ਨਵੀਂ ਦਿੱਲੀ (ਬਿਊਰੋ) : 24 ਦਸੰਬਰ ਯਾਨੀ ਅੱਜ ਹਿੰਦੀ ਸਿਨੇਮਾ ਦੇ ਮਹਾਨ ਪਿੱਠਵਰਤੀ ਗਾਇਕ ਮੁਹੰਮਦ ਰਫੀ ਦਾ 95ਵਾਂ ਜਨਮ ਦਿਨ ਹੈ। ਉਹ ਇਕ ਅਸਾਧਾਰਨ ਗਾਇਕ ਤਾਂ ਸਨ ਹੀ ਪਰ ਇਕ ਨੇਕਦਿਲ, ਮਦਦਗਾਰ ਅਤੇ ਸੰਵੇਦਨਸ਼ੀਲ ਇਨਸਾਨ ਵੀ ਸਨ। ਉਹ ਅਕਸਰ ਲੋਕਾਂ ਦੀ ਕਈ ਮਾਮਲਿਆਂ 'ਚ ਸਹਾਇਤਾ ਕਰਦੇ ਸਨ। ਉਨ੍ਹਾਂ ਦੇ ਇਸ ਰੂਪ ਦੇ ਕਈ ਕਿੱਸੇ ਅਕਸਰ ਸੁਣਨ ਤੇ ਪੜ੍ਹਨ ਨੂੰ ਮਿਲਦੇ ਹਨ ਪਰ ਇਕ ਕਿੱਸਾ ਅਜਿਹਾ ਹੈ, ਜਿਸ ਨੂੰ ਪੜ੍ਹ ਕੇ ਤੁਸੀਂ ਹੈਰਾਨ ਹੋ ਜਾਵੋਗੇ। ਇਹ ਕਿੱਸਾ ਰਫੀ ਸਾਹਿਬ ਦੇ ਬੇਟੇ ਸ਼ਾਹਿਦ ਰਫੀ ਨੇ ਇਕ ਇੰਟਰਵਿਊ 'ਚ ਬਿਆਨ ਕੀਤਾ ਸੀ।
ਮੁਹੰਮਦ ਰਫੀ ਨੇ ਪਰਿਵਾਰ ਤੋਂ ਲੁਕਾਈ ਸੀ ਇਹ ਗੱਲ
ਸ਼ਾਹਿਦ ਰਫੀ ਨੇ ਦੱਸਿਆ ਸੀ, ''ਸਾਲ 1980 'ਚ ਜਦੋਂ ਵਾਲਿਦ ਦਾ ਇੰਤਕਾਲ ਹੋਇਆ ਸੀ। ਇਸ ਤੋਂ 6 ਮਹੀਨੇ ਬਾਅਦ ਸਾਡੇ ਘਰ ਦੇ ਬਾਹਰ ਇਕ ਬਾਬਾ ਆਇਆ, ਜੋ ਕਿ ਕਸ਼ਮੀਰ ਤੋਂ ਸੀ। ਸਾਨੂੰ ਲੱਗਿਆ ਕੋਈ ਫਕੀਰ ਹੋਵੇਗਾ। ਉਹ ਸ਼ਖਸ ਬਾਹਰ ਵਾਚਮੈਨ ਨਾਲ ਬਹਿਸ ਕਰਨ ਲੱਗਿਆ। ਬੋਲਿਆ, ਮੈਂ ਸਾਹਿਬ ਨੂੰ ਮਿਲਣਾ ਹੈ। ਵਾਚਮੈਨ ਸ਼ੇਰ ਸਿੰਘ ਸਾਡੇ ਮਾਮੂ ਨੂੰ ਵੀ ਸਾਹਿਬ ਬੋਲਦਾ ਸੀ ਕਿਉਂਕਿ ਮਾਮੂ ਰਫੀ ਸਾਹਿਬ ਦੇ ਸੈਕਟਰੀ ਸਨ। ਉਹ ਦਫਤਰ ਦੇ ਮੋਹਨ ਲਾਲ ਅੰਕਲ ਨਾਲ ਮਿਲ ਕੇ ਅੱਬਾ ਦਾ ਸਾਰਾ ਕੰਮ ਦੇਖਦੇ ਸਨ। ਮਾਮੂ ਨੇ ਬਹਿਸ ਦੀ ਆਵਾਜ਼ ਸੁਣੀ ਤਾ ਪੁੱਛਿਆ ਕੀ ਗੱਲ ਹੈ? ਬਾਬਾ ਬੋਲਿਆ ਮੈਨੂੰ ਸਾਹਿਬ ਨੂੰ ਮਿਲਣਾ ਹੈ। ਉਨ੍ਹਾਂ ਨੇ ਕਿਹਾ ਕਿ ਕੋਈ ਫਕੀਰ ਹੈ ਕੀ ਤਾਂ ਉਹ ਸ਼ਖਸ ਚੀਕ ਕੇ ਬੋਲਿਆ, ਮੈਂ ਫਕੀਰ ਨਹੀਂ ਹਾਂ। ਮੈਂ ਸਾਹਿਬ ਨੂੰ ਮਿਲਣਾ ਹੈ। ਮਾਮੂ ਨੇ ਉਸ ਨੂੰ ਅੰਦਰ ਬੁਲਾਇਆ ਤੇ ਬੈਠਣ ਨੂੰ ਕਿਹਾ। ਮੈਂ ਵੀ ਉੱਥੇ ਹੀ ਸੀ ਤੇ ਅੰਮੀ ਵੀ।
ਮਾਮੂ ਨੇ ਪੁੱਛਿਆ ਕੀ ਗੱਲ ਹੈ, ਬੋਲ ਕਿਉਂ ਨਹੀਂ ਰਹੇ। ਉਹ ਬੋਲਿਆ, ਤੁਹਾਡੇ ਨਾਲ ਨਹੀਂ, ਸਾਹਿਬ ਨਾਲ ਗੱਲ ਕਰਾਂਗਾ। ਮਾਮੂ ਨੇ ਪੁੱਛਿਆ, ਕੌਣ ਸਾਹਿਬ। ਉਹ ਬੋਲਿਆ, ਮੁਹੰਮਦ ਰਫੀ ਸਾਹਿਬ। ਮਾਮੂ ਹੈਰਾਨੀ 'ਚ ਪੈ ਗਏ। ਇਹ ਕਿਹੋ-ਜਿਹਾ ਆਦਮੀ ਹੈ, ਇਸ ਨੂੰ ਪਤਾ ਨਹੀਂ ਹੈ। ਫਿਰ ਪੁੱਛਿਆ, ਕਿਉਂ ਤੁਹਾਨੂੰ ਪਤਾ ਨਹੀਂ ਹੈ। ਘੱਟੋ-ਘੱਟ ਚਾਰ, ਛੇ ਮਹੀਨੇ ਹੋਏ ਉਨ੍ਹਾਂ ਦਾ ਇੰਤਕਾਲ ਹੋ ਗਿਆ ਹੈ। ਉਹ ਕਿੱਥੋਂ ਮਿਲਣਗੇ। ਬਾਬਾ ਝੱਟ ਖੜ੍ਹਾ ਹੋ ਗਿਆ ਅਤੇ ਬੋਲਿਆ, ਤਾਂ ਹੀ ਮੈਂ ਸੋਚਾਂ ਕਿ ਮੇਰੇ ਪੈਸੇ ਆਉਣੇ ਕਿਉਂ ਬੰਦ ਹੋ ਗਏ।
ਉਦੋਂ ਪੂਰੇ ਪਰਿਵਾਰ ਨੂੰ ਪਤਾ ਲੱਗਿਆ ਕਿ ਅੱਬਾ ਇਸ ਸ਼ਖਸ ਨੂੰ ਸਾਰਿਆਂ ਦੀਆਂ ਨਜ਼ਰਾਂ ਤੋਂ ਛੁਪਾ ਕੇ ਪੈਸੇ ਭੇਜਦੇ ਸਨ। ਸਾਨੂੰ ਹੈਰਾਨੀ ਇਸ ਲਈ ਵੀ ਹੋਈ ਕਿਉਂਕਿ ਮਾਮੂ ਨੂੰ ਵੀ ਇਹ ਗੱਲ ਪਤਾ ਨਹੀਂ ਸੀ, ਜਦੋਂਕਿ ਉਹ ਸਾਰਾ ਕੰਮਕਾਜ ਖੁਦ ਸੰਭਾਲਦੇ ਸਨ। ਅੰਮੀ ਤੱਕ ਨੂੰ ਇਸ ਗੱਲ ਦੀ ਕੋਈ ਖਬਰ ਨਹੀਂ ਸੀ। ਸਾਨੂੰ ਇਹ ਤਾਂ ਪਤਾ ਸੀ ਕਿ ਉਹ ਦਾਨ ਕਰਦੇ ਰਹਿੰਦੇ ਹਨ ਪਰ ਨਿਯਮਿਤ ਤੌਰ 'ਤੇ ਪੈਸੇ ਵੀ ਭੇਜਦੇ ਹਨ, ਇਹ ਪਤਾ ਨਹੀਂ ਸੀ। ਸਾਨੂੰ ਉਹ ਕਹਾਵਤ ਯਾਦ ਆਈ ਕਿ 'ਸੱਜਾ ਹੱਥ ਦਾਨ ਕਰੇ ਤੇ ਖੱਬੇ ਹੱਥ ਨੂੰ ਪਤਾ ਨਾ ਚੱਲੇ।' ਇਸ ਤੋਂ ਬਾਅਦ ਅੱਬਾ ਪ੍ਰਤੀ ਸਾਡੇ ਮਨ 'ਚ ਸਨਮਾਨ ਹੋਰ ਵਧ ਗਿਆ। ਉਹ ਸੱਚਮੁੱਚ ਵਿਰਲੇ ਇਨਸਾਨ ਸਨ।''
ਘਰ 'ਚ ਅਜਿਹੇ ਪਿਤਾ ਸਨ ਰਫੀ
ਇਕ ਪਿਤਾ ਦੇ ਤੌਰ 'ਤੇ ਰਫੀ ਕਿਹੋ-ਜਿਹੇ ਸਨ, ਇਸ 'ਤੇ ਸ਼ਾਹਿਦ ਨੇ ਦੱਸਿਆ ਕਿ ਜੇਕਰ ਪੁਨਰਜਨਮ ਹੁੰਦਾ ਹੈ ਤਾਂ ਮੈਂ ਚਾਹਾਂਗਾ ਮੈਨੂੰ ਇਹੀ ਮਾਂ-ਬਾਪ ਦੁਬਾਰਾ ਮਿਲਣ। ਅੱਬਾ ਕਦੇ ਸੋਸ਼ਲਾਈਜਿੰਗ ਨਹੀਂ ਕਰਦੇ ਸਨ। ਸਟੂਡੀਓ ਤੋਂ ਕੰਮ ਖਤਮ ਹੋਣ 'ਤੇ ਸਿੱਧੇ ਘਰ ਆ ਕੇ ਬੱਚਿਆਂ ਨਾਲ ਖੇਡਦੇ ਸਨ। ਉਹ ਪੂਰੇ ਫੈਮਿਲੀ ਮੈਨ ਸਨ। ਦੋਸਤਾਂ ਨਾਲ ਕਿਤੇ ਨਹੀਂ ਜਾਂਦੇ ਸਨ। ਜੇਕਰ ਕਿਤੇ ਜਾਂਦੇ ਵੀ ਸਨ ਤਾਂ ਬੱਚਿਆਂ ਨੂੰ ਲੈ ਕੇ ਹੀ ਜਾਂਦੇ। ਲੋਨਾਵਾਲਾ 'ਚ ਸਾਨੂੰ ਵੀਕੈਂਡ 'ਤੇ ਲੈ ਜਾਂਦੇ ਸਨ। ਉੱਥੇ ਬੰਗਲਾ ਸੀ। ਉੱਥੇ ਘੁੰਮਦੇ-ਫਿਰਦੇ। ਹੀ ਵਾਜ਼ ਐਨ ਐਕਸੀਲੈਂਟ ਫਾਦਰ।
ਸਟੂਡੀਓ 'ਚ ਤਾਰੀਫ ਹੁੰਦੀ ਤਾਂ ਰਫੀ ਦਿੰਦੇ ਸਨ ਇਹ ਜਵਾਬ
ਸ਼ਾਹਿਦ ਨੇ ਦੱਸਿਆ ਕਿ ਜਦੋਂ ਵੀ ਰਿਕਾਰਡਿੰਗ ਸਟੂਡੀਓ 'ਚ ਗਾਣਾ ਖਤਮ ਹੁਣ ਤੋਂ ਬਾਅਦ ਸੰਗੀਤਕਾਰ ਜਾਂ ਸਾਜਿੰਦੇ ਉਨ੍ਹਾਂ ਦੀ ਗਾਇਕੀ ਦੀ ਤਾਰੀਫ ਕਰਦੇ ਤਾਂ ਉਹ ਇਸ਼ਾਰੇ ਨਾਲ ਉੱਪਰ ਵੱਲ ਦੇਖ ਕੇ ਬੋਲਦੇ ਕਿ ਇਹ ਉੱਪਰਵਾਲੇ ਦੀ ਦੇਣ ਹੈ। ਮੇਰਾ ਹੁਨਰ ਉਸ ਦੀ ਦੇਣ ਹੈ। ਮੈਂ ਕੁਝ ਨਹੀਂ ਹਾਂ।
ਉੱਪਰ ਵਾਲੇ ਨੇ ਸਾਂਚਾ ਬਣਾਇਆ, ਰਫੀ ਨੂੰ ਢਾਲਿਆ ਅਤੇ ਸਾਂਚਾ ਟੁੱਟ ਗਿਆ
ਸ਼ਾਹਿਦ ਨੇ ਆਪਣੇ ਪਿਤਾ ਰਫੀ ਦੀ ਪਰਿਭਾਸ਼ਾ ਦਿੰਦਿਆਂ ਕਿਹਾ ਕਿ ਜਿਸ ਤਰ੍ਹਾਂ ਸਾਂਚੇ 'ਚ ਲੱਖਾਂ ਦੀ ਗਿਣਤੀ 'ਚ ਇਕੋ ਜਿਹੀਆਂ ਚੀਜ਼ਾਂ ਬਣਦੀਆਂ ਹਨ। ਉਸੇ ਤਰ੍ਹਾਂ ਸਮਝੋ ਕਿ ਉੱਪਰ ਵਾਲੇ ਨੇ ਇਕ ਸਾਂਚਾ ਬਣਾਇਆ। ਉਸ 'ਚ ਰਫ਼ੀ ਸਾਹਿਬ ਨੂੰ ਪਾ ਕੇ ਢਾਲਿਆ। ਫਿਰ ਉਸ ਨੂੰ ਤੋੜ ਦਿੱਤਾ। ਉਹ ਸਾਂਚਾ ਅੱਜ ਤਕ ਨਹੀਂ ਬਣਿਆ। ਉਸ ਤੋਂ ਬਾਅਦ ਦੂਜਾ ਕੋਈ ਰਫ਼ੀ ਹੀ ਨਹੀਂ ਬਣਿਆ। ਉਹ ਦਰਦ, ਕਸ਼ਿਸ਼, ਮਿਠਾਸ, ਮੈਲੋਡੀ ਉਹ ਸਭ ਅਲੌਕਿਕ ਸੀ।