ਜਲੰਧਰ(ਬਿਊਰੋ)— ਪਾਲੀਵੁੱਡ ਇੰਡਸਟਰੀ ਨੂੰ ਨਵੀਂ ਸੇਧ ਦੇਵੇਗੀ ਨਾਮੀ ਗਾਇਕ ਰਣਜੀਤ ਬਾਵਾ ਦੀ ਆਉਣ ਵਾਲੀ ਪੰਜਾਬੀ ਫਿਲਮ 'ਭਲਵਾਨ ਸਿੰਘ'। ਇਸ ਫ਼ਿਲਮ 'ਚ ਰਣਜੀਤ ਬਾਵਾ ਦਾ ਇਕ ਵੱਖਰਾ ਰੂਪ ਦੇਖਣ ਨੂੰ ਮਿਲੇਗਾ, ਜਿਥੇ ਉਹ ਗੋਰੀ ਸਰਕਾਰ ਨਾਲ ਆਪਣੀ ਸੋਚ ਮੁਤਾਬਕ ਲੋਹਾ ਲੈਣ ਦੀ ਕੋਸ਼ਿਸ਼ ਕਰੇਗਾ। ਉਨ੍ਹਾਂ ਦਾ ਦੇਸੀ ਸਟਾਈਲ ਵੀ ਸਭ ਨੂੰ ਪਸੰਦ ਆਏਗਾ। ਫ਼ਿਲਮ 'ਚ ਰਣਜੀਤ ਬਾਵਾ ਨਾਲ ਨਵਪ੍ਰੀਤ ਬੰਗਾ, ਕਰਮਜੀਤ ਅਨਮੋਲ, ਰਾਣਾ ਜੰਗ ਬਹਾਦਰ, ਮਾਨਵ ਵਿੱਜ ਤੇ ਮਹਾਬੀਰ ਭੁੱਲਰ ਦਿਖਾਈ ਦੇਣਗੇ। ਕੁਝ ਦਿਨ ਪਹਿਲਾ 'ਭਲਵਾਨ ਸਿੰਘ' ਦਾ ਟਰੇਲਰ ਰਿਲੀਜ਼ ਹੋਇਆ ਸੀ, ਜਿਸ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਖਬਰ ਲਿਖਣ ਮੁਤਾਬਕ ਟਰੇਲਰ ਨੂੰ 1,396,898 ਤੋਂ ਵਧ ਵਾਰ ਦੇਖਿਆ ਗਿਆ ਹੈ। ਟਰੇਲਰ 'ਚ ਰਣਜੀਤ ਬਾਵਾ ਤੇ ਕਰਮਜੀਤ ਅਨਮੋਲ ਦਾ ਅਨੌਖਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਟਰੇਲਰ 'ਚ ਰਣਜੀਤ ਬਾਵਾ ਆਪਣੇ ਆਪ ਨੂੰ 'ਜ਼ਬਰਾ ਬਾਈ' ਵਰਗਾ ਸਾਬਿਤ ਕਰਨ ਦੀ ਕੋਸ਼ਿਸ਼ ਕਰਦਾ ਦਿਖਾਇਆ ਗਿਆ ਹੈ। ਖਬਰ ਲਿਖਣ ਟਰੇਲਰ ਦੇਖ ਕੇ ਲੱਗ ਰਿਹਾ ਹੈ ਕਿ ਇਹ ਫਿਲਮ ਪੰਜਾਬੀ ਸਿਨਮੇ ਨੂੰ ਨਵੀਂ ਸੇਧ ਪ੍ਰਧਾਨ ਕਰੇਗੀ।
ਜ਼ਿਕਰਯੋਗ ਹੈ ਕਿ ਪੰਜਾਬੀ ਸਿਨੇਮਾ 'ਚ ਅੱਜ ਤੱਕ ਇਹੋ ਜਿਹੀ ਫ਼ਿਲਮ ਸਾਹਮਣੇ ਨਹੀਂ ਆਈ, ਜਿਸ 'ਚ ਇਕ ਸਾਧਾਰਨ ਨੌਜਵਾਨ ਦੇਸ਼ ਲਈ ਕੁਝ ਕਰਨ ਦਾ ਜਜ਼ਬਾ ਰੱਖਦਾ ਹੋਵੇ। ਇਹ ਫ਼ਿਲਮ 1938 ਦੇ ਪੰਜਾਬ ਦੀ ਕਹਾਣੀ ਹੈ। ਫ਼ਿਲਮ 'ਚ ਜਿਥੇ ਇਕ ਪਾਸੇ ਨੌਜਵਾਨ ਦਾ ਜਜ਼ਬਾ ਦੇਖਣ ਨੂੰ ਮਿਲੇਗਾ, ਉਥੇ ਹੀ ਪੁਰਾਣੇ ਪੰਜਾਬ ਦੇ ਦਰਸ਼ਨ ਵੀ ਹੋਣਗੇ। 'ਭਲਵਾਨ ਸਿੰਘ' ਫ਼ਿਲਮ ਦਾ ਨਿਰਦੇਸ਼ਨ ਪਰਮ ਸ਼ਿਵ ਵਲੋਂ ਕੀਤਾ ਗਿਆ ਹੈ ਅਤੇ ਕਹਾਣੀ ਸੁਖਰਾਜ ਸਿੰਘ ਦੀ ਲਿਖੀ ਹੋਈ ਹੈ। ਸਕਰੀਨ ਪਲੇਅ ਕਰਨ ਸੰਧੂ ਤੇ ਧੀਰਜ ਕੁਮਾਰ ਦਾ ਹੈ ਅਤੇ ਗੀਤ ਬੀਰ ਦੇ ਹਨ। ਫ਼ਿਲਮ ਦੇ ਪ੍ਰੋਡਿਊਸਰ ਅਮਰਦੀਪ ਵਿਰਕ, ਕਾਰਜ ਗਿੱਲ ਅਤੇ ਜਸਪਾਲ ਸੰਧੂ ਹਨ। ਫ਼ਿਲਮ ਨੂੰ 'ਨਦਰ ਫਿਲਮਜ਼', 'ਜੇ ਸਟੂਡੀਓ' ਅਤੇ 'ਰਿਦਮ ਬੁਆਏਜ਼ ਐਂਟਰਟੇਨਮੈਂਟ' ਵੱਲੋਂ 27 ਅਕਤੂਬਰ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ।