੍ਰੀਨਪਲੇਅ 'ਚ ਚਾਰਾਂ ਦੇ ਮੁੱਖ ਕਿਰਦਾਰਾਂ ਦੀ ਤੁਲਨਾ ਦੇਸ਼ ਦੇ ਚਾਰ ਮਹਾਨ ਕ੍ਰਾਂਤੀਕਾਰੀਆਂ ਨਾਲ ਕੀਤੀ ਗਈ। ਇਨ੍ਹਾਂ 'ਚ ਆਮਿਰ ਖਾਨ- ਚੰਦਰਸ਼ੇਖਰ ਆਜ਼ਾਦ, ਸਿਧਾਰਥ- ਭਗਤ ਸਿੰਘ, ਸ਼ਰਮਨ ਜੋਸ਼ੀ- ਰਾਜਗੁਰੂ ਅਤੇ ਕੁਣਾਲ ਕਪੂਰ- ਅਸ਼ਫਾਕਉੱਲਾ ਖਾਂ ਦੇ ਰੂਪ 'ਚ ਦਿਖੇ।