ਜਲੰਧਰ(ਬਿਊਰੋ)— ਪੰਜਾਬੀ ਫਿਲਮ ਇੰਡਸਟਰੀ ਨੂੰ ਨਵੀਂ ਸੇਧ ਦੇਣ ਜਾ ਰਹੀ ਹੈ ਨਾਮੀ ਗਾਇਕ ਰਣਜੀਤ ਬਾਵਾ ਦੀ ਆਉਣ ਵਾਲੀ ਫਿਲਮ 'ਭਲਵਾਨ ਸਿੰਘ'। ਇਸ ਫਿਲਮ ਦੇ ਟਰੇਲਰ 'ਚ ਰਣਜੀਤ ਬਾਵਾ ਦਾ ਇਕ ਵੱਖਰਾ ਹੀ ਰੂਪ ਦੇਖਣ ਨੂੰ ਮਿਲ ਰਿਹਾ ਹੈ, ਜਿਥੇ ਉਹ ਅੰਗਰੇਜਾਂ ਤੇ ਉਨ੍ਹਾਂ ਦੀ ਸਰਕਾਰ ਨਾਲ ਆਪਣੀ ਸੋਚ ਮੁਤਾਬਕ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ।
ਉਨ੍ਹਾਂ ਦੀ ਠੇਠ ਪੰਜਾਬੀ ਦਾ ਢੰਗ ਸਭ ਨੂੰ ਪਸੰਦ ਆ ਰਿਹਾ ਹੈ। ਰਣਜੀਤ ਬਾਵਾ ਨਾਲ ਨਵਪ੍ਰੀਤ ਬੰਗਾ, ਕਰਮਜੀਤ ਅਨਮੋਲ, ਰਾਣਾ ਜੰਗ ਬਹਾਦਰ, ਮਾਨਵ ਵਿੱਜ ਤੇ ਮਹਾਬੀਰ ਭੁੱਲਰ ਵੀ ਫਿਲਮ 'ਚ ਨਜ਼ਰ ਆਉਣਗੇ। ਕੁਝ ਦਿਨ ਪਹਿਲਾਂ ਹੀ 'ਭਲਵਾਨ ਸਿੰਘ' ਦਾ ਟਰੇਲਰ ਰਿਲੀਜ਼ ਹੋਇਆ ਸੀ, ਜੋ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫਿਲਮ 'ਚ ਰਣਜੀਤ ਬਾਵਾ ਤੇ ਕਰਮਜੀਤ ਅਨਮੋਲ ਦਾ ਵੱਖ ਤੇ ਦਿਲ ਖਿੱਚਵਾਂ ਅੰਦਾਜ਼ ਦੇਖਣ ਨੂੰ ਮਿਲੇਗਾ।
ਦੱਸਣਯੋਗ ਹੈ ਕਿ ਪੰਜਾਬੀ ਸਿਨੇਮਾ 'ਚ ਹਾਲੇ ਤੱਕ ਇਹੋ ਜਿਹੀ ਫਿਲਮ ਸਾਹਮਣੇ ਨਹੀਂ ਆਈ ਹੈ ਜਿਸ 'ਚ ਇਕ ਸਾਧਾਰਨ ਜਿਹਾ ਦਿਖਣ ਵਾਲਾ ਨੌਜਵਾਨ ਦੇਸ਼ ਲਈ ਕੁੱਝ ਕਰਨ ਦਾ ਜਜ਼ਬਾ ਰੱਖਦਾ ਹੋਵੇ। ਇਹ ਫ਼ਿਲਮ 1938 ਦੇ ਪੰਜਾਬ ਦੀ ਕਹਾਣੀ ਹੈ ਜਿਥੇ ਇਕ ਪਾਸੇ ਤਾਂ ਨੌਜਵਾਨ ਦਾ ਜਜ਼ਬਾ ਦੇਖਣ ਨੂੰ ਮਿਲੇਗਾ, ਉਥੇ ਹੀ ਪੁਰਾਣੇ ਪੰਜਾਬੀ ਸਭਿਆਚਾਰ ਦੇ ਦਰਸ਼ਨ ਵੀ ਹੋਣਗੇ।
ਅਦਾਕਾਰ ਤੇ ਗਾਇਕ ਰਣਜੀਤ ਬਾਵਾ ਦੀ ਫ਼ਿਲਮ ਪਹਿਲਾਂ ਵੀ ਹਿੱਟ ਹੋਈ ਹੈ। ਉਨ੍ਹਾਂ ਦੀ ਅਦਾਕਾਰੀ ਲੋਕਾਂ ਨੂੰ ਆਪਣੇ ਵੱਲ ਖਿੱਚਦੀ ਹੈ ਭਾਵੇਂ ਉਹ 'ਵੇਖ ਬਰਾਤਾਂ ਚੱਲਿਆਂ' ' ਹੋਵੇ ਜਾਂ ਫ਼ਿਰ 'ਤੂਫਾਨ ਸਿੰਘ'। 'ਭਲਵਾਨ ਸਿੰਘ' ਦਾ ਨਿਰਦੇਸ਼ਨ ਪਰਮ ਸ਼ਿਵ ਨੇ ਕੀਤਾ ਹੈ ਅਤੇ ਕਹਾਣੀ ਸੁਖਰਾਜ ਸਿੰਘ ਦੀ ਲਿਖੀ ਹੋਈ ਹੈ। ਸਕ੍ਰੀਨ ਪਲੇਅ ਕਰਨ ਸੰਧੂ ਤੇ ਧੀਰਜ ਕੁਮਾਰ ਦਾ ਹੈ ਅਤੇ ਗੀਤ ਬੀਰ ਨੇ ਦਿੱਤੇ ਹਨ।
ਫ਼ਿਲਮ ਦੇ ਨਿਰਮਾਤਾ ਅਮੀਕ ਸਿੰਘ ਵਿਰਕ, ਕਾਰਜ ਗਿੱਲ ਅਤੇ ਜਸਪਾਲ ਸੰਧੂ ਹਨ। ਫ਼ਿਲਮ ਨੂੰ 'ਨਦਰ ਫਿਲਮਜ਼', 'ਜੇ ਸਟੂਡੀਓ' ਅਤੇ 'ਰਿਦਮ ਬੁਆਏਜ਼ ਐਂਟਰਟੇਨਮੈਂਟ' ਵੱਲੋਂ 27 ਅਕਤੂਬਰ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ। ਇਨ੍ਹਾਂ ਦੀ ਜੋੜੀ ਦੀ ਫ਼ਿਲਮਾਂ ਪਹਿਲਾਂ ਵੀ ਨਵੀਂ ਸੇਧ ਸਾਬਿਤ ਹੋਈ ਹੈ।