ਜਲੰਧਰ— ਬੀਨੂੰ ਢਿੱਲੋਂ ਦੀ ਫਿਲਮ 'ਵੇਖ ਬਰਾਤਾਂ ਚੱਲੀਆਂ' 28 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਨਿੱਘੇ ਸੁਭਾਅ ਤੇ ਸ਼ਾਨਦਾਰ ਅਭਿਨੇਤਾ ਵਜੋਂ ਜਾਣੇ ਜਾਂਦੇ ਬੀਨੂੰ ਢਿੱਲੋਂ ਦਾ ਇਥੋਂ ਤਕ ਪਹੁੰਚਣ ਦਾ ਸਫਰ ਸੌਖਾ ਨਹੀਂ ਸੀ। ਉਨ੍ਹਾਂ ਨੇ ਹਮੇਸ਼ਾ ਸ਼ਾਂਤ ਦਿਮਾਗ ਨਾਲ ਕੰਮ ਲਿਆ ਤੇ ਸਹਿਜੇ-ਸਹਿਜੇ ਤਰੱਕੀ ਦੀ ਰਾਹ ਫੜੀ। ਬੀਨੂੰ ਦੱਸਦੇ ਹਨ ਕਿ ਉਨ੍ਹਾਂ ਨੇ ਭੰਗੜੇ ਰਾਹੀਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਥਿਏਟਰ 'ਚ ਛੋਟੇ-ਛੋਟੇ ਕਿਰਦਾਰ ਨਿਭਾਉਣੇ ਸ਼ੁਰੂ ਕੀਤੇ। ਉਸ ਸਮੇਂ ਥਿਏਟਰ 'ਚ ਆਪਣਾ ਕਰੀਅਰ ਸੋਚਣਾ ਤਾਂ ਦੂਰ ਦੀ ਗੱਲ, ਪਰਿਵਾਰ ਦਾ ਗੁਜ਼ਾਰਾ ਕਰਨ ਜੋਗੇ ਵੀ ਪੈਸੇ ਨਹੀਂ ਜੁੜਦੇ ਸਨ ਪਰ ਬੀਨੂੰ ਨੇ ਇਥੇ ਵੀ ਹਾਰ ਨਹੀਂ ਮੰਨੀ। ਥਿਏਟਰ ਰਾਹੀਂ ਬੀਨੂੰ ਨੇ ਪਹਿਲੀ ਵਾਰ 750 ਰੁਪਏ ਕਮਾਏ। ਇਸ ਤੋਂ ਬਾਅਦ ਉਨ੍ਹਾਂ ਨੇ ਹੋਰ ਮਿਹਨਤ ਕੀਤੀ ਤੇ ਸਾਲ ਬਾਅਦ 750 ਦੀ ਕਮਾਈ 1000 ਤਕ ਪੁੱਜੀ। ਫਿਰ ਬੀਨੂੰ ਨੇ ਪੂਰਾ ਇਕ ਸਾਲ ਆਪਣੇ ਘਰੋਂ ਦੂਰ ਰਹਿ ਕੇ ਆਪਣੇ ਕੰਮ 'ਚ ਲਗਨ ਦਿਖਾਈ ਤੇ ਸਾਲ 'ਚ 75000 ਰੁਪਏ ਕਮਾਏ। ਹੌਲੀ-ਹੌਲੀ ਬੀਨੂੰ ਨੂੰ ਫਿਲਮਾਂ ਮਿਲਦੀਆਂ ਗਈਆਂ। ਬੀਨੂੰ ਨੇ ਪਹਿਲਾਂ 5 ਤੇ ਫਿਰ 15 ਮਿੰਟਾਂ ਲਈ ਫਿਲਮ 'ਚ ਅਭਿਨੈ ਕੀਤਾ। ਅੱਜ ਉਹ ਫਿਲਮਾਂ 'ਚ ਮੁੱਖ ਅਭਿਨੇਤਾ ਵਜੋਂ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਆਪਣੀ ਮਿਹਨਤ ਦਾ ਸਿਹਰਾ ਰੱਬ ਤੇ ਚਾਹੁਣ ਵਾਲਿਆਂ ਨੂੰ ਦਿੱਤਾ ਹੈ, ਜਿਨ੍ਹਾਂ ਨੇ ਉਨ੍ਹਾਂ ਨੂੰ ਇਸ ਮੁਕਾਮ ਤਕ ਪਹੁੰਚਾਉਣ 'ਚ ਪੂਰਾ ਸਾਥ ਦਿੱਤਾ।