FacebookTwitterg+Mail

ਛੜਿਆਂ ਦੀ ਜ਼ਿੰਦਗੀ ਨੂੰ ਕਾਮੇਡੀ ਦਾ ਤੜਕਾ ਲਾਏਗੀ 'ਭੱਜੋ ਵੀਰੋ ਵੇ'

bhajjo veero ve starcast interview
14 December, 2018 01:46:21 PM

15 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ 'ਭੱਜੋ ਵੀਰੋ ਵੇ' 'ਚ ਅੰਬਰਦੀਪ ਸਿੰਘ, ਸਿਮੀ ਚਾਹਲ, ਗੁੱਗੂ ਗਿੱਲ, ਨਿਰਮਲ ਰਿਸ਼ੀ ਤੇ ਹੌਬੀ ਧਾਲੀਵਾਲ ਸਮੇਤ ਕਈ ਕਲਾਕਾਰ ਮੁੱਖ ਭੂਮਿਕਾ 'ਚ ਹਨ। ਫਿਲਮ ਦੀ ਕਹਾਣੀ ਅੰਬਰਦੀਪ ਸਿੰਘ ਨੇ ਲਿਖੀ ਤੇ ਇਸ ਨੂੰ ਡਾਇਰੈਕਟ ਵੀ ਖੁਦ ਅੰਬਰਦੀਪ ਸਿੰਘ ਨੇ ਕੀਤਾ ਹੈ। ਫਿਲਮ ਦੀ ਪ੍ਰਮੋਸ਼ਨਲ ਲਈ ਸਿਮੀ ਚਾਹਲ ਤੇ ਅੰਬਰਦੀਪ ਸਿੰਘ 'ਜਗ ਬਾਣੀ' ਦੇ ਦਫਤਰ ਪਹੁੰਚੇ, ਜਿਥੇ ਸਾਡੇ ਪ੍ਰਤੀਨਿਧੀ ਰਾਹੁਲ ਸਿੰਘ ਨਾਲ ਉਨ੍ਹਾਂ ਖਾਸ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼—

ਸਵਾਲ : ਫਿਲਮ ਦਾ ਟਾਈਟਲ 'ਭੱਜੋ ਵੀਰੋ ਵੇ' ਕਿਵੇਂ ਪਿਆ?
ਅੰਬਰਦੀਪ ਸਿੰਘ : ਫਿਲਮ 'ਚ 4 ਵੀਰੇ ਹਨ, ਜਿਨ੍ਹਾਂ ਦੇ ਵਿਆਹ ਨਹੀਂ ਹੁੰਦੇ। ਚਾਰਾਂ ਦਾ ਕੋਈ ਰਿਸ਼ਤੇਦਾਰ ਵੀ ਨਹੀਂ ਹੈ। ਉਨ੍ਹਾਂ ਨੂੰ ਹਰ ਪਾਸੋਂ ਮਾਰ ਪੈਂਦੀ ਹੈ। ਸਭ ਤੋਂ ਵੱਡੀ ਰੱਬ ਦੀ ਮਾਰ। ਜ਼ਿੰਦਗੀ 'ਚ ਬਸ ਉਨ੍ਹਾਂ ਦੇ ਭੱਜਣਾ ਹੀ ਲਿਖਿਆ ਹੈ। ਇਕ ਜਗ੍ਹਾ ਫਸ ਗਏ, ਉਥੋਂ ਭੱਜੇ, ਫਿਰ ਕਿਤੇ ਦੂਜੀ ਜਗ੍ਹਾ ਫਸ ਗਏ ਤੇ ਉਧਰੋਂ ਵੀ ਭੱਜਣਾ ਪੈਂਦਾ ਹੈ। ਪੂਰੀ ਫਿਲਮ 'ਚ ਉਹ ਭੱਜ ਰਹੇ ਹਨ, ਇਸ ਲਈ ਫਿਲਮ ਦਾ ਟਾਈਟਲ 'ਭੱਜੋ ਵੀਰੋ ਵੇ' ਰੱਖਿਆ ਗਿਆ।

ਸਵਾਲ : ਆਪਣੇ ਕਿਰਦਾਰ ਬਾਰੇ ਦੱਸੋ?
ਸਿਮੀ ਚਾਹਲ : ਮੈਂ ਫਿਲਮ 'ਚ ਸੁਮੀਤ ਨਾਂ ਦੀ ਕੁੜੀ ਦਾ ਕਿਰਦਾਰ ਨਿਭਾਅ ਰਹੀ ਹਾਂ ਪਰ ਕਿਰਦਾਰ ਨਾਲੋਂ ਜ਼ਿਆਦਾ ਮੈਨੂੰ ਸਕ੍ਰਿਪਟ ਖੂਬਸੂਰਤ ਲੱਗੀ। ਸੁਮੀਤ ਦਾ ਕਿਰਦਾਰ ਵੀ ਫਿਲਮ 'ਚ ਬਹੁਤ ਵਧੀਆ ਹੈ। ਫਿਲਮ 'ਚ ਉਹ ਭੂਰੇ ਨਾਂ ਦੇ ਮੁੰਡੇ ਨਾਲ ਪਿਆਰ ਕਰਨ ਲੱਗ ਜਾਂਦੀ ਹੈ। ਜੋ ਕੁਝ ਵੀ ਉਹ ਕਹਿੰਦੀ ਹੈ, ਉਹ ਸਟੈਂਡ ਲੈਂਦੀ ਹੈ ਤੇ ਆਪਣੀ ਗੱਲ 'ਤੇ ਖੜ੍ਹਦੀ ਹੈ। ਫਿਲਮ 'ਚ ਔਰਤਾਂ ਪ੍ਰਤੀ ਪਿਆਰ ਤੇ ਸਤਿਕਾਰ ਦੀ ਭਾਵਨਾ ਫਿਲਮ 'ਚ ਦਿਖਾਈ ਗਈ ਹੈ, ਜਿਸ ਨੇ ਮੈਨੂੰ ਖਿੱਚ ਲਿਆ।

ਸਵਾਲ : ਇਸ ਫਿਲਮ ਦਾ ਕੰਸੈਪਟ ਕਿਵੇਂ ਪਲਾਨ ਹੋਇਆ?
ਅੰਬਰਦੀਪ ਸਿੰਘ : ਕਿਸੇ ਵੀ ਫਿਲਮ ਦੀ ਕਹਾਣੀ ਸਾਡੇ ਆਲੇ-ਦੁਆਲੇ ਦੇ ਮਾਹੌਲ ਨੂੰ ਦੇਖ ਕੇ ਹੀ ਤਿਆਰ ਹੁੰਦੀ ਹੈ। ਮੈਂ ਇਹ ਕਹਿ ਸਕਦਾ ਹਾਂ ਕਿ ਇਹ ਮੇਰੇ ਘਰ ਦੀ ਹੀ ਕਹਾਣੀ ਹੈ ਕਿਉਂਕਿ ਮੇਰਾ ਚਾਚਾ ਛੜਾ ਹੈ। ਉਹ ਅਕਸਰ ਮੈਨੂੰ ਫੋਨ ਕਰਦੇ ਹਨ ਤੇ ਕਹਿੰਦੇ ਹਨ ਕਿ ਅੰਬਰ ਸਾਨੂੰ ਭੁੱਲ ਗਿਆ। ਮੈਂ ਹੁਣ ਉਨ੍ਹਾਂ ਨੂੰ ਚੰਗੀ ਤਰ੍ਹਾਂ ਯਾਦ ਕੀਤਾ ਤੇ ਫਿਲਮ ਹੀ ਉਨ੍ਹਾਂ ਨੂੰ ਡੈਡੀਕੇਡ ਕਰ ਦਿੱਤੀ। ਮੁੱਖ ਕੰਸੈਪਟ ਇਹੀ ਹੈ ਕਿ ਜੋ ਕੁਆਰੇ ਲੋਕ ਹਨ ਜਾਂ ਜਿਨ੍ਹਾਂ ਦੇ ਵਿਆਹ ਨਹੀਂ ਹੁੰਦੇ, ਉਹ ਜ਼ਿੰਦਗੀ ਨੂੰ ਕਿਵੇਂ ਦੇਖਦੇ ਹਨ।

ਸਵਾਲ : ਫਿਲਮ ਨੂੰ ਚੁਣਨ ਸਮੇਂ ਕਿਹੜੀ ਚੀਜ਼ ਦਿਮਾਗ 'ਚ ਹੁੰਦੀ ਹੈ?
ਸਿਮੀ ਚਾਹਲ : ਮੇਰੀ ਤਰਜੀਹ ਸਕ੍ਰਿਪਟ ਨੂੰ ਹੀ ਹੁੰਦੀ ਹੈ ਕਿ ਕੰਸੈਪਟ ਵਧੀਆ ਹੋਵੇ ਤੇ ਸਕ੍ਰਿਪਟ 'ਚ ਦਮ ਹੋਵੇ। ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਜਿੰਨੀਆਂ ਵਧੀਆ ਸਕ੍ਰਿਪਟਸ ਮੈਨੂੰ ਰਿਧਮ ਬੁਆਏਜ਼ ਵਲੋਂ ਆਫਰ ਹੁੰਦੀਆਂ ਹਨ, ਉਹ ਸਭ ਦੇਖ ਕੇ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਮਹਿਸੂਸ ਕਰਦੀ ਹਾਂ। ਕੁਝ ਲੋਕਾਂ ਨਾਲ ਤੁਹਾਡਾ ਮੈਂਟਲ ਲੈਵਲ ਮੈਚ ਕਰ ਜਾਂਦਾ ਹੈ। ਜਿਸ ਤਰ੍ਹਾਂ ਤੁਸੀਂ ਸੋਚਦੇ ਹੋ, ਉਸੇ ਤਰ੍ਹਾਂ ਕੋਈ ਦੂਜਾ ਸੋਚ ਰਿਹਾ ਹੁੰਦਾ ਹੈ। ਰਿਧਮ ਬੁਆਏਜ਼ ਨਾਲ ਕੰਮ ਕਰਕੇ ਇਸ ਲਈ ਮਜ਼ਾ ਆਉਂਦਾ ਹੈ ਤੇ ਰਿਧਮ ਬੁਆਏਜ਼ ਤੇ ਅੰਬਰਦੀਪ ਸਿੰਘ ਦਾ ਸ਼ਾਨਦਾਰ ਸੁਮੇਲ ਹੈ।

ਸਵਾਲ : ਫਿਲਮ ਦੀ ਕਹਾਣੀ-ਕਿਹੜੇ ਦਹਾਕੇ ਦੇ ਆਲੇ-ਦੁਆਲੇ ਬਣਾਈ ਗਈ ਹੈ?
ਅੰਬਰਦੀਪ ਸਿੰਘ : ਅਸੀਂ ਦਹਾਕਾ ਫਿਲਮ ਦਾ ਕੋਈ ਪਲਾਨ ਨਹੀਂ ਕੀਤਾ ਪਰ ਹਾਂ 1980 ਦੇ ਸਮੇਂ ਨੂੰ ਹੀ ਫਿਲਮ 'ਚ ਦਿਖਾਇਆ ਗਿਆ ਹੈ। ਸਿਮੀ ਦਾ ਕਿਰਦਾਰ ਫਿਲਮ 'ਚ ਇਕ ਮਾਡਰਨ ਫੈਮਿਲੀ ਦੀ ਕੁੜੀ ਦਾ ਹੈ। ਫਿਲਮ 'ਚ ਤੁਸੀਂ ਦੇਖੋਗੇ ਕਿ ਇਕ ਰਾਇਲ ਫੈਮਿਲੀ ਵੀ ਦਿਖਾਈ ਗਈ ਹੈ, ਜੋ ਉਸ ਸਮੇਂ ਅੰਗਰੇਜ਼ੀ ਬੋਲਦੀ ਸੀ। ਪਿੰਡ ਦੇ ਮਾਹੌਲ ਦੇ ਨਾਲ-ਨਾਲ ਸ਼ਹਿਰੀ ਲੋਕ ਵੀ ਫਿਲਮ 'ਚ ਦੇਖਣ ਨੂੰ ਮਿਲਣਗੇ। ਤਿੰਨ ਅਲੱਗ-ਅਲੱਗ ਪਰਿਵਾਰਾਂ ਦਾ ਫਲੇਵਰ ਫਿਲਮ 'ਚ ਦੇਖਣ ਨੂੰ ਮਿਲੇਗਾ।

ਸਵਾਲ : ਕਿਰਦਾਰ 'ਚ ਢਲਣ ਲਈ ਕਿੰਨੀ ਮਿਹਨਤ ਕੀਤੀ?
ਸਿਮੀ ਚਾਹਲ : ਅੰਬਰਦੀਪ ਸਿੰਘ ਨੇ ਮੇਰੇ ਲਈ ਆਸਾਨ ਕਰ ਦਿੱਤਾ ਹੈ। ਮੈਨੂੰ ਹਮੇਸ਼ਾ ਦੱਸਦੇ ਰਹਿੰਦੇ ਸਨ ਕਿ ਕਿਵੇਂ ਕਰਨਾ ਹੈ। ਅੰਬਰਦੀਪ ਫਿਲਮ 'ਚ ਵੈਸੇ ਵੀ ਤਿੰਨ ਕੰਮ ਕਰ ਰਹੇ ਹਨ, ਜੋ ਬਹੁਤ ਵੱਡੀ ਗੱਲ ਹੈ। ਲਿਖਣਾ, ਐਕਟ ਕਰਨਾ ਹੈ ਫਿਰ ਡਾਇਰੈਕਟ ਵੀ ਕਰਨਾ। ਅੰਬਰਦੀਪ ਜੀ ਦੀ ਇਹ ਗੱਲ ਬਹੁਤ ਚੰਗੀ ਹੈ ਕਿ ਉਹ ਫਿਲਮ ਦਾ ਪੂਰਾ ਧਿਆਨ ਰੱਖਦੇ ਹਨ। ਛੋਟੀ ਤੋਂ ਛੋਟੀ ਗੱਲ ਵੀ ਉਹ ਬਾਰੀਕੀ ਨਾਲ ਦੇਖਦੇ ਹਨ। ਇਕ-ਇਕ ਡਾਇਲਾਗ 'ਤੇ ਕੰਮ ਕਰਦੇ ਹਨ ਤੇ ਉਨ੍ਹਾਂ ਨੂੰ ਪਤਾ ਹੁੰਦਾ ਹੈ ਕਿ ਕੀ ਚਾਹੀਦਾ ਹੈ। ਸੋ ਕਿਰਦਾਰ 'ਚ ਢਲਣ 'ਚ ਵੀ ਜ਼ਿਆਦਾ ਮੁਸ਼ਕਿਲ ਨਹੀਂ ਆਈ।

ਸਵਾਲ : ਭੂਰੇ ਦਾ ਕਿਰਦਾਰ ਕਿਸ ਤਰ੍ਹਾਂ ਦਾ ਹੈ?
ਅੰਬਰਦੀਪ ਸਿੰਘ : ਭੂਰਾ ਬਹੁਤ ਹੀ ਸ਼ਰੀਫ ਮੁੰਡਾ ਹੈ। ਗਰੀਬ ਘਰ ਦਾ ਮੁੰਡਾ ਹੈ। ਮੱਧ ਵਰਗੀ ਕਿਸਾਨ ਹੈ। ਪੜ੍ਹਿਆ-ਲਿਖਿਆ ਮੁੰਡਾ ਹੈ ਤੇ ਜਿਨ੍ਹਾਂ ਚੀਜ਼ਾਂ ਤੋਂ ਉਸ ਨੂੰ ਡਰ ਲੱਗਦਾ ਹੈ, ਉਹ ਫਿਲਮ 'ਚ ਉਸ ਨੂੰ ਕਰਨੀਆਂ ਪੈਂਦੀਆਂ ਹਨ। ਸ਼ਿਵ ਕੁਮਾਰ ਬਟਾਲਵੀ ਦੀਆਂ ਗੱਲਾਂ ਕਰਨ ਵਾਲੇ ਮੁੰਡੇ ਨੂੰ ਇਕ ਦਿਨ ਬੰਦੂਕ ਚੁੱਕਣੀ ਪੈਂਦੀ ਹੈ।

ਸਵਾਲ : ਫਿਲਮ 'ਚ ਗੁੱਗੂ ਗਿੱਲ ਵੀ ਮੁੱਖ ਭੂਮਿਕਾ 'ਚ ਹਨ। ਉਨ੍ਹਾਂ ਬਾਰੇ ਦੱਸੋ?
ਅੰਬਰਦੀਪ ਸਿੰਘ : ਮੈਂ ਉਨ੍ਹਾਂ ਦੀਆਂ ਫਿਲਮਾਂ ਦੇਖ ਕੇ ਹੀ ਵੱਡਾ ਹੋਇਆ ਹਾਂ। ਗੁੱਗੂ ਗਿੱਲ ਸਾਡੀ ਇੰਡਸਟਰੀ ਦੇ ਲੇਜੰਡ ਹਨ। ਆਪਣੇ ਕੰਮ ਨੂੰ ਲੈ ਕੇ ਉਹ ਬਹੁਤ ਡੈਡੀਕੇਟਿਡ ਹਨ। ਜਦੋਂ ਉਹ ਸੈੱਟ 'ਤੇ ਆਉਂਦੇ ਹਨ ਤਾਂ ਸਭ ਤੋਂ ਪਹਿਲਾਂ ਕੈਮਰੇ ਨੂੰ ਮੱਥਾ ਟੇਕਦੇ ਹਨ।

ਸਵਾਲ : ਆਉਣ ਵਾਲੇ ਪ੍ਰਾਜੈਕਟਸ ਬਾਰੇ ਦੱਸੋ?
ਅੰਬਰਦੀਪ ਸਿੰਘ : ਇਕ ਬਹੁਤ ਵਧੀਆ ਕੰਸੈਪਟ ਹੈ, ਜਿਸ ਦੀ ਸਕ੍ਰਿਪਟ ਫਾਈਨਲ ਹੋ ਗਈ ਹੈ। ਚੰਗੇ ਪੱਧਰ ਦੀ ਫਿਲਮ ਹੈ, ਇਕ ਸਰਪ੍ਰਾਈਜ਼ ਹੋਵੇਗਾ ਦਰਸ਼ਕਾਂ ਲਈ। ਸਾਡੀ ਫਿਲਮ ਇੰਡਸਟਰੀ ਲਈ ਵੀ ਇਕ ਵਧੀਆ ਕੰਸੈਪਟ ਹੈ। ਪੂਰੀ ਇੰਡਸਟਰੀ ਉਹ ਕੰਸੈਪਟ ਦੇਖ ਕੇ ਖੁਸ਼ ਹੋਵੇਗੀ।

'ਫਿਲਮ 'ਚ ਵਿਆਹ ਦਾ ਇਕ ਜ਼ਿਕਰ ਹੈ। ਇਸ ਤੋਂ ਇਲਾਵਾ ਫਿਲਮ 'ਚ ਬਹੁਤ ਕੁਝ ਹੈ। ਜਿਸ ਵਿਅਕਤੀ ਦੀ ਜ਼ਿੰਦਗੀ 'ਚ ਕੁਝ ਨਹੀਂ ਹੈ, ਉਸ ਦੇ ਨਜ਼ਰੀਏ ਨਾਲ ਸਾਰੀ ਦੁਨੀਆ ਦੇਖੀ ਗਈ ਹੈ ਤੇ ਫਿਲਮ 'ਚ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।' —ਅੰਬਰਦੀਪ ਸਿੰਘ

'ਭੱਜੋ ਵੀਰੋ ਵੇ' ਇਕ ਐਂਟਰਟੇਨਿੰਗ ਫਿਲਮ ਹੈ। ਇਸ ਫਿਲਮ ਨੂੰ ਦੇਖਣ ਤੋਂ ਬਾਅਦ ਤੁਹਾਡੇ ਚਿਹਰਿਆਂ 'ਤੇ ਮੁਸਕਰਾਹਟ ਹੋਵੇਗੀ। ਫਿਲਮ ਤੁਹਾਨੂੰ ਨਿਰਾਸ਼ ਨਹੀਂ ਕਰੇਗੀ ਤੇ ਸਾਲ ਦੇ ਖਤਮ ਹੋਣ ਦੇ ਨਾਲ ਇਕ ਚੰਗਾ ਸੁਨੇਹਾ ਦਰਸ਼ਕਾਂ ਨੂੰ ਦੇ ਕੇ ਜਾਵੇਗੀ।' —ਸਿਮੀ ਚਾਹਲ


Tags: Bhajjo Veero Ve Interview Amberdeep Singh Simi Chahal

Edited By

Sunita

Sunita is News Editor at Jagbani.