ਜਲੰਧਰ(ਬਿਊਰੋ)— ਸੁਪਰਹਿੱਟ ਫ਼ਿਲਮ 'ਵੇਖ ਬਰਾਤਾਂ ਚੱਲੀਆਂ' ਨਾਲ ਪੰਜਾਬੀ ਸਿਨੇਮਾ 'ਚ ਕਮਾਲ ਦੀ ਹਾਜ਼ਰੀ ਲਵਾਉਣ ਵਾਲੇ ਗਾਇਕ ਰਣਜੀਤ ਬਾਵਾ ਦੀ ਬਤੌਰ ਹੀਰੋ ਫ਼ਿਲਮ 'ਭਲਵਾਨ ਸਿੰਘ' 27 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ, ਜਿਸ ਨੂੰ ਕੁਝ ਹੀ ਦਿਨਾਂ 'ਚ 15 ਲੱਖ ਦੇ ਕਰੀਬ ਲੋਕਾਂ ਵਲੋਂ ਪਸੰਦ ਕੀਤਾ ਗਿਆ ਹੈ। ਇਸ ਫ਼ਿਲਮ 'ਚ ਰਣਜੀਤ ਬਾਵਾ ਦਾ ਇਕ ਵੱਖਰਾ ਰੂਪ ਦੇਖਣ ਨੂੰ ਮਿਲੇਗਾ, ਜਿਥੇ ਉਹ ਗੋਰੀ ਸਰਕਾਰ ਨਾਲ ਆਪਣੀ ਸੋਚ ਮੁਤਾਬਕ ਲੋਹਾ ਲੈਣ ਦੀ ਕੋਸ਼ਿਸ਼ ਕਰੇਗਾ। ਉਸ ਦਾ ਦੇਸੀ ਸਟਾਈਲ ਵੀ ਸਭ ਨੂੰ ਪਸੰਦ ਆਏਗਾ। ਫ਼ਿਲਮ 'ਚ ਰਣਜੀਤ ਬਾਵਾ ਨਾਲ ਨਵਪ੍ਰੀਤ ਬੰਗਾ, ਕਰਮਜੀਤ ਅਨਮੋਲ, ਰਾਣਾ ਜੰਗ ਬਹਾਦਰ, ਮਾਨਵ ਵਿੱਜ ਤੇ ਮਹਾਬੀਰ ਭੁੱਲਰ ਦਿਖਾਈ ਦੇਣਗੇ।
'ਭਲਵਾਨ ਸਿੰਘ' ਫ਼ਿਲਮ ਦਾ ਨਿਰਦੇਸ਼ਨ ਪਰਮ ਸ਼ਿਵ ਵਲੋਂ ਕੀਤਾ ਗਿਆ ਹੈ ਅਤੇ ਕਹਾਣੀ ਸੁਖਰਾਜ ਸਿੰਘ ਦੀ ਲਿਖੀ ਹੋਈ ਹੈ। ਸਕਰੀਨ ਪਲੇਅ ਕਰਨ ਸੰਧੂ ਤੇ ਧੀਰਜ ਕੁਮਾਰ ਦਾ ਹੈ ਅਤੇ ਗੀਤ ਬੀਰ ਦੇ ਹਨ। ਫ਼ਿਲਮ ਦੇ ਪ੍ਰੋਡਿਊਸਰ ਅਮਰਦੀਪ ਵਿਰਕ, ਕਾਰਜ ਗਿੱਲ ਅਤੇ ਜਸਪਾਲ ਸੰਧੂ ਹਨ। ਫ਼ਿਲਮ ਨੂੰ 'ਨਦਰ ਫਿਲਮਜ਼', 'ਜੇ ਸਟੂਡੀਓ' ਅਤੇ 'ਰਿਦਮ ਬੁਆਏਜ਼ ਐਂਟਰਟੇਨਮੈਂਟ' ਵੱਲੋਂ ਰਿਲੀਜ਼ ਕੀਤਾ ਜਾ ਰਿਹਾ ਹੈ।
ਵਰਣਨਯੋਗ ਹੈ ਕਿ ਇਸ ਬੈਨਰ ਵਲੋਂ ਰਿਲੀਜ਼ ਕੀਤੀਆਂ ਸਾਰੀਆਂ ਫ਼ਿਲਮਾਂ ਨੇ ਪੰਜਾਬੀ ਸਿਨੇਮਾ ਦਾ ਗ੍ਰਾਫ਼ ਉੱਚਾ ਚੁੱਕਣ 'ਚ ਯੋਗਦਾਨ ਪਾਇਆ ਹੈ। ਇਸੇ ਸਾਲ ਇਸ ਬੈਨਰ ਦੀ ਫ਼ਿਲਮ 'ਲਾਹੌਰੀਏ' ਅਤੇ 'ਵੇਖ ਬਰਾਤਾਂ ਚੱਲੀਆਂ' ਨੇ ਕਮਾਲ ਦੀ ਕਾਮਯਾਬੀ ਹਾਸਲ ਕੀਤੀ। ਜ਼ਿਕਰਯੋਗ ਹੈ ਕਿ ਪੰਜਾਬੀ ਸਿਨੇਮਾ 'ਚ ਅੱਜ ਤੱਕ ਇਹੋ ਜਿਹੀ ਫ਼ਿਲਮ ਸਾਹਮਣੇ ਨਹੀਂ ਆਈ, ਜਿਸ 'ਚ ਇਕ ਸਾਧਾਰਨ ਨੌਜਵਾਨ ਦੇਸ਼ ਲਈ ਕੁਝ ਕਰਨ ਦਾ ਜਜ਼ਬਾ ਰੱਖਦਾ ਹੋਵੇ। ਇਹ ਫ਼ਿਲਮ 1938 ਦੇ ਪੰਜਾਬ ਦੀ ਕਹਾਣੀ ਹੈ। ਫ਼ਿਲਮ 'ਚ ਜਿਥੇ ਇਕ ਪਾਸੇ ਨੌਜਵਾਨ ਦਾ ਜਜ਼ਬਾ ਦੇਖਣ ਨੂੰ ਮਿਲੇਗਾ, ਉਥੇ ਹੀ ਪੁਰਾਣੇ ਪੰਜਾਬ ਦੇ ਦਰਸ਼ਨ ਵੀ ਹੋਣਗੇ।