ਜਲੰਧਰ 14 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫ਼ਿਲਮ ‘ਭੱਜੋ ਵੀਰੋ ਵੇ’ ਹੁਣ ਇਕ ਦਿਨ ਦੇਰੀ ਬਾਅਦ ਭਾਵ 15 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ। ਫ਼ਿਲਮ ਦੇ ਇਕ ਦਿਨ ਦੇਰੀ ਨਾਲ ਰਿਲੀਜ਼ ਹੋਣ ਦਾ ਕਾਰਨ ਤਕਨੀਕੀ ਹੈ। ਇਕ ਦਿਨ ਦੇਰੀ ਨਾਲ ਰਿਲੀਜ਼ ਹੋਣ ਕਰ ਕੇ ਜਿੱਥੇ ਦਰਸ਼ਕਾਂ ਵਿਚ ਕਾਰਨ ਜਾਣਨ ਦੀ ਉਤਸੁਕਤਾ ਪਾਈ ਜਾ ਰਹੀ ਸੀ, ਉਥੇ ਸਿਨੇਮਿਆਂ ਦੇ ਮਾਲਕ ਵੀ ਹੈਰਾਨ ਸਨ ਕਿ ਇਸ ਦੀ ਵਜ੍ਹਾ ਕੀ ਹੋਵੇਗੀ।ਸੋਸ਼ਲ ਮੀਡੀਆ ’ਤੇ ਫ਼ਿਲਮ ਦੇ ਇਕ ਦਿਨ ਦੇਰੀ ਨਾਲ ਰਿਲੀਜ਼ ਹੋਣ ਬਾਬਤ ਕਈ ਤਰ੍ਹਾਂ ਦੇ ਅੰਦਾਜ਼ੇ ਪੇਸ਼ ਕੀਤੇ ਜਾ ਰਹੇ ਸਨ। ਕੋਈ ਸੈਂਸਰ ਬੋਰਡ ਨੂੰ ਜ਼ਿੰਮੇਵਾਰ ਮੰਨ ਰਿਹਾ ਸੀ ਤੇ ਕੋਈ ਹੋਰ ਕਾਰਨ ਪਰ ਅੰਬਰਦੀਪ ਸਿੰਘ, ਸਿੰਮੀ ਚਾਹਲ ਤੇ ਬਾਕੀ ਸਾਰੇ ਕਲਾਕਾਰਾਂ ਨੇ ਸੋਸ਼ਲ ਮੀਡੀਆ ’ਤੇ ਜਾਣਕਾਰੀ ਸਾਂਝੀ ਕੀਤੀ ਕਿ ਇਕ ਦਿਨ ਦੇਰੀ ਹੋਣ ਦਾ ਸਾਡੇ ਵੱਲੋਂ ਕੋਈ ਕਾਰਨ ਨਹੀਂ ਸੀ ਪਰ ਹਰ ਫ਼ਿਲਮ ਕਿਉਂਕਿ ਕਈ ਪੜ੍ਹਾਵਾਂ ਵਿਚੋਂ ਲੰਘਦੀ ਹੈ, ਇਸ ਲਈ ਇਕ ਥਾਂ ’ਤੇ ਤਕਨੀਕੀ ਕਾਰਨ ਕਰਕੇ ਇਹ ਲੇਟ ਹੋਈ ਹੈ।
ਅੰਬਰਦੀਪ ਸਿੰਘ ਤੇ ਸਿੰਮੀ ਚਾਹਲ ਦੀ ਇਸ ਫ਼ਿਲਮ ਵਿਚ ਛੜਿਆਂ ਦੀ ਜ਼ਿੰਦਗੀ ਬਿਆਨ ਕੀਤੀ ਗਈ ਹੈ। ਫ਼ਿਲਮ ਦਾ ਸੋਸ਼ਲ ਮੀਡੀਆ ’ਤੇ ਪ੍ਰਚਾਰ ਜ਼ੋਰ ਸ਼ੋਰ ਨਾਲ ਚੱਲ ਰਿਹਾ ਹੈ। ਫ਼ਿਲਮ ਦੀ ਕਹਾਣੀ ਅਤੇ ਨਿਰਦੇਸ਼ਨ ਵੀ ਅੰਬਰਦੀਪ ਦਾ ਹੈ। ਫ਼ਿਲਮ ਵਿਚ ਜਿੱਥੇ ਸਾਡੇ ਪੇਂਡੂ ਸਮਾਜ ਲਈ ਇਕ ਵੱਡਾ ਸੁਨੇਹਾ ਹੈ, ਉਥੇ ਇਹ ਫ਼ਿਲਮ ਹਾਸੇ ਠੱਠੇ ਨਾਲ ਵੀ ਭਰਪੂਰ ਹੈ। ਫ਼ਿਲਮ ਵਿਚ ਨਿਰੇ ਪੁਰੇ ਚੁਟਕਲੇ ਨਹੀਂ, ਸਗੋਂ ‘ਰਿਦਮ ਬੁਆਏਜ਼’ ਤੇ ਅਮਰਿੰਦਰ ਗਿੱਲ ਦੀਆਂ ਪਹਿਲੀਆਂ ਫ਼ਿਲਮਾਂ ਵਾਂਗ ਇਸ ਵਿਚ ਕਹਾਣੀ ਅਾਧਾਰਤ ਕਾਮੇਡੀ ਹੈ।
ਫ਼ਿਲਮ ਦੇ ਨਿਰਮਾਤਾ ਕਾਰਜ ਗਿੱਲ, ਤਲਵਿੰਦਰ ਸਿੰਘ ਹੇਅਰ ਤੇ ਮੁਨੀਸ਼ ਸਾਹਨੀ ਹਨ। ਫ਼ਿਲਮ ਦੀ ਪਿਛੋਕੜ ਕਮਾਲ ਹੈ। ਟ੍ਰੇਲਰ ਨੇ ਜੋ ਪ੍ਰਭਾਵ ਸਿਰਜਿਆ ਹੈ, ਉਸ ਤੋਂ ਜਾਪਦਾ ਹੈ ਕਿ ਇਹ ਫ਼ਿਲਮ ਰਿਕਾਰਡਤੋੜ ਸਫ਼ਲਤਾ ਹਾਸਲ ਕਰਨ ਵਿਚ ਕਾਮਯਾਬ ਹੋਵੇਗੀ। ਫ਼ਿਲਮ ਦੀ ਪੂਰੀ ਟੀਮ ਦਾ ਕਹਿਣਾ ਹੈ ਕਿ ਦਰਸ਼ਕਾਂ ਦੀ ਉਡੀਕ ਦੀ ਅਸੀਂ ਕਦਰ ਕਰਦੇ ਹਾਂ। ਸਿਨੇਮਾ ਮਾਲਕਾਂ ਮੁਤਾਬਕ ਵੱਡੀ ਗਿਣਤੀ ਦਰਸ਼ਕਾਂ ਨੇ 14 ਤਰੀਕ ਨੂੰ ਪੁੱਛਿਆ ਕਿ ਫ਼ਿਲਮ ਰਿਲੀਜ਼ ਕਿਉਂ ਨਹੀਂ ਹੋ ਰਹੀ। ਅਸੀਂ ਸਭ ਨੂੰ ਵਾਜਬ ਕਾਰਨ ਦੱਸਿਆ ਤੇ ਹੁਣ ਉਨ੍ਹਾਂ ਨੂੰ ਆਸ ਹੈ ਕਿ 15 ਦਸੰਬਰ ਨੂੰ ਦਰਸ਼ਕ ਹੁੰਮ ਹੁਮਾ ਕੇ ਸਿਨੇਮਾ ਘਰਾਂ ਵਿਚ ਪਹੁੰਚਣਗੇ।