FacebookTwitterg+Mail

ਫ਼ਿਲਮ ਉਦਯੋਗ 'ਤੇ ਪਈ ਕੋਰੋਨਾ ਦੀ ਮਾਰ, ਲੰਬੇ ਸਮੇਂ ਤੱਕ ਨਹੀਂ ਲੱਗਣਗੀਆਂ ਸਿਨੇਮਾ ਘਰਾਂ 'ਚ ਰੌਣਕਾਂ

bollywood corona s impact on bollywood will last a long time
06 June, 2020 12:00:06 PM

ਮੁੰਬਈ (ਬਿਊਰੋ) — ਭਾਰਤੀ ਫ਼ਿਲਮ ਉਦਯੋਗ 'ਤੇ ਕੋਰੋਨਾ ਮਹਾਮਾਰੀ ਦਾ ਬਹੁਤ ਮਾੜਾ ਅਸਰ ਪਿਆ ਹੈ। ਮੌਜੂਦਾ ਸਥਿਤੀ ਨੂੰ ਵੇਖੀਏ ਤਾਂ ਲੱਗਦਾ ਹੈ ਕਿ ਹੁਣ ਫ਼ਿਲਮ ਉਦਯੋਗ ਨੂੰ ਮੁੜ ਨਵੇਂ ਸਿਰੇ ਤੋਂ ਸ਼ੁਰੂਆਤ ਕਰਨੀ ਪੈ ਸਕਦੀ ਹੈ। ਅਜਿਹੇ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਬਾਲੀਵੁੱਡ ਨੂੰ ਮੁੜ ਪੈਰਾਂ 'ਤੇ ਆਉਣ 'ਚ ਡੇਢ-ਦੋ ਸਾਲ ਦਾ ਸਮਾਂ ਲੱਗ ਸਕਦਾ ਹੈ। ਹਾਲ ਹੀ 'ਚ ਕੁਝ ਵੱਡੇ ਫਿਲਮਸਾਜ਼ਾਂ, ਡਿਸਟ੍ਰੀਬਿਊਟਰ ਅਤੇ ਅਦਾਕਾਰਾਂ ਦੀ ਇਕ ਵੀਡੀਓ ਕਾਨਫਰੰਸ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਕਾਨਫਰੰਸ 'ਚ ਸ਼ਾਮਲ ਇੱਕ ਵੱਡੇ ਬਜਟ ਦੀਆਂ ਐਕਸ਼ਨ ਫਿਲਮਾਂ ਬਣਾਉਣ ਵਾਲੇ ਨਿਰਮਾਤਾ ਨੇ ਸਾਫ਼ ਕੀਤਾ ਹੈ ਕਿ ਆਉਣ ਵਾਲੇ ਇੱਕ ਸਾਲ ਤਕ ਵੱਡੀਆਂ ਫਿਲਮਾਂ ਬਣਾਉਣਾ ਉਨ੍ਹਾਂ ਲਈ ਖ਼ਤਰੇ ਤੋਂ ਖ਼ਾਲੀ ਨਹੀਂ ਹੈ ਕਿਉਂਕਿ ਪਤਾ ਨਹੀਂ ਕਿ ਪ੍ਰਾਜੈਕਟ 'ਤੇ ਲੱਗਾ ਪੈਸਾ ਪੂਰਾ ਵੀ ਹੋਵੇਗਾ ਜਾਂ ਨਹੀਂ। ਫਿਲਮਸਾਜ਼ ਦਾ ਅਜਿਹਾ ਸੋਚਣਾ ਸਹੀ ਵੀ ਹੈ ਕਿਉਂਕਿ ਅਜੇ ਤਕ ਵੀ ਕੋਰੋਨਾ ਵਾਇਰਸ ਦੀ ਦਵਾਈ ਤਿਆਰ ਨਹੀਂ ਹੋਈ ਹੈ ਅਤੇ ਸਿਰਫ਼ ਸਾਵਧਾਨੀਆਂ ਨਾਲ ਹੀ ਇਸ ਤੋਂ ਬਚਿਆ ਜਾ ਸਕਦਾ ਹੈ। ਅਜਿਹੇ 'ਚ ਪਤਾ ਨਹੀਂ ਕਿ ਸਿਨੇਮਾ ਘਰਾਂ 'ਚ ਮੁੜ ਰੌਣਕ ਕਦੋਂ ਤਕ ਪਰਤੇ। ਇਸੇ ਮਾਮਲੇ ਬਾਰੇ ਅੱਜ ਅਸੀਂ ਤੁਹਾਡੇ ਨਾਲ ਚਰਚਾ ਕਰਾਂਗੇ।

ਸ਼ੂਟਿੰਗ ਨੂੰ ਲੈ ਕੇ ਵਧੀਆਂ ਮੁਸ਼ਕਿਲਾਂ
ਉਮੀਦ ਕੀਤੀ ਜਾ ਰਹੀ ਸੀ ਕਿ ਜੁਲਾਈ ਤੋਂ ਬਾਅਦ ਫਿਲਮਾਂ ਦੀ ਸ਼ੂਟਿੰਗ ਸ਼ੁਰੂ ਜਾਵੇਗੀ ਪਰ ਹੁਣ ਮਹਾਰਾਸ਼ਟਰ ਸਰਕਾਰ ਨੇ ਫਿਲਮਾਂ ਦੀ ਸ਼ੂਟਿੰਗ ਦੀ ਆਗਿਆ ਫਿਲਮਸਾਜ਼ਾਂ ਨੂੰ ਦੇ ਦਿੱਤੀ ਹੈ। ਜਦਕਿ ਫਿਲਮਸਾਜ਼ਾਂ ਨੂੰ ਕੁਝ ਨਿਯਮਾਂ ਦੀ ਪਾਲਣਾ ਵੀ ਜ਼ਰੂਰ ਕਰਨੀ ਪਵੇਗੀ। ਅਸਲ 'ਚ ਇਹ ਸ਼ੂਟਿੰਗ ਪਹਿਲਾਂ ਵਾਂਗ ਆਸਾਨ ਨਹੀਂ ਹੋਵੇਗੀ। ਇਸ ਮਹਾਮਾਰੀ ਤੋਂ ਬਚਾਅ ਦੇ ਚੱਲਦਿਆਂ ਆਮ ਜ਼ਿੰਦਗੀ ਵਾਂਗ ਸੂਟਿੰਗ ਸੈੱਟ 'ਤੇ ਵੀ ਕਈ ਤਬਦੀਲੀਆਂ ਵੇਖਣ ਨੂੰ ਮਿਲਣਗੀਆਂ, ਜੋ ਫਿਲਮਸਾਜ਼ਾਂ ਲਈ ਮੁਸ਼ਕਲਾਂ ਪੈਦਾ ਕਰ ਸਕਦੀਆਂ ਹਨ। ਸਭ ਤੋਂ ਪਹਿਲਾਂ ਤਾਂ ਇਹ ਮੁੱਦਾ ਹੋਵੇਗਾ ਕਿ ਕੀ ਰੁਮਾਂਟਿਕ ਸੀਨ ਸ਼ੂਟ ਕਰਨੇ ਆਸਾਨ ਹੋਣਗੇ? ਕੀ ਕਲਾਕਾਰ ਅਜਿਹੇ ਸੀਨ ਕਰਨ ਲਈ ਰਾਜੀ ਹੋਣਗੇ? ਭੀੜ-ਭਾੜ ਵਾਲੇ ਦ੍ਰਿਸ਼ ਕਿਵੇਂ ਸ਼ੂਟ ਕੀਤੇ ਜਾਣਗੇ ਆਦਿ।
ਅਜਿਹੇ ਹੋਰ ਕਈ ਸਵਾਲ ਖੜ੍ਹੇ ਹੋਣਗੇ, ਜਿਨ੍ਹਾਂ ਦਾ ਹੱਲ ਲੱਭਣਾ ਜ਼ਰੂਰੀ ਹੈ। ਸਰਕਾਰ ਨੇ ਵੀ ਸ਼ੂਟਿੰਗ ਲਈ ਗਾਈਡ ਲਾਈਨ ਤਿਆਰ ਕੀਤੀ ਹੈ, ਜਿਸ ਦਾ ਖ਼ਿਆਲ ਵੀ ਫਿਲਮਸਾਜ਼ਾਂ ਨੂੰ ਰੱਖਣਾ ਪਵੇਗਾ। ਹਾਲ ਹੀ 'ਚ 'ਸਿਨੇ ਐਂਡ ਟੀਵੀ ਆਰਟਿਸਟ੍ਰਜ਼ ਐਸੋਸੀਏਸ਼ਨ' ਅਤੇ 'ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼' ਨੇ ਵੀ ਮੀਟਿੰਗ ਕੀਤੀ ਹੈ, ਜਿਸ 'ਚ ਕੁਝ ਨਿਯਮਾਂ 'ਤੇ ਚਰਚਾ ਕੀਤੀ ਗਈ ਜਿਵੇਂ ਕਿ ਹੁਣ ਕਲਾਕਾਰਾਂ ਨੂੰ ਆਪਣਾ ਮੇਕਅਪ ਘਰ ਤੋਂ ਹੀ ਕਰ ਕੇ ਸੈੱਟ 'ਤੇ ਆਉਣਾ ਪਵੇਗਾ, ਕਲਾਕਾਰ ਆਪਣੇ ਨਾਲ ਘੱਟ ਤੋਂ ਘੱਟ ਸਟਾਫ ਲੈ ਕੇ ਆਉਣਗੇ, ਸ਼ੂਟਿੰਗ ਸੈੱਟ 'ਤੇ ਡਾਕਟਰੀ ਟੀਮ ਵੀ ਹਾਜ਼ਰ ਹੋਵੇਗੀ। ਸ਼ੂਟਿੰਗ ਟੀਮ ਦੇ ਮੈਂਬਰਾਂ ਦਾ ਮੈਡੀਕਲ ਚੈਕਅੱਪ ਜ਼ਰੂਰੀ ਹੋਵੇਗਾ। ਇਸ ਨਾਲ ਹੀ ਸ਼ੂਟਿੰਗ ਦਾ ਪੂਰਾ ਏਰੀਆ ਸੈਨੇਟਾਈਜ਼ ਹੋਵੇਗਾ, ਯੂਨਿਟ ਦੇ ਹਰ ਮੈਂਬਰ ਦਾ ਰੁਟੀਨ 'ਚ ਟੈਂਪਰੈਚਰ ਚੈੱਕ ਹੋਇਆ ਕਰੇਗਾ, ਯੂਨਿਟ ਦੇ ਹਰ ਮੈਂਬਰ ਨੂੰ 12 ਘੰਟੇ ਦੇ ਸ਼ੂਟ ਦੌਰਾਨ ਚਾਰ ਮਾਸਕ ਦਿੱਤੇ ਜਾਣਗੇ, 60 ਸਾਲ ਤੋਂ ਜ਼ਿਆਦਾ ਉਮਰ ਵਾਲੇ ਮੈਂਬਰਾਂ ਨੂੰ ਪਹਿਲੇ ਤਿੰਨ ਮਹੀਨੇ ਤਕ ਸ਼ੂਟਿੰਗ 'ਤੇ ਨਹੀਂ ਬੁਲਾਇਆ ਜਾਵੇਗਾ। ਇਨ੍ਹਾਂ ਸਾਰੀਆਂ ਗੱਲਾਂ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਤਿਆਰ ਕੀਤਾ ਗਿਆ ਹੈ। ਅਗਲੀ ਮੀਟਿੰਗ 'ਚ ਇਨ੍ਹਾਂ ਸਾਰੀਆਂ ਗੱਲਾਂ ਨੂੰ ਲਾਗੂ ਕਰਨ ਦੀ ਦਿਸ਼ਾ 'ਚ ਕਦਮ ਉਠਾਏ ਜਾ ਸਕਦੇ ਹਨ।

ਛੇਤੀ ਨਹੀਂ ਲੱਗਣਗੀਆਂ ਸਿਨੇਮਾ ਘਰਾਂ 'ਚ ਰੌਣਕਾਂ
ਤਾਲਾਬੰਦੀ ਕਾਰਨ ਬਾਲੀਵੁੱਡ ਦਾ ਸਾਰਾ ਕੰਮਕਾਰ ਠੱਪ ਪਿਆ ਹੈ। ਲਗਪਗ 9000 ਤੋਂ ਵੱਧ ਸਿਨੇਮਾ ਘਰ ਬੰਦ ਪਏ ਹੋਏ ਹਨ। ਇਨ੍ਹਾਂ 'ਚ 5000 ਦੇ ਕਰੀਬ ਤਾਂ ਸਿੰਗਲ ਸਕ੍ਰੀਨ ਵਾਲੇ ਸਿਨੇਮਾ ਘਰ ਸ਼ਾਮਲ ਹਨ। ਭਾਵੇਂ ਮਲਟੀਪਲੈਕਸ ਹਨ ਜਾਂ ਸਿੰਗਲ ਸਕ੍ਰੀਨ ਸਿਨੇਮਾ ਘਰ ਮੌਜੂਦਾ ਸਥਿਤੀ ਨੂੰ ਵੇਖ ਤਾਂ ਇਹੀ ਲਗਦਾ ਹੈ ਕਿ ਇਨ੍ਹਾਂ ਨੂੰ ਖੋਲ੍ਹਣ ਲਈ ਅਜੇ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ। ਇਕ ਸਵਾਲ ਇਹ ਵੀ ਸਾਹਮਣੇ ਆਉਂਦਾ ਹੈ ਕਿ ਜੇ ਆਉਣ ਵਾਲੇ ਸਮੇਂ 'ਚ ਸਿਨੇਮਾ ਘਰ ਖੁੱਲ੍ਹ ਵੀ ਜਾਂਦੇ ਹਨ ਤਾਂ ਕੀ ਦਰਸ਼ਕਾਂ ਪਹਿਲਾਂ ਵਾਂਗ ਹੀ ਉਤਸ਼ਾਹ ਨਾਲ ਉੱਥੇ ਫਿਲਮ ਵੇਖਣ ਆਉਣਗੇ? ਇਹ ਸਵਾਲ ਜ਼ਰੂਰ ਕਿਤੇ ਨਾ ਕਿਤੇ ਇਸ ਖੇਤਰ ਨਾਲ ਜੁੜੇ ਹਰ ਸ਼ਖ਼ਸ ਦੇ ਦਿਮਾਗ 'ਚ ਹੋਵੇਗਾ। ਇਹ ਵੀ ਹੋ ਸਕਦਾ ਹੈ ਕਿ ਸਿਨੇਮਾ ਘਰਾਂ ਤਕ ਦਰਸ਼ਕਾਂ ਨੂੰ ਲਿਆਉਣ ਲਈ ਟਿਕਟਾਂ ਦੇ ਰੇਟ ਵੀ ਘੱਟ ਕੀਤੇ ਜਾਣ ਪਰ ਇਸ ਨਾਲ ਉਨ੍ਹਾਂ ਫਿਲਮਾਂ ਦੀ ਕਮਾਈ 'ਤੇ ਅਸਰ ਪਵੇਗਾ, ਜੋ ਬਣ ਕੇ ਤਿਆਰ ਹਨ ਤੇ ਪਿਛਲੇ ਦੋ ਮਹੀਨਿਆਂ ਤੋਂ ਰਿਲੀਜ਼ ਦਾ ਇੰਤਜ਼ਾਰ ਕਰ ਰਹੀਆਂ ਹਨ। ਇਨ੍ਹਾਂ 'ਚ 'ਸਰੂਯਾਵੰਸ਼ੀ', '83' ਵਰਗੀਆਂ ਵੱਡੇ ਬਜਟ ਵਾਲੀਆਂ ਫਿਲਮਾਂ ਵੀ ਸ਼ਾਮਲ ਹਨ। ਸਲਮਾਨ ਦੀ ਈਦ ਮੌਕੇ ਰਿਲੀਜ਼ ਹੋਣ ਵਾਲੀ ਫਿਲਮ 'ਰਾਧੇ' ਦਾ ਵੀ ਕੁਝ ਕੁ ਹੀ ਕੰਮ ਬਾਕੀ ਰਹਿੰਦਾ ਹੈ ਜੋ ਤਾਲਾਬੰਦੀ ਕਰਕੇ ਰੁਕਿਆ ਹੋਇਆ। ਇਹ ਵੀ ਹੋ ਸਕਦਾ ਹੈ ਕਿ ਇਨ੍ਹਾਂ ਫਿਲਮਾਂ ਦੇ ਫਿਲਮਸਾਜ਼ ਸਿਨੇਮਾ ਘਰਾਂ ਖੁੱਲ੍ਹਣ ਤੋਂ ਬਾਅਦ ਪਹਿਲਾਂ ਇਹ ਵੇਖਣਗੇ ਕਿ ਦਰਸ਼ਕਾਂ ਦਾ ਕਿਹੋ ਜਿਹਾ ਹੁੰਗਾਰਾ ਮਿਲ ਰਿਹਾ ਹੈ। ਅਜਿਹੇ 'ਚ ਇਹ ਵੀ ਸੰਭਵ ਹੈ ਕਿ ਸਿਨੇਮਾ ਘਰਾਂ ਦੇ ਮੁੜ ਸ਼ੁਰੂ ਹੋਣ 'ਤੇ ਪਹਿਲਾਂ ਛੋਟੀਆਂ ਫਿਲਮਾਂ ਹੀ ਰਿਲੀਜ਼ ਕੀਤੀਆਂ ਜਾਣ ਤਾਂ ਜੋ ਨਿਰਮਾਤਾਵਾਂ ਨੂੰ ਇਕ ਅੰਦਾਜ਼ਾ ਮਿਲ ਸਕੇ ਕਿ ਕਿੰਨੇ ਦਰਸ਼ਕ ਫਿਲਮਾਂ ਵੇਖਣ ਆ ਰਹੇ ਹਨ। ਇਹ ਵੀ ਪਤਾ ਲੱਗ ਜਾਵੇਗਾ ਕਿ ਸਿਨੇਮਾ ਹਾਲ 'ਚ ਕਿੰਨੇ ਦਰਸ਼ਕ ਬੈਠਾਉਣ ਦੀ ਆਗਿਆ ਸਰਕਾਰ ਤੋਂ ਮਿਲਦੀ ਹੈ।

ਵਿਦੇਸ਼ਾਂ 'ਚ ਸ਼ੂਟਿੰਗ ਕਰਨੀ ਹੋਈ ਕਾਫੀ ਔਖੀ
ਭਾਵੇਂ ਆਉਣ ਵਾਲੇ ਸਮੇਂ 'ਚ ਸ਼ੂਟਿੰਗ ਸ਼ੁਰੂ ਹੋ ਜਾਵੇਗੀ ਪਰ ਵਿਦੇਸ਼ 'ਚ ਸ਼ੂਟਿੰਗ ਕਰਨੀ ਹੁਣ ਪਹਿਲਾਂ ਵਾਂਗ ਆਸਾਨ ਨਹੀਂ ਹੈ। ਅਸਲ 'ਚ ਬਾਕਸ ਆਫਿਸ (ਸਿਨੇਮਾ ਘਰਾਂ) ਤੋਂ ਹੋਣ ਵਾਲੀ ਕਮਾਈ ਪੂਰੇ ਉਦਯੋਗ ਦੀ ਕਮਾਈ ਦੇ 60 ਪ੍ਰਤੀਸ਼ਤ ਦੇ ਬਰਾਬਰ ਹੁੰਦੀ ਹੈ। ਹੁਣ ਜਦੋਂ ਫਿਲਮਾਂ ਹੀ ਬਾਕਸ ਆਫਿਸ 'ਤੇ ਨਹੀਂ ਆਈਆਂ ਤਾਂ ਕਮਾਈ 'ਤੇ ਵੀ ਮਾੜਾ ਅਸਰ ਪਿਆ ਹੈ। ਇਹ ਸਥਿਤੀ ਵੇਖਦੇ ਹੋਏ ਨਿਰਮਾਤਾ ਵੀ ਵੱਡੇ ਬਜਟ ਵਾਲੀਆਂ ਐਕਸ਼ਨ ਫਿਲਮਾਂ ਬਣਾਉਣ ਤੋਂ ਹੱਥ ਪਿੱਛੇ ਨੂੰ ਹੀ ਖਿੱਚਦੇ ਨਜ਼ਰ ਆਉਣਗੇ ਕਿਉਂਕਿ ਇਨ੍ਹਾਂ ਫਿਲਮਾਂ ਦਾ ਜ਼ਿਆਦਾ ਹਿੱਸਾ ਵਿਦੇਸ਼ 'ਚ ਸ਼ੂਟ ਹੁੰਦਾ ਹੈ। ਇਸ ਲਈ ਬਜਟ ਘੱਟ ਕਰਨ ਲਈ ਫਿਲਮਸਾਜ਼ ਵਿਦੇਸ਼ 'ਚ ਸ਼ੂਟਿੰਗ ਕਰਨ ਤੋਂ ਸਹਿਜੇ ਹੀ ਗੁਰੇਜ਼ ਕਰਨਗੇ। ਵੈਸੇ ਵੀ ਐਕਸ਼ਨ ਫਿਲਮਾਂ ਜ਼ਿਆਦਾਤਰ ਵਿਦੇਸ਼ 'ਚ ਹੀ ਸ਼ੂਟ ਹੁੰਦੀਆਂ ਹਨ। ਇਸ ਤੋਂ ਇਲਾਵਾ ਫਿਲਮਸਾਜ਼ਾਂ ਨੂੰ ਸ਼ੂਟਿੰਗ ਕਰਨ ਸਮੇਂ ਵੀ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ। ਜਿਵੇਂ ਕਿ ਉਹ ਪਹਿਲਾਂ ਵਾਂਗ ਭੀੜ 'ਚ ਫਿਲਮਾਏ ਜਾਣ ਵਾਲੇ ਸੀਨ ਸ਼ੂਟ ਨਹੀਂ ਕਰ ਸਕਣਗੇ ਕਿਉਂਕਿ ਕੋਰੋਨਾ ਦੀ ਬਿਮਾਰੀ ਦਾ ਡਰ ਲੋਕਾਂ ਦੇ ਅੰਦਰੋਂ ਛੇਤੀ ਬਹਾਰ ਜਾਣ ਵਾਲਾ ਨਹੀਂ ਲਗਦਾ। ਇਸ ਨਾਲ ਹੀ ਫਿਲਮ ਦੀ ਟੀਮ ਦੇ ਮੈਂਬਰਾਂ ਦੀ ਗਿਣਤੀ ਵੀ ਨਿਧਾਰਿਤ ਕੀਤੀ ਗਈ ਹੈ। ਇਸ ਸਭ ਦਾ ਅਸਰ ਬਜਟ ਅਤੇ ਫਿਲਮ ਦੇ ਸ਼ੂਟਿੰਗ ਸਮੇਂ 'ਤੇ ਜ਼ਰੂਰ ਪਵੇਗਾ। ਇਸੇ ਲਈ ਫਿਲਮਾਂ ਘੱਟ ਤੇ ਸਮਿਤ ਬਜਟ 'ਚ ਹੀ ਬਣਾਈਆਂ ਜਾਣਗੀਆਂ।

ਫਿਲਮਸਾਜ਼ ਝੱਲ ਰਹੇ ਹਨ ਵੱਡਾ ਨੁਕਸਾਨ
ਤਾਲਾਬੰਦੀ ਦੌਰਾਨ ਕਈ ਫਿਲਮਸਾਜ਼ਾਂ ਨੂੰ ਆਰਥਿਕ ਪੱਖੋਂ ਵੱਡਾ ਨੁਕਸਾਨ ਹੋਇਆ ਹੈ। ਅਸਲ 'ਚ ਇਸ ਸਮੇਂ ਹਰ ਟੀ. ਵੀ. ਸੀਰੀਅਲ ਤੇ ਫਿਲਮ ਦੀ ਸ਼ੂਟਿੰਗ ਰੁਕੀ ਹੋਈ ਹੈ। ਵੱਡੀ ਗੱਲ ਇਹ ਹੈ ਕਿ ਬਹੁਤੀਆਂ ਫਿਲਮਾਂ ਲਈ ਤਾਂ ਕਰੋੜਾਂ ਰੁਪਏ ਲਾ ਕੇ ਮਹਿੰਗੇ ਸੈੱਟ ਤਿਆਰ ਕੀਤੇ ਗਏ ਹਨ, ਜੋ ਬਿਨਾਂ ਸ਼ੂਟਿੰਗ ਕੀਤਿਆਂ ਹੀ ਤੋੜਨੇ ਪੈ ਰਹੇ ਹਨ। ਇਸ ਤੋਂ ਇਲਾਵਾ ਕੁਝ ਫਿਲਮਾਂ ਦੀ ਸ਼ੂਟਿੰਗ ਆਪਣੇ ਆਖ਼ਰੀ ਪੜਾਅ 'ਤੇ ਰੁਕੀ ਹੋਈ ਹੈ। ਬਹੁਤ ਸਾਰੀਆਂ ਫਿਲਮਾਂ ਹੁਣ ਇਸ ਸਾਲ ਦੀ ਬਜਾਏ ਅਗਲੇ ਸਾਲ 'ਚ ਰਿਲੀਜ਼ ਹੋਣਗੀਆਂ, ਜਿਨ੍ਹਾਂ 'ਚ 'ਬ੍ਰਹਮਾਸਤਰ', 'ਧਾਕੜ', 'ਗੰਗੂਬਾਈ ਕਾਠਿਆਵਾੜੀ' ਤੇ 'ਪ੍ਰਿਥਵੀਰਾਜ ਚੌਹਾਨ' ਵਰਗੀਆਂ ਸ਼ਾਨਦਾਰ ਫਿਲਮਾਂ ਸ਼ਾਮਲ ਹਨ। ਕੁਝ ਫਿਲਮਾਂ ਬਣ ਕੇ ਤਿਆਰ ਹਨ ਤੇ ਰਿਲੀਜ਼ ਲਈ ਇੰਤਜ਼ਾਰ ਕਰ ਰਹੀਆਂ ਹਨ। ਲਾਕਡਾਊਨ ਵੱਧਣ ਨਾਲ ਕੁਝ ਫਿਲਮਸਾਜ਼ ਆਪਣੀਆਂ ਫਿਲਮਾਂ ਡਿਜੀਟਲ ਪਲੈਟਫਾਰਮਾਂ 'ਤੇ ਰਿਲੀਜ਼ ਕਰਨ ਲੱਗੇ ਹਨ। ਅਜਿਹਾ ਕਰਨ ਨਾਲ ਛੋਟੇ ਫਿਲਮਸਾਜ਼ਾਂ ਦੇ ਵੱਲੋਂ ਖ਼ਰਚੇ ਪੈਸੇ ਤਾਂ ਪੂਰੇ ਹੋ ਸਕਦੇ ਹਨ ਪਰ ਵੱਡੇ ਫਿਲਮਸਾਜ਼ਾਂ ਕੋਲ ਇੰਤਜ਼ਾਰ ਤੋਂ ਇਲਾਵਾ ਹੋਰ ਕੋਈ ਸਾਧਨ ਨਹੀਂ ਹੈ।

ਜਾਣਕਾਰੀ ਅਨੁਸਾਰ ਤਾਲਾਬੰਦੀ ਦੌਰਾਨ ਬਾਲੀਵੁੱਡ ਨੂੰ ਫਿਲਮਾਂ ਨਾ ਰਿਲੀਜ਼ ਹੋਣ ਕਾਰਨ ਹੁਣ ਤਕ ਇੰਡਸਟਰੀ ਨੂੰ 1000 ਕਰੋੜ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਪੈ ਚੁੱਕਾ ਹੈ, ਜੋ ਅੱਗੇ ਵੀ ਜਾਰੀ ਹੈ। ਇਸ ਨਾਲ ਹੀ ਬਾਲੀਵੁੱਡ 'ਚ ਹਰ ਰੋਜ਼ ਦਿਹਾੜੀ 'ਤੇ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਵੀ ਬਹੁਤ ਮਾੜੇ ਆਰਥਿਕ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਛੋਟੇ ਅਦਾਕਾਰ ਤਾਂ ਅਜਿਹੀ ਸਥਿਤੀ 'ਚ ਸਬਜੀਆਂ ਵੇਚਣ ਤਕ ਲਈ ਮਜ਼ਬੂਰ ਹਨ। ਹੁਣ ਮੁੱਦਾ ਇਸ ਗੱਲ ਦਾ ਹੈ ਕਿ ਜਦੋਂ ਸਾਡੇ ਫਿਲਮਸਾਜ਼ ਪਹਿਲਾਂ ਹੀ ਇੰਨਾ ਘਾਟਾ ਝੱਲ ਰਹੇ ਹਨ ਤਾਂ ਉਹ ਆਉਣ ਵਾਲੇ ਸਮੇਂ 'ਚ ਕੀ ਵੱਡੇ ਬਜਟ ਦੀਆਂ ਸ਼ਾਨਦਾਰ ਫਿਲਮਾਂ ਬਣਾਉਣ ਬਾਰੇ ਸੋਚਣਗੇ? ਜਿਵੇਂ ਕਿ ਰੋਹਿਤ ਸ਼ੈੱਟੀ ਦੀ ਫਿਲਮ 'ਸਰੂਯਾਵੰਸ਼ੀ' ਕਾਫ਼ੀ ਵੱਡੇ ਬਜਟ ਨਾਲ ਬਣਾਈ ਹੈ। ਫਿਲਮ ਬਣ ਕੇ ਤਿਆਰ ਹੈ ਤੇ ਪਿਛਲੇ 3 ਮਹੀਨਿਆਂ ਤੋਂ ਰਿਲੀਜ਼ ਦੇ ਇੰਤਜ਼ਾਰ 'ਚ ਹੈ। ਅਜਿਹੇ 'ਚ ਰੋਹਿਤ ਅਗਲੀ ਫਿਲਮ 'ਤੇ ਕੰਮ ਕਿਵੇਂ ਸ਼ੁਰੂ ਕਰੇਗਾ ਜਦੋਂ ਉਸ ਨੂੰ ਅਜੇ ਪਹਿਲੀ ਫਿਲਮ ਤੋਂ ਹੀ ਕੋਈ ਕਮਾਈ ਨਹੀਂ ਹੋਈ। ਅਜਿਹੇ ਹੋਰ ਵੀ ਕਈ ਫਿਲਮਸਾਜ਼ ਹਨ ਜੋ ਇਸ ਸਮੇਂ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ।

ਫਿਲਮਾਂ 'ਤੇ ਮੌਨਸੂਨ ਦਾ ਅਸਰ
ਕੁਝ ਦਿਨਾਂ ਤਕ ਭਾਰਤ 'ਚ ਮੌਨਸੂਨ ਪੌਣਾਂ ਪਹੁੰਚ ਜਾਣਗੀਆਂ, ਜਿਸ ਦਾ ਅਸਰ ਬਾਲੀਵੁੱਡ ਫ਼ਿਲਮ ਉਦਯੋਗ 'ਤੇ ਵੀ ਪਵੇਗਾ। ਅਸਲ 'ਚ ਫਿਲਮਸਾਜ਼ ਕੁਝ ਫਿਲਮਾਂ ਦੀ ਸ਼ੂਟਿੰਗ ਲਈ ਖ਼ਾਸ ਤੌਰ 'ਤੇ ਵੱਡੇ ਸੈੱਟ ਤਿਆਰ ਕਰਦੇ ਹਨ। ਇਸ ਸਮੇਂ ਵੀ 'ਥਲਾਇਵੀ', 'ਪ੍ਰਿਥਵੀਰਾਜ' ਤੇ 'ਗੰਗੂਬਾਈ ਕਾਠਿਆਵਾੜੀ' ਫਿਲਮਾਂ ਦੇ ਸੈੱਟ ਤਿਆਰ ਹਨ, ਜੋ ਬਿਨਾਂ ਸ਼ੂਟਿੰਗ ਕੀਤਿਆਂ ਮੀਂਹ ਕਾਰਨ ਖ਼ਰਾਬ ਹੋਣ ਦੇ ਡਰ ਤੋਂ ਤੋੜੇ ਜਾ ਰਹੇ ਹਨ। ਜਦੋਂ ਇਹ ਸੈੱਟ ਹੀ ਟੁੱਟ ਗਏ ਤਾਂ ਫਿਲਮ ਦੀ ਸ਼ੂਟਿੰਗ 'ਚ ਦੇਰੀ ਹੋਣੀ ਲਾਜ਼ਮੀ ਹੈ। ਇਸ ਲਈ ਇੰਡਸਟਰੀ ਦੀਆਂ ਮੁਸ਼ਕਲਾਂ ਹੋਰ ਵੱਧ ਜਾਣਗੀਆਂ।
ਇਨ੍ਹਾਂ ਸਾਰੀਆਂ ਸਥਿਤੀਆਂ ਨੂੰ ਵੇਖ ਕੇ ਸਹਿਜੇ ਹੀ ਕਿਹਾ ਜਾ ਸਕਦਾ ਹੈ ਕਿ ਬਾਲੀਵੁੱਡ ਇੰਡਸਟਰੀ ਨੂੰ ਕੋਰੋਨਾ ਮਹਾਮਾਰੀ ਤੋਂ ਉਭਰਨ ਲਈ ਲੰਬਾ ਸਮਾਂ ਲੱਗੇਗਾ। ਉਮੀਦ ਕਰਦੇ ਹਾਂ ਕਿ ਜਲਦ ਸਥਿਤੀ ਠੀਕ ਹੋਵੇਗੀ ਅਤੇ ਮਨੋਰੰਜਨ ਦੀ ਦੁਨੀਆ 'ਚ ਮੁੜ ਰੌਣਕ ਪਰਤੇਗੀ।


Tags: Bollywood Film IndustryCoronavirusImpactLong TimeCovid 19Lockdown

About The Author

sunita

sunita is content editor at Punjab Kesari