ਮੁੰਬਈ (ਬਿਊਰੋ)— ਬਾਲੀਵੁੱਡ ਐਕਟਰ ਧਰਮਿੰਦਰ ਦਿਓਲ ਦੇ ਚਚੇਰੇ ਭਰਾ ਵਰਿੰਦਰ ਸਿੰਘ ਨੂੰ ਲੈ ਕੇ ਹਾਲ ਹੀ 'ਚ ਖਬਰ ਆਈ ਹੈ ਕਿ ਉਨ੍ਹਾਂ 'ਤੇ ਬਾਇਓਪਿਕ ਬਣੇਗੀ। ਜੀ ਹਾਂ, ਵਰਿੰਦਰ ਸਿੰਘ ਦੀ ਬਾਇਓਪਿਕ ਦਾ ਨਿਰਮਾਣ ਉਨ੍ਹਾਂ ਦੇ ਪੁੱਤਰ ਰਣਦੀਪ ਸਿੰਘ ਵਲੋਂ ਕੀਤਾ ਜਾਵੇਗਾ।

ਨਿਰਮਾਤਾਵਾਂ ਦਾ ਕਹਿਣਾ ਹੈ ਕਿ ਇਸ ਫਿਲਮ 'ਚ ਉਨ੍ਹਾਂ ਦੀ ਮੌਤ ਦੀ ਗੁੱਥੀ ਨੂੰ ਸੁਲਝਾਇਆ ਜਾਵੇਗਾ, ਜਿਹੜੀ ਅਜੇ ਤੱਕ ਵੀ ਇਕ ਰਾਜ਼ ਬਣੀ ਹੋਈ ਹੈ।

ਵਰਿੰਦਰ ਸਿੰਘ ਦਾ ਕਤਲ ਉਨ੍ਹਾਂ ਦੀ ਆਖਰੀ ਫਿਲਮ 'ਜੱਟ ਤੇ ਜ਼ਮੀਨ' ਦੀ ਸ਼ੂਟਿੰਗ ਦੌਰਾਨ ਗੋਲੀਆਂ ਮਾਰ ਕੇ ਕੀਤਾ ਗਿਆ ਸੀ।

ਕਿਹਾ ਜਾਂਦਾ ਹੈ ਕਿ ਫਿਲਮ ਦੇ ਸੈੱਟ 'ਤੇ ਕੁਝ ਅਣਜਾਣ ਲੋਕਾਂ ਵਲੋਂ ਵਰਿੰਦਰ 'ਤੇ ਗੋਲੀਆਂ ਨਾਲ ਹਮਲਾ ਕੀਤਾ ਗਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਇਹ ਘਟਨਾ 1988 ਦੀ ਹੈ, ਜਿਸ ਨਾਲ ਪੰਜਾਬੀ ਸਿਨੇਮਾ ਨੂੰ ਵੱਡਾ ਘਾਟਾ ਪਿਆ।

ਦੱਸਿਆ ਜਾ ਰਿਹਾ ਹੈ ਕਿ ਫਿਲਮ ਦੀ ਸ਼ੂਟਿੰਗ ਅਗਲੇ ਸਾਲ ਤੋਂ ਸ਼ੁਰੂ ਹੋ ਸਕਦੀ ਹੈ। ਵਰਿੰਦਰ ਨੇ ਪਾਲੀਵੁੱਡ ਨੂੰ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਜਿਵੇਂ 'ਲੰਬਰਦਾਰਨੀ', 'ਸਰਪੰਚ', 'ਬਟਵਾਰਾ', 'ਯਾਰੀ ਜੱਟ ਦੀ' ਤੇ 'ਬਲਬੀਰੋ ਭਾਬੀ' ਸਮੇਤ ਹੋਰ ਕਈ ਫਿਲਮਾਂ ਦਿੱਤੀਆਂ। ਪਾਲੀਵੁੱਡ ਦੇ ਨਾਲ-ਨਾਲ ਵਰਿੰਦਰ ਨੇ ਬਾਲੀਵੁੱਡ 'ਚ ਵੀ ਕੰਮ ਕੀਤਾ ਹੈ।
