ਮੁੰਬਈ (ਬਿਊਰੋ) : ਸਦਾਬਹਾਰ ਅਦਾਕਾਰ ਜਤਿੰਦਰ ਬਾਲੀਵੁੱਡ ਦੀਆਂ ਚਰਚਿਤ ਸਖਸ਼ੀਅਤ 'ਚੋਂ ਇਕ ਹਨ। ਜਤਿੰਦਰ ਦਾ ਅੱਜ 77ਵਾਂ ਜਨਮਦਿਨ ਹੈ। ਦੱਸ ਦਈਏ ਕਿ ਜਤਿੰਦਰ ਦਾ ਜਨਮ 7 ਅਪ੍ਰੈਲ 1942 ਨੂੰ ਅੰਮ੍ਰਿਤਸਰ ਵਿਚ ਹੋਇਆ ਸੀ। ਉਨ੍ਹਾਂ ਦਾ ਅਸਲ ਨਾਂ 'ਰਵੀ ਕਪੂਰ' ਸੀ ਪਰ ਭਾਰਤੀ ਸਿਨੇਮਾ 'ਚ ਉਹ ਜਤਿੰਦਰ ਦੇ ਨਾਂ ਨਾਲ ਮਸ਼ਹੂਰ ਹੋਏ। ਜਤਿੰਦਰ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 1959 'ਚ 'ਵੀ. ਸ਼ਾਂਤਾਰਾਮ' ਦੀ ਫਿਲਮ 'ਨਵਰੰਗ' ਨਾਲ ਕੀਤੀ ਸੀ।
ਇਕ ਤੋਂ ਬਾਅਦ ਇਕ ਹਿੱਟ ਫਿਲਮਾਂ ਦੇਣ ਵਾਲੇ ਜਤਿੰਦਰ ਨੇ ਭਾਰਤੀ ਸਿਨੇਮਾ ਨੂੰ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ, ਜਿਨ੍ਹਾਂ 'ਚ 'ਨਾਗਿਨ', 'ਤੋਫਾ', 'ਹਾਤੀਮਤਾਈ', 'ਮਾਂ', 'ਜਾਨੀ ਦੁਸ਼ਮਨ', 'ਸ਼ੈਸਨਾਗ', 'ਅਰਪਨ', 'ਸਵਰਗ ਸੇ ਸੁੰਦਰ', 'ਫਰਜ਼', 'ਔਲਾਦ', 'ਆਸ਼ਾ', 'ਕੈਦੀ', 'ਸੰਜੋਗ', 'ਘਰ ਸੰਸਾਰ' ਅਤੇ 'ਸਿੰਦੂਰ' ਵਰਗੀਆਂ ਕਈ ਵੱਡੀਆਂ ਫਿਲਮਾਂ ਦੇ ਨਾਂ ਸ਼ਾਮਲ ਹਨ। ਜਤਿੰਦਰ ਨੇ ਆਪਣੀ ਬਾਕਮਾਲ ਅਦਾਕਾਰੀ ਨਾਲ ਦਰਸ਼ਕਾਂ ਨੂੰ ਟੁੰਬਿਆ।
ਦੱਸ ਦਈਏ ਕਿ ਜਤਿੰਦਰ ਨੂੰ ਹੁਣ ਤੱਕ ਕਈ ਵੱਡੇ ਐਵਾਰਡਜ਼ ਨਾਲ ਨਿਵਾਜਿਆ ਜਾ ਚੁੱਕਿਆ ਹੈ। ਉਨ੍ਹਾਂ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਪਤਨੀ ਦਾ ਨਾਂ ਸ਼ੋਭਾ ਕਪੂਰ ਹੈ। ਉਨ੍ਹਾਂ ਦੇ ਇਕ ਬੇਟਾ ਤੇ ਬੇਟੀ ਹਨ। ਉਨ੍ਹਾਂ ਦੇ ਬੇਟੇ ਤੁਸ਼ਾਰ ਕਪੂਰ ਨੇ ਵੀ ਬਾਲੀਵੁੱਡ 'ਚ ਚੰਗਾ ਨਾਂ ਬਣਾਇਆ ਹੈ।
ਬੇਟੀ ਏਕਤਾ ਕਪੂਰ ਨਿਰਮਾਤਾ ਹੈ ਅਤੇ 'ਬਾਲਾਜੀ ਫਿਲਮਜ਼' ਨਾਂ ਦਾ ਪ੍ਰੋਡਕਸ਼ਨ ਹਾਊਸ ਚਲਾਉਂਦੇ ਹਨ। ਜਤਿੰਦਰ 'ਬਾਲਾਜੀ ਫਿਲਮਜ਼' ਦੇ ਚੈਅਰਮੈਨ ਵੀ ਹਨ।