ਜਲੰਧਰ(ਬਿਊਰੋ)— 27 ਅਕਤੂਬਰ ਨੂੰ ਸਿਨੇਮਾਘਰਾਂ 'ਚ ਵੱਖਰੀਆਂ ਹੀ ਬੁਲੰਦੀਆਂ 'ਤੇ ਲੈ ਕੇ ਜਾਵੇਗੀ ਨਾਮੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਦੀ ਪੰਜਾਬੀ ਫਿਲਮ 'ਭਲਵਾਨ ਸਿੰਘ'। ਇਨੀ ਦਿਨੀਂ ਫਿਲਮ ਦੀ ਸਟਾਰ ਕਾਸਟ ਫਿਲਮ ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਫਿਲਮ ਦਾ ਪ੍ਰਮੋਸ਼ਨ ਪੂਰੇ ਜ਼ੋਰਾਂ-ਸ਼ੋਰਾਂ ਨਾਲ ਕੀਤਾ ਜਾ ਰਿਹਾ ਹੈ। ਰਣਜੀਤ ਬਾਵਾ ਦੇ ਮੈਨੇਜਰ ਡਿਪਟੀ ਵੋਹਰਾ ਨੇ ਇਕ ਕਾਨਫੰਰਸ 'ਚ 'ਭਲਵਾਨ ਸਿੰਘ' ਨੂੰ ਲੈ ਕੇ ਕਿਹਾ ਕਿ, ਇਹ ਫਿਲਮ ਲੋਕਾਂ ਨੂੰ ਨਿਰਾਸ਼ ਨਹੀਂ ਕਰੇਗੀ ਤੇ ਉਨ੍ਹਾਂ ਦੀਆਂ ਉਮੀਦਾਂ 'ਤੇ ਖਰੀ ਉਤਰੇਗੀ।
'ਭਲਵਾਨ ਸਿੰਘ' 'ਚ ਰਣਜੀਤ ਬਾਵਾ ਤੇ ਨਵਪ੍ਰੀਤ ਬੰਗਾ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲੇਗੀ। ਫਿਲਮ 'ਚ ਪੁਰਾਤਨ ਪੰਜਾਬ ਤੇ ਗੋਰਿਆਂ ਦੇ ਸਾਮਰਾਜ ਨੂੰ ਖੂਬਸੂਰਤੀ ਨਾਲ ਪੇਸ਼ ਕੀਤਾ ਗਿਆ ਹੈ, ਜੋ ਪੰਜਾਬੀ ਇੰਡਸਟਰੀ ਨੂੰ ਚਾਰ ਚੰਨ ਲਾਵੇਗੀ। ਇਹ ਫਿਲਮ ਉਸ ਵੇਲੇ ਨਾਲ ਸਬੰਧਤ ਹੈ, ਜਦੋਂ ਭਾਰਤ ਵਿਚ ਅੰਗਰੇਜ਼ਾਂ ਦਾ ਰਾਜ ਹੁੰਦਾ ਸੀ। ਆਜ਼ਾਦੀ ਦੇ ਪ੍ਰਵਾਨੇ ਆਪੋ-ਆਪਣੇ ਢੰਗ-ਤਰੀਕਿਆਂ ਨਾਲ ਦੇਸ਼ ਨੂੰ ਗੁਲਾਮੀ ਦੇ ਜੂਲੇ 'ਚੋਂ ਕੱਢਣਾ ਚਾਹੁੰਦੇ ਸਨ। ਉਸ ਦੌਰ ਵਿਚ ਇਕ ਸਿੱਧੜ ਜਿਹਾ ਪੰਜਾਬੀ ਮੁੰਡਾ ਕਿਵੇਂ ਅੰਗਰੇਜ਼ਾਂ ਨੂੰ ਦੇਸ਼ ਵਿਚੋਂ ਭਜਾਉਣ ਲਈ ਦਿਮਾਗ ਲੜਾਉਂਦਾ ਹੈ ਅਤੇ ਉਹ ਇਸ ਉਪਰਾਲੇ 'ਚ ਕਿੰਨਾ ਕੁ ਕਾਮਯਾਬ ਹੁੰਦਾ ਹੈ।
ਲੀਕ ਤੋਂ ਹਟ ਕੇ ਫਿਲਮਾਂ ਬਣਾਉਣ ਵਾਲੇ ਬੈਨਰ ਵੱਲੋਂ ਇਸ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਪੰਜਾਬੀ ਸਿਨੇਮਾ ਪ੍ਰਤੀ ਵੱਖਰਾ ਨਜ਼ਰੀਆ ਰੱਖਣ ਵਾਲੇ ਇਸ ਦੇ ਨਿਰਮਾਤਾ ਹਨ। ਇਨ੍ਹਾਂ ਨਿਰਮਾਤਾਵਾਂ ਨੇ ਹੁਣ ਤੱਕ ਦਰਜਨਾਂ ਪੰਜਾਬੀ ਫਿਲਮਾਂ ਸਿਨੇਮਾ ਨੂੰ ਦਿੱਤੀਆਂ, ਜਿਨ੍ਹਾਂ ਕਰਕੇ ਪੰਜਾਬੀ ਸਿਨੇਮਾ ਲਗਾਤਾਰ ਉਚਾਈਆਂ ਛੂਹਣ ਲੱਗਾ। 'ਭਲਵਾਨ ਸਿੰਘ' 'ਚ ਰਣਜੀਤ ਬਾਵਾ ਤੇ ਨਵਪ੍ਰੀਤ ਬੰਗਾ ਤੋਂ ਇਲਾਵਾ ਕਰਮਜੀਤ ਅਨਮੋਲ, ਰਾਣਾ ਜੰਗ ਬਹਾਦਰ, ਮਾਨਵ ਵਿੱਜ ਤੇ ਮਹਾਬੀਰ ਭੁੱਲਰ ਦਿਖਾਈ ਦੇਣਗੇ। ਫਿਲਮ ਦਾ ਨਿਰਦੇਸ਼ਨ ਪਰਮ ਸ਼ਿਵ ਵੱਲੋਂ ਕੀਤਾ ਗਿਆ ਹੈ ਅਤੇ ਕਹਾਣੀ ਸੁਖਰਾਜ ਸਿੰਘ ਦੀ ਲਿਖੀ ਹੋਈ ਹੈ। ਸਕਰੀਨਪਲੇਅ ਕਰਨ ਸੰਧੂ ਤੇ ਧੀਰਜ ਕੁਮਾਰ ਦਾ ਹੈ ਅਤੇ ਗੀਤ ਬੀਰ ਦੇ ਹਨ।