FacebookTwitterg+Mail

'ਭਲਵਾਨ ਸਿੰਘ' ਨੂੰ ਦਰਸ਼ਕਾਂ ਤੋਂ ਸਾਕਾਰਾਤਮਕ ਪ੍ਰਤੀਕਿਰਿਆ ਦੀ ਉਮੀਦ : ਰਣਜੀਤ ਬਾਵਾ

bhalwan singh ranjit bawa
25 October, 2017 07:18:01 PM

ਬਠਿੰਡਾ (ਬਿਊਰੋ)— ਪੰਜਾਬੀ ਫਿਲਮ ਇੰਡਸਟਰੀ ਨੂੰ ਲਗਾਤਾਰ ਇਕ ਤੋਂ ਬਾਅਦ ਇਕ ਹਿੱਟ ਫ਼ਿਲਮਾਂ ਦੇਣ ਵਾਲੀ ਮਸ਼ਹੂਰ ਤਿੱਕੜੀ ਨਦਰ ਫ਼ਿਲਮਜ਼, ਰੀਦਮ ਬੁਆਏਜ਼ ਤੇ ਜੇ. ਸਟੂਡੀਓ ਹੁਣ ਇਕ ਕਾਮੇਡੀ ਫਿਲਮ ਲੈ ਕੇ ਆ ਰਹੇ ਹਨ। 'ਭਲਵਾਨ ਸਿੰਘ' ਜੋ ਕਿ 27 ਅਕਤੂਬਰ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। ਨਦਰ ਫ਼ਿਲਮਜ਼, ਰੀਦਮ ਬੁਆਏਜ਼ ਤੇ ਜੇ. ਸਟੂਡੀਓ ਦੇ ਬੈਨਰ ਹੇਠ ਬਣੀ ਇਸ ਫਿਲਮ ਦੇ ਨਿਰਦੇਸ਼ਕ ਪਰਮ ਸ਼ਿਵ ਹਨ। ਅਮੀਕ ਵਿਰਕ, ਕਾਰਜ ਗਿੱਲ ਤੇ ਜਸਪਾਲ ਸੰਧੂ ਨੇ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ। ਫਿਲਮ ਦੀ ਕਹਾਣੀ ਸੁਖਰਾਜ ਸਿੰਘ ਨੇ ਲਿਖੀ ਹੈ। ਫਿਲਮ ਦੀ ਵਰਲਡਵਾਈਡ ਡਿਸਟ੍ਰੀਬਿਊਸ਼ਨ ਦਾ ਜ਼ਿੰਮਾ ਚੁੱਕਿਆ ਓਮਜੀ ਗਰੁੱਪ ਦੇ ਮੁਨੀਸ਼ ਸਾਹਨੀ ਨੇ ਚੁੱਕਿਆ ਹੈ।
Punjabi Bollywood Tadka
ਇਸ ਕਾਮੇਡੀ ਫਿਲਮ 'ਚ ਰਣਜੀਤ ਬਾਵਾ, ਨਵਪ੍ਰੀਤ ਬੰਗਾ, ਕਰਮਜੀਤ ਅਨਮੋਲ, ਮਾਨਵ ਵਿਜ, ਰਾਣਾ ਜੰਗ ਬਹਾਦਰ ਤੇ ਮਹਾਬੀਰ ਭੁੱਲਰ ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਸ ਫਿਲਮ ਦੀ ਕਹਾਣੀ ਅੰਗਰੇਜ਼ਾਂ ਦੇ ਸ਼ਾਸਨ ਸਮੇਂ ਦੀ ਹੈ ਤੇ ਭਲਵਾਨ ਸਿੰਘ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਅੰਗਰੇਜ਼ਾਂ ਦੇ ਖਿਲਾਫ ਤੇ ਆਪਣੇ ਦੇਸ਼ ਲਈ ਕੁਝ ਚੰਗਾ ਕਰਨਾ ਚਾਹੁੰਦਾ ਹੈ ਪਰ ਕੁਝ ਵੀ ਕਰਨ 'ਚ ਅਸਮਰੱਥ ਮਹਿਸੂਸ ਕਰਦਾ ਹੈ। ਹਰ ਵੇਲੇ ਆਪਣੇ ਪਿੰਡ ਵਾਲਿਆਂ ਤੇ ਆਪਣੇ ਸੁਪਨਿਆਂ ਦੀ ਰਾਜਕੁਮਾਰੀ ਨੂੰ ਪ੍ਰਭਾਵਿਤ ਕਰਨ ਲਈ ਕੁਝ ਨਾ ਕੁਝ ਸੋਚਦਾ ਤੇ ਕਰਦਾ ਰਹਿੰਦਾ ਹੈ। ਰਣਜੀਤ ਬਾਵਾ ਨੇ ਕਿਹਾ, 'ਇੰਨੀ ਚੰਗੀ ਟੀਮ ਨਾਲ ਕੰਮ ਕਰਕੇ ਮੈਂ ਬਹੁਤ ਹੀ ਉਤਸ਼ਾਹਿਤ ਤੇ ਖੁਸ਼ ਹਾਂ ਤੇ ਦਰਸ਼ਕਾਂ ਤੋਂ ਇਕ ਸਾਕਾਰਾਤਮਕ ਪ੍ਰਤੀਕਿਰਿਆ ਦੀ ਮੈਨੂੰ ਪੂਰੀ ਉਮੀਦ ਹੈ।'
ਨਿਰਮਾਤਾ ਅਮੀਕ ਵਿਰਕ, ਕਾਰਜ ਗਿੱਲ ਤੇ ਜਸਪਾਲ ਸੰਧੂ ਇਸ ਪ੍ਰਾਜੈਕਟ ਨੂੰ ਕਰਕੇ ਬਹੁਤ ਖੁਸ਼ ਹਨ। ਉਨ੍ਹਾਂ ਕਿਹਾ, 'ਅੱਜਕਲ ਲੋਕਾਂ ਕੋਲ ਜ਼ਿਆਦਾ ਸਮਾਂ ਨਹੀਂ ਹੈ ਤੇ ਅਸੀਂ ਸੋਚਿਆ ਕਿ ਕੁਝ ਇਸ ਤਰ੍ਹਾਂ ਦਾ ਬਣਾਈਏ ਕਿ ਦਰਸ਼ਕ ਆਪਣੀਆਂ ਸਾਰੀਆਂ ਚਿੰਤਾਵਾਂ ਸਿਨੇਮਾਘਰ ਦੇ ਬਾਹਰ ਛੱਡ ਸਕਦੇ ਹਨ ਤੇ ਇਸ ਫਿਲਮ ਦਾ ਆਨੰਦ ਮਾਣ ਸਕਦੇ ਹਨ। ਇਸ ਫਿਲਮ ਦੀ ਸਫਲਤਾ ਨੂੰ ਲੈ ਕੇ ਅਸੀਂ ਬਹੁਤ ਸਾਕਾਰਾਤਮਕ ਹਾਂ।' ਫਿਲਮ ਦਾ ਸੰਗੀਤ ਗੁਰਮੋਹ ਨੇ ਤਿਆਰ ਕੀਤਾ ਹੈ। ਫਿਲਮ ਦੇ ਗੀਤ ਬੀਰ ਸਿੰਘ ਨੇ ਲਿਖੇ ਹਨ, ਜਿਨ੍ਹਾਂ ਨੂੰ ਅਮਰਿੰਦਰ ਗਿੱਲ, ਰਣਜੀਤ ਬਾਵਾ ਤੇ ਗੁਰਸ਼ਬਦ ਨੇ ਆਵਾਜ਼ ਦਿੱਤੀ ਹੈ। ਫਿਲਮ 35 ਦਿਨਾਂ 'ਚ ਸ਼ੂਟ ਕੀਤੀ ਗਈ ਹੈ, ਜਿਸ ਦੀ ਸ਼ੂਟਿੰਗ ਸੂਰਤਗੜ੍ਹ, ਪਟਿਆਲਾ ਤੇ ਮੁੰਬਈ 'ਚ ਹੋਈ ਹੈ।


Tags: Bhalwan Singh Ranjit Bawa Karaj Gill Amiek Virk Navpreet Banga