ਨਵੀਂ ਦਿੱਲੀ (ਬਿਊਰੋ) — ਦਿੱਗਜ ਅਦਾਕਾਰਾ ਰਾਖੀ ਗੁਲਜ਼ਾਰ 16 ਸਾਲ ਬਾਅਦ ਫਿਲਮਾਂ 'ਚ ਵਾਪਸੀ ਕਰਨ ਜਾ ਰਹੀ ਹੈ। ਰਾਖੀ ਆਖਰੀ ਵਾਰ ਫਿਲਮ 'ਸ਼ੁਭੋ ਮੁਹੂਰਤ' 'ਚ 2003 'ਚ ਦਿਸੀ ਸੀ। ਉਹ ਫਿਰ ਤੋਂ ਬੰਗਾਲੀ ਫਿਲਮ 'ਨਿਵਰਾਣ' ਜ਼ਰੀਏ ਆ ਰਹੀ ਹੈ। ਰਿਪੋਰਟ ਮੁਤਾਬਕ, ਰਾਖੀ ਗੁਲਜ਼ਾਰ, ਗੌਤਮ ਹਲਦਰ ਦੀ ਫਿਲਮ 'ਨਿਵਰਾਣ' ਰਾਹੀਂ ਸਿਲਵਰ ਸਕ੍ਰੀਨ 'ਤੇ ਵਾਪਸੀ ਕਰ ਰਹੀ ਹੈ। ਹਾਲ ਹੀ 'ਚ ਇਸ ਫਿਲਮ ਦੀ ਸਕ੍ਰੀਨਿੰਗ ਕੋਲਾਕਾਤਾ ਫਿਲਮ ਫੈਸਟੀਵਲ 'ਚ ਹੋਈ ਹੈ। 'ਨਿਵਰਾਣ' ਫਿਲਮ 'ਚ ਰਾਖੀ ਨੇ ਬਿਜਲੀਬਾਲਾ ਨਾਂ ਦੀ ਇਕ ਮਹਿਲਾ ਦਾ ਰੋਲ ਕੀਤਾ ਹੈ।
ਰਾਖੀ ਨੇ ਕਿਹਾ ਕਿ ਇਹ ਕਿਰਦਾਰ ਉਨ੍ਹਾਂ ਨੂੰ ਅਜਿਹਾ ਲੱਗਿਆ ਕਿ ਹਰ ਹਾਲ 'ਚ ਇਸ ਫਿਲਮ 'ਚ ਕੰਮ ਕਰਨਾ ਹੋਵੇਗਾ। ਰਾਖੀ ਬੇਹੱਦ ਖੂਬਸੂਰਤ ਤੇ ਪ੍ਰਤਿਭਾਸ਼ਾਲੀ ਅਦਾਕਾਰਾ ਮੰਨੀ ਜਾਂਦੀ ਹੈ। 72 ਸਾਲ ਦੀ ਰਾਖੀ ਗੁਲਜ਼ਾਰ ਨੇ ਹਿੰਦੀ ਤੋਂ ਇਲਾਵਾ ਬੰਗਾਲੀ ਸਿਨੇਮਾ 'ਚ ਆਪਣੀ ਛਾਪ ਛੱਡੀ ਹੈ। ਰਾਖੀ ਨੇ 'ਦਾਗ', 'ਬਲੈਕਮੇਲ', 'ਕਭੀ-ਕਭੀ', 'ਮੁਕਦਰ ਕਾ ਸਿਕੰਦਰ', 'ਕਸਮੇ ਵਾਦੇ', 'ਤ੍ਰਿਸ਼ੂਲ', 'ਕਾਲਾ ਪੱਥਰ', 'ਰਾਮ ਲਖਨ, 'ਬਾਜ਼ੀਗਰ', 'ਕਰਣ ਅਰਜੁਨ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ।
'ਕਰਣ-ਅਰਜੁਨ' 'ਚ ਰਾਖੀ ਨੇ ਸਲਮਾਨ ਖਾਨ ਤੇ ਸ਼ਾਹਰੁਖ ਖਾਨ ਦੀ ਮਾਂ ਦਾ ਕਿਰਦਾਰ ਨਿਭਾਇਆ ਸੀ। ਉਨ੍ਹਾਂ ਦਾ ਡਾਇਲਾਗ 'ਮੇਰੇ ਕਰਣ ਅਰਜੁਨ ਜ਼ਰੂਰ ਆਏਂਗੇ...' ਬੇਹੱਦ ਮਸ਼ਹੂਰ ਹੋਇਆ ਸੀ।
ਗੁਲਜ਼ਾਰ ਤੇ ਰਾਖੀ ਨੇ 1973 'ਚ ਵਿਆਹ ਕਰਵਾਇਆ ਸੀ ਪਰ ਦੋਵੇਂ ਵਿਆਹ ਤੋਂ ਸਾਲ ਬਾਅਦ ਹੀ ਵੱਖ ਹੋ ਗਏ ਸਨ। ਰਾਖੀ ਦੇ ਫਿਲਮੀ ਕਰੀਅਰ ਸਬੰਧੀ ਦੋਵਾਂ 'ਚ ਕਾਫੀ ਵਿਵਾਦ ਰਿਹਾ ਪਰ ਵੱਖ ਹੋਣ ਤੋਂ ਬਾਅਦ ਵੀ ਦੋਵਾਂ ਨੇ ਤਲਾਕ ਨਹੀਂ ਲਿਆ। ਵੱਖ ਹੁੰਦੇ ਹੋਏ ਵੀ ਮੇਘਨਾ ਦੀ ਪਰਵਰਿਸ਼ ਗੁਲਜ਼ਾਰ ਤੇ ਰਾਖੀ ਨੇ ਮਿਲ ਕੇ ਕੀਤੀ ਸੀ।