FacebookTwitterg+Mail

ਪੁਤਲਾ ਫੂਕ ਕੇ ਕੀਤਾ ਰੋਸ ਮੁਜ਼ਾਹਰਾ, ਭਾਰਤੀ ਤੇ ਚੈਨਲ 'ਤੇ ਸਖਤ ਕਾਰਵਾਈ ਦੀ ਪ੍ਰਸ਼ਾਸਨ ਕੋਲੋ ਮੰਗ (ਵੀਡੀਓ)

bharti singh raveena tandon and farah khan
28 December, 2019 10:30:35 AM

ਜਲੰਧਰ (ਬਿਊਰੋ) — ਫਿਲਮ ਅਦਾਕਾਰਾ ਰਵੀਨਾ ਟੰਡਨ, ਡਾਇਰੈਕਟਰ ਫਰਾਹ ਖਾਨ ਅਤੇ ਕਾਮੇਡੀਅਨ ਭਾਰਤੀ ਸਿੰਘ ਵੱਲੋਂ ਧਾਰਮਿਕ ਸ਼ਬਦ ਲਈ ਗਲਤ ਸ਼ਬਦਾਵਲੀ ਵਰਤਣ 'ਤੇ ਬੀਤੇ ਦਿਨੀਂ 'ਚਰਚ ਆਫ ਨਾਰਥ ਇੰਡੀਆ ਡਾਇਸਸ ਆਫ ਚੰਡੀਗੜ੍ਹ' ਨਾਲ ਸਬੰਧਤ ਗੁੱਡ ਸੈਫਰਡ ਚਰਚ ਸੂਰਾਨੁੱਸੀ ਦੇ ਯੂਥ ਫੈਲੋਸ਼ਿਪ ਵਲੋਂ ਚਰਚ ਇੰਚਾਰਜ ਪਾਸਟਰ ਜੌਨ ਪੀਟਰ ਦੀ ਅਗਵਾਈ ਹੇਠ ਕਾਮੇਡੀਅਨ ਭਾਰਤੀ ਸਿੰਘ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ 'ਚ ਵੱਡੀ ਗਿਣਤੀ 'ਚ ਚਰਚ ਨਾਲ ਸਬੰਧਤ ਨੌਜਵਾਨਾਂ ਅਤੇ ਹੋਰਨਾਂ ਨੇ ਭਾਗ ਲਿਆ। ਇਸਾਈ ਭਾਈਚਾਰੇ ਵੱਲੋਂ ਕਾਰਵਾਈ ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਕੀਤੀ ਗਈ ਤੇ ਫਿਲਮ ਅਦਾਕਾਰਾ ਦਾ ਪੁਤਲਾ ਫੂਕ ਕੇ ਰੋਸ ਮੁਜ਼ਾਹਰਾ ਕੀਤਾ, ਜਿਸ ਕਾਰਨ ਮਕਸੂਦਾਂ ਚੌਕ 'ਚ ਲੰਮਾ ਜਾਮ ਲੱਗਾ ਰਿਹਾ।

ਨਾਅਰੇਬਾਜ਼ੀ ਕਰਦਿਆਂ ਮਸੀਹ ਭਾਈਚਾਰੇ ਦੇ ਆਗੂਆਂ ਨੇ ਦੱਸਿਆ ਕਿ ਟੀ. ਵੀ. ਸੀਰੀਅਲ ਦੌਰਾਨ ਫਿਲਮੀ ਅਦਾਕਾਰਾ ਰਵੀਨਾ ਟੰਡਨ, ਡਾਇਰੈਕਟਰ ਫਰਾਹ ਖਾਨ ਅਤੇ ਭਾਰਤੀ ਸਿੰਘ ਵੱਲੋਂ ਪ੍ਰਭੂ ਯਿਸੂ ਮਸੀਹ ਦੇ ਨਾਅਰੇ ਹੈਲੇਲੂਈਆ ਨੂੰ ਗਲਤ ਬੋਲਿਆ ਗਿਆ ਸੀ, ਜਿਸ ਕਾਰਨ ਸਮੂਹ ਮਸੀਹ ਭਾਈਚਾਰੇ 'ਚ ਭਾਰੀ ਰੋਸ ਹੈ। ਉਨ੍ਹਾਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਉਕਤ ਫਿਲਮੀ ਸਿਤਾਰਿਆਂ ਖਿਲਾਫ ਕੇਸ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ।

ਪ੍ਰਸਿੱਧ ਕਾਮੇਡੀਅਨ ਭਾਰਤੀ ਸਿੰਘ ਨੇ ਇਕ ਟੀ. ਵੀ. ਸ਼ੋਅ, ਜਿਸ ਨੂੰ ਪ੍ਰਸਿੱਧ ਕੋਰੀਓਗ੍ਰਾਫਰ ਫਰਾਹ ਪੇਸ਼ ਕਰ ਰਹੀ ਸੀ, ਦੌਰਾਨ ਮਸੀਹ ਭਾਈਚਾਰੇ ਦੇ ਪਵਿੱਤਰ ਨਾਅਰੇ ''ਹੈਲੇਲੂਈਆ'' ਨੂੰ ਮਜ਼ਾਕ 'ਚ ਲੈਂਦੇ ਹੋਏ ਗਲਤ ਅਰਥ ਕੱਢ ਕੇ ਸਮੂਹ ਮਸੀਹ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਸ ਮੌਕੇ ਮੰਗ ਕੀਤੀ ਗਈ ਕਿ ਕੇਂਦਰ ਅਤੇ ਪੰਜਾਬ ਸਰਕਾਰ ਭਾਰਤੀ ਸਿੰਘ, ਪ੍ਰੋਗਰਾਮ ਦੇ ਪ੍ਰੋਡਿਊਸਰ, ਚੈਨਲ ਦੇ ਮਾਲਕ ਅਤੇ ਇਸ ਨਾਲ ਜੁੜੇ ਲੋਕਾਂ 'ਤੇ ਗੈਰ ਜ਼ਮਾਨਤੀ ਐੱਫ. ਆਈ. ਆਰ. ਦਰਜ ਕੀਤੀ ਜਾਵੇ ਅਤੇ ਜਿਹੜੇ ਲੋਕ, ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾ ਕੇ ਦੇਸ਼ 'ਚ ਅਸ਼ਾਂਤੀ ਫੈਲਾਉਣ ਦੀ ਕੋਸ਼ਿਸ਼ ਕਰਦੇ ਹਨ ਉਨ੍ਹਾਂ ਨੂੰ ਬਖਸ਼ਿਆ ਨਾ ਜਾਵੇ।

ਕਾਮੇਡੀਅਨ ਭਾਰਤੀ ਸਿੰਘ ਵੱਲੋਂ ਕੀਤੀ ਇਸ ਘਿਨੌਣੀ ਹਰਕਤ ਦਾ ਵਿਦੇਸ਼ਾਂ 'ਚ ਵੀ ਸਖਤ ਵਿਰੋਧ ਕੀਤਾ ਜਾ ਰਿਹਾ ਹੈ। ਯੂ. ਐੱਸ. ਏ. ਵਿਚ ਚਲਾ ਰਹੇ ਪੰਜਾਬੀ ਬਤਲਹਮ ਚਰਚ ਦੇ ਸੰਚਾਲਕ ਪਾਸਟਰ ਜਤਿੰਦਰ ਪ੍ਰਕਾਸ਼ ਗਿੱਲ ਅਤੇ ਚਰਚ ਕਲੀਸੀਆ ਨੇ ਵੀ ਭਾਰਤੀ ਸਿੰਘ ਦੀ ਗਲਤ ਹਰਕਤ ਦਾ ਵਿਰੋਧ ਕਰਦਿਆ ਇਸ 'ਤੇ ਸਖਤ ਕਾਰਵਾਈ ਕਰਨ ਦੀ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ। ਰਾਸ਼ਟਰੀ ਮਸੀਹ ਜਾਂ ਸੰਘ ਨੇ ਵੀ ਇਸ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਹੈ।

ਮਕਸੂਦਾਂ ਚੌਕ ਜਾਮ ਕਰਨ 'ਤੇ ਮੌਕੇ 'ਤੇ ਪੁੱਜੇ ਡੀ. ਸੀ. ਪੀ. ਕਾਨੂੰਨ ਅਤੇ ਵਿਵਸਥਾ ਬਲਕਾਰ ਸਿੰਘ, ਏ. ਸੀ. ਪੀ. ਉੱਤਰੀ ਜਸਬਿੰਦਰ ਖਹਿਰਾ, ਥਾਣਾ ਡਵੀਜ਼ਨ 1 ਦੇ ਮੁਖੀ ਸੁਖਬੀਰ ਸਿੰਘ ਆਦਿ ਨੇ ਪੁਲਸ ਪਾਰਟੀ ਸਣੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਸਮੂਹ ਮਸੀਹ ਭਾਈਚਾਰੇ ਨਾਲ ਗੱਲਬਾਤ ਕੀਤੀ। ਸਮੂਹ ਮਸੀਹ ਭਾਈਚਾਰੇ ਵੱਲੋਂ ਡੀ. ਸੀ. ਪੀ. ਕਾਨੂੰਨ ਅਤੇ ਵਿਵਸਥਾ ਬਲਕਾਰ ਸਿੰਘ ਨੂੰ ਮੰਗ ਪੱਤਰ ਦੇ ਕੇ ਧਰਨਾ ਸਮਾਪਤ ਕੀਤਾ ਗਿਆ।


Tags: Bharti SinghRaveena TandonFarah KhanClarifiesCaseHurting ReligiousSentimentCase RegisteredBollywood Celebrity

About The Author

sunita

sunita is content editor at Punjab Kesari