ਮੁੰਬਈ (ਬਿਊਰੋ) — ਫਿਲਮੀ ਦੁਨੀਆ ਦੇ ਸਰਤਾਜ ਅਦਾਕਾਰ ਰਾਜ ਕੁਮਾਰ ਦਾ ਜਨਮ 8 ਅਕਤੂਬਰ 1926 ਨੂੰ ਪਾਕਿਸਤਾਨ 'ਚ ਇਕ ਕਸ਼ਮੀਰੀ ਪੰਡਤ ਪਰਿਵਾਰ 'ਚ ਹੋਇਆ ਸੀ। ਉਨ੍ਹਾਂ ਨੇ 'ਪਾਕੀਜਾ', 'ਵਕਤ' ਵਰਗੀਆਂ ਕਈ ਹਿੱਟ ਫਿਲਮਾਂ 'ਚ ਕੰਮ ਕੀਤਾ ਸੀ। ਉਨ੍ਹਾਂ ਨੇ 50 ਦੇ ਦਹਾਕੇ ਤੋਂ ਲੈ ਕੇ 90 ਦੇ ਦਹਾਕੇ ਤੱਕ ਕਈ ਫਿਲਮਾਂ 'ਚ ਕੰਮ ਕੀਤਾ ਸੀ। ਆਖਰੀ ਦਿਨਾਂ 'ਚ ਉਨ੍ਹਾਂ ਨੇ 'ਸੋਦਾਗਰ' ਅਤੇ 'ਤਿਰੰਗਾ' ਵਰਗੀਆਂ ਫਿਲਮਾਂ 'ਚ ਕੰਮ ਕਰਕੇ ਇਹ ਸਾਫ ਕਰ ਦਿੱਤਾ ਕਿ ਉਨ੍ਹਾਂ ਵਰਗਾ ਅਦਾਕਾਰ ਪੂਰੇ ਬਾਲੀਵੁੱਡ 'ਚ ਨਹੀਂ ਹੈ।
ਰਾਜ ਕੁਮਾਰ ਇਕ ਬਿੰਦਾਸ ਅਦਾਕਾਰ ਸਨ। ਉਸ ਜ਼ਮਾਨੇ 'ਚ ਰਾਜ ਕੁਮਾਰ ਦੀ ਬਹੁਤ ਅਲੋਚਨਾ ਹੁੰਦੀ ਸੀ ਕਿਉਂਕਿ ਉਹ ਆਪਣੇ ਸਮਕਾਲੀ ਅਦਾਕਾਰਾਂ ਦਾ ਮਜ਼ਾਕ ਉਡਾਉਂਦੇ ਸਨ। 'ਸਨਕੀ', 'ਅੱਖੜ', 'ਬੇਬਾਕ' ਅਤੇ 'ਮੂੰਹ ਫੱਟ' ਇਹ ਸ਼ਬਦ ਬਾਲੀਵੁੱਡ 'ਚ ਉਸ ਅਦਾਕਾਰ ਰਾਜ ਕੁਮਾਰ ਵਾਸਤੇ ਵਰਤੇ ਜਾਂਦੇ ਸਨ। ਰਾਜਕੁਮਾਰ ਅਪਣੇ ਦੌਰ ਦੇ ਉਹ ਅਦਾਕਾਰ ਸਨ, ਜਿੰਨਾਂ ਨੂੰ ਉਨ੍ਹਾਂ ਦੇ ਡਾਈਲਾਗ ਅਤੇ ਰੋਅਬ ਵਾਲੀ ਅਵਾਜ਼ ਕਰਕੇ ਜਾਣਿਆ ਜਾਂਦਾ ਹੈ। ਵਿਲੇਨ ਤੇ ਹਮੇਸ਼ਾ ਹਾਵੀ ਰਹਿਣ ਵਾਲੇ ਰਾਜ ਕੁਮਾਰ ਅਜਿਹੇ ਕਲਾਕਾਰ ਸਨ, ਜਿਹੜੇ ਕਈ ਵਾਰ ਆਪਣੀਆਂ ਗੱਲਾਂ ਨਾਲ ਆਪਣੇ ਨਾਲ ਦੇ ਸਾਥੀਆਂ ਨੂੰ ਵੀ ਲਾਜਵਾਬ ਕਰ ਜਾਂਦੇ ਸਨ।
ਦੱਸ ਦਈਏ ਕਿ ਰਾਜ ਕੁਮਾਰ ਅਸਲ ਜ਼ਿੰਦਗੀ 'ਚ ਮਜ਼ਾਕੀਆ, ਸਪੱਸ਼ਟ ਅਤੇ ਹਾਜ਼ਰ ਜਵਾਬੀ ਸਨ। 'ਜੰਜ਼ੀਰ' ਫਿਲਮ ਨੇ ਅਮਿਤਾਬ ਬੱਚਨ ਨੂੰ ਰਾਤੋਂ ਰਾਤ ਸਟਾਰ ਬਣਾ ਦਿੱਤਾ ਸੀ। ਇਸ ਫਿਲਮ ਲਈ ਅਮਿਤਾਬ ਡਾਇਰੈਕਟਰ ਪ੍ਰਕਾਸ਼ ਮਹਿਰਾ ਦੀ ਪਹਿਲੀ ਪਸੰਦ ਨਹੀਂ ਸਨ। ਪ੍ਰਕਾਸ਼ ਮਹਿਰਾ ਰਾਜ ਕੁਮਾਰ ਨੂੰ ਇਸ ਫਿਲਮ 'ਚ ਲੈਣਾ ਚਾਹੁੰਦੇ ਸਨ। ਉਹ ਰਾਜ ਕੁਮਾਰ ਕੋਲ ਫਿਲਮ ਦੀ ਕਹਾਣੀ ਲੈ ਕੇ ਪਹੁੰਚੇ ਸਨ ਪਰ ਰਾਜ ਕੁਮਾਰ ਨੇ ਅਜਿਹਾ ਜਵਾਬ ਦਿੱਤਾ ਕਿ ਪ੍ਰਕਾਸ਼ ਮਹਿਰਾ ਲਾਜਵਾਬ ਹੋ ਗਏ। ਰਾਜ ਕੁਮਾਰ ਨੇ ਪ੍ਰਕਾਸ਼ ਮਹਿਰਾ ਨੂੰ ਕਿਹਾ ਸੀ 'ਤੇਰੇ ਕੋਲੋ ਬਿਜਨੋਰੀ ਤੇਲ ਦੀ ਬਦਬੂ ਆ ਰਹੀ ਹੈ, ਮੈਂ ਤੇਰੇ ਨਾਲ ਫਿਲਮ ਕਰਨਾ ਤਾਂ ਦੂਰ, ਤੇਰੇ ਨਾਲ ਇਕ ਮਿੰਟ ਵੀ ਖੜਾ ਹੋਣਾ ਬਰਦਾਸ਼ਤ ਨਹੀਂ ਕਰ ਸਕਦਾ।' ਇਸੇ ਗੱਲ ਕਰਕੇ 'ਜੰਜ਼ੀਰ' 'ਚ ਰਾਜ ਕੁਮਾਰ ਦੀ ਥਾਂ ਤੇ ਅਮਿਤਾਬ ਬੱਚਨ ਸਨ।
ਰਾਜ ਕੁਮਾਰ 'ਚ ਕੁਝ ਮਜ਼ੇਦਾਰ ਆਦਤਾਂ ਵੀ ਸਨ। ਉਹ ਆਪਣੇ ਸਾਥੀ ਕਲਾਕਾਰਾਂ ਨੂੰ ਕਦੇ ਵੀ ਨਾਂ ਨਾਲ ਨਹੀਂ ਸਨ ਬੁਲਾਉਂਦੇ ਸਨ। ਰਾਜ ਕੁਮਾਰ ਦਾ ਇਕ ਕਿੱਸਾ ਭੱਪੀ ਲਹਿਰੀ ਨਾਲ ਵੀ ਜੁੜਿਆ ਹੋਇਆ ਹੈ। ਸਭ ਜਾਣਦੇ ਹਨ ਕਿ ਭੱਪੀ ਲਹਿਰੀ ਨੂੰ ਗਹਿਣੇ ਪਾਉਣ ਦਾ ਫੋਬੀਆ ਹੈ। ਇਸ ਸਭ ਦੇ ਚਲਦੇ ਭੱਪੀ ਲਹਿਰੀ ਰਾਜ ਕੁਮਾਰ ਨੂੰ ਇਕ ਪਾਰਟੀ 'ਚ ਮਿਲੇ ਸਨ। ਰਾਜ ਕੁਮਾਰ ਨੇ ਉਨ੍ਹਾਂ ਨੂੰ ਦੇਖਦੇ ਹੀ ਕਿਹਾ 'ਵਾਹ ਸ਼ਾਨਦਾਰ ਇਕ ਤੋਂ ਵੱਧ ਇਕ ਗਹਿਣੇ, ਬਸ ਮੰਗਲ ਸੂਤਰ ਦੀ ਕਮੀ ਹੈ।'
ਸਾਲ 1968 'ਚ ਫਿਲਮ 'ਆਂਖੇ' ਆਈ ਸੀ। ਇਹ ਫਿਲਮ ਰਾਮਾਨੰਦ ਸਾਗਰ ਨੇ ਡਾਇਰੈਕਟ ਕੀਤੀ ਸੀ ਜਦੋਂ ਕਿ ਫਿਲਮ ਦੇ ਹੀਰੋ ਧਰਮਿੰਦਰ ਸਨ ਪਰ ਰਾਮਾਨੰਦ ਸਾਗਰ ਇਸ ਫਿਲਮ ਲਈ ਰਾਜ ਕੁਮਾਰ ਨੂੰ ਲੈਣਾ ਚਾਹੁੰਦੇ ਸਨ। ਰਾਮਾਨੰਦ ਸਾਗਰ ਉਨ੍ਹਾਂ ਦੇ ਘਰ ਪਹੁੰਚੇ ਤੇ ਉਨ੍ਹਾਂ ਨੇ ਫਿਲਮ ਦੀ ਕਹਾਣੀ ਰਾਜ ਕੁਮਾਰ ਨੂੰ ਸੁਣਾਈ। ਇਸੇ ਦੌਰਾਨ ਰਾਜ ਕੁਮਾਰ ਨੇ ਆਪਣੇ ਪਾਲਤੂ ਕੁੱਤੇ ਨੂੰ ਬੁਲਾਇਆ ਤੇ ਉਸ ਨੂੰ ਪੁੱਛਣ ਲੱਗੇ ਕਿ ਉਹ ਇਸ ਫਿਲਮ 'ਚ ਕੰਮ ਕਰੇਗਾ। ਕੁੱਤੇ ਦੇ ਹਿੱਲ ਜੁਲ ਨਾ ਕਰਨ 'ਤੇ ਰਾਜ ਕੁਮਾਰ ਨੇ ਰਾਮਾਨੰਦ ਸਾਗਰ ਨੂੰ ਕਿਹਾ 'ਦੇਖਿਆ ਇਹ ਰੋਲ ਮੇਰਾ ਕੁੱਤਾ ਵੀ ਨਹੀ ਕਰਨਾ ਚਾਹੁੰਦਾ।' ਰਾਮਾਨੰਦ ਸਾਗਰ ਉੱਥੋਂ ਚੁੱਪ ਕਰਕੇ ਚਲੇ ਗਏ। ਇਸ ਤੋਂ ਬਾਅਦ ਦੋਹਾਂ ਨੇ ਕਦੇ ਵੀ ਇੱਕਠੇ ਕੰਮ ਨਹੀਂ ਕੀਤਾ।