FacebookTwitterg+Mail

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਬਦ ਸੁਖਵਿੰਦਰ ਸਿੰਘ ਦੀ ਆਵਾਜ਼ 'ਚ ਰਿਲੀਜ਼

bollywood singer sukhwinder singh
23 July, 2019 04:51:57 PM

ਅੰਮ੍ਰਿਤਸਰ/ਜਲੰਧਰ (ਸੁਮਿਤ ਖੰਨਾ) — ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੰਗਤਾਂ ਵਲੋਂ ਅੰਤਰਰਾਸ਼ਟਰੀ ਨਗਰ ਕੀਰਤਨ ਨਨਕਾਣਾ ਸਾਹਿਬ ਤੋਂ ਆਰੰਭ ਹੋਵੇਗਾ, ਜੋ ਕਿ 16 ਸੂਬਿਆਂ ਤੋਂ ਹੁੰਦੇ ਹੋਏ ਸੁਲਤਾਨਪੁਰ ਲੋਧੀ 'ਚ ਸੰਪੂਰਨ ਹੋਵੇਗਾ। ਨਗਰ ਕੀਰਤਨ ਨੂੰ ਸਮਰਪਿਤ ਬਾਲੀਵੁੱਡ ਦੇ ਮਸ਼ਹੂਰ ਗਾਇਕ ਸੁਖਵਿੰਦਰ ਸਿੰਘ ਦੀ ਸੁਰੀਲੀ ਆਵਾਜ਼ 'ਚ ਥੀਮ ਸ਼ਬਦ 'ਕਲਿ ਤਾਰਣ ਗੁਰੁ ਨਾਨਕ ਆਇਆ' ਰਿਲੀਜ਼ ਹੋਇਆ ਹੈ, ਜਿਸ ਨੂੰ ਨਗਰ ਕੀਰਤਨ 'ਚ ਸੰਗਤਾਂ ਵਲੋਂ ਗਾਇਆ ਵੀ ਜਾਵੇਗਾ। ਧੁਨੀ ਸ਼ਬਦ ਰਿਲੀਜ਼ ਕਰਨ ਦੀ ਰਸਮ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ, ਪ੍ਰਮੁੱਖ ਆਗੂ ਸ. ਦਰਬਾਰਾ ਸਿੰਘ ਗੁਰੂ, ਸ. ਪੀ. ਐਸ. ਪਸਰੀਚਾ, ਮੁੱਖ ਸਕੱਤਰ ਡਾ. ਰੂਪ ਸਿੰਘ, ਮੈਂਬਰ ਸ. ਬਲਦੇਵ ਸਿੰਘ ਚੂੰਘਾਂ, ਸ. ਅਜਮੇਰ ਸਿੰਘ ਖੇੜਾ ਤੇ ਹੋਰਾਂ ਨੇ ਸਾਂਝੇ ਤੌਰ 'ਤੇ ਨਿਭਾਈ।

Punjabi Bollywood Tadka

ਇਸ ਦੌਰਾਨ ਗਾਇਕ ਸੁਖਵਿੰਦਰ ਸਿੰਘ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਬਖਸ਼ਿਸ਼ ਸਿਰੋਪਾਓ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ ਅਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਪੀ. ਐੱਸ. ਪਸਰੀਚਾ ਅਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਵੀ ਵਿਚਾਰ ਪ੍ਰਗਟ ਕੀਤੇ ਅਤੇ ਗਾਇਕ ਸੁਖਵਿੰਦਰ ਸਿੰਘ ਦੀਆਂ ਸ਼ਬਦ ਗਾਇਨ ਲਈ ਕੀਤੀਆਂ ਸੇਵਾਵਾਂ ਦੀ ਪ੍ਰਸੰਸਾ ਕੀਤੀ। ਇਸ ਮੌਕੇ ਸ. ਦਰਬਾਰਾ ਸਿੰਘ ਗੁਰੂ, ਸ਼੍ਰੋਮਣੀ ਕਮੇਟੀ ਮੈਂਬਰ ਸ. ਬਲਦੇਵ ਸਿੰਘ ਚੂੰਘਾ, ਸ. ਅਜਮੇਰ ਸਿੰਘ ਖੇੜਾ, ਸ. ਹਰਭਜਨ ਸਿੰਘ ਮਸਾਣਾ, ਦਿੱਲੀ ਕਮੇਟੀ ਦੇ ਜਨਰਲ ਸਕੱਤਰ ਸ. ਹਰਮੀਤ ਸਿੰਘ ਕਾਲਕਾ, ਸ. ਜਸਬੀਰ ਸਿੰਘ ਮੁੰਬਈ, ਸਕੱਤਰ ਸ. ਮਨਜੀਤ ਸਿੰਘ ਬਾਠ, ਸ. ਮਹਿੰਦਰ ਸਿੰਘ ਆਹਲੀ, ਸ. ਪਰਮਜੀਤ ਸਿੰਘ ਚੰਡੋਕ, ਨਿੱਜੀ ਸਕੱਤਰ ਇੰਜ: ਸੁਖਮਿੰਦਰ ਸਿੰਘ, ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਕੁਲਵਿੰਦਰ ਸਿੰਘ ਰਮਦਾਸ, ਸ. ਸੁਖਵਿੰਦਰ ਸਿੰਘ ਅਗਵਾਨ, ਸ. ਦਰਸ਼ਨ ਸਿੰਘ ਪੀ. ਏ., ਸ. ਸਤਨਾਮ ਸਿੰਘ ਸੁਪ੍ਰਿੰਟੈਂਡੈਂਟ ਤੇ ਸ. ਬਲਵਿੰਦਰ ਸਿੰਘ ਮਹੰਤ, ਸ. ਮਲਕੀਤ ਸਿੰਘ ਬਹਿੜਵਾਲ ਸਹਾਇਕ ਸੁਪ੍ਰਿੰਟੈਂਡੈਂਟ ਅਤੇ ਹੋਰ ਮੌਜੂਦ ਸਨ।

Punjabi Bollywood Tadka
ਦੱਸ ਦਈਏ ਕਿ ਸੁਖਵਿੰਦਰ ਸਿੰਘ ਨੇ ਦੱਸਿਆ ਕਿ ''ਜਦੋਂ ਉਹ 9 ਸਾਲ ਦੇ ਸਨ ਤਾਂ ਗੁਰਦੁਆਰਾ ਮੰਜੀ ਸਾਹਿਬ 'ਚ ਇਹ ਸ਼ਬਦ ਗਾਉਣ ਦਾ ਉਨ੍ਹਾਂ ਨੂੰ ਮੌਕਾ ਮਿਲਿਆ। ਉਨ੍ਹਾਂ ਨੇ ਕਿਹਾ ਕਿ ਮੈਂ ਖੁਦ ਨੂੰ ਭਾਗਾਂਵਾਲਾ ਮੰਨਦਾ ਹਾਂ ਕਿ ਇਹ ਆਸ਼ੀਰਵਾਦ ਮੈਨੂੰ ਮਿਲਿਆ ਹੈ।'' ਇਸ ਸਬੰਧ 'ਚ ਮਹਾਰਾਸ਼ਟਰ ਦੇ ਸਾਬਕਾ ਡੀ. ਜੀ. ਪੀ. ਡਾਕਟਰ ਪੀ. ਐੱਸ. ਪਸਰੀਚਾ ਨੇ ਦੱਸਿਆ ਕਿ 'ਐੱਸ. ਜੀ. ਪੀ. ਸੀ. ਦੀ ਦੇਖਰੇਖ 'ਚ 1 ਅਗਸਤ ਤੋਂ ਸ਼ੁਰੂ ਹੋਣ ਵਾਲਾ ਨਗਰ ਕੀਰਤਨ 16 ਸੂਬਿਆਂ ਤੋਂ ਹੁੰਦੇ ਹੋਏ ਸੁਲਤਾਨਪੁਰ ਲੋਧੀ 'ਚ ਸੰਪੂਰਨ ਹੋਵੇਗਾ। ਐੱਸ. ਜੀ. ਪੀ. ਸੀ. ਪ੍ਰਧਾਨ ਭਾਈ ਲੌਂਗੋਵਾਲ ਦੀ ਅਗਵਾਈ ਹੇਠ ਨਗਰ ਕੀਰਤਨ ਨੂੰ ਸੁੰਦਰ ਝਾਕੀਆਂ ਨਾਲ ਸਜਾਇਆ ਜਾਵੇਗਾ ਅਤੇ ਸੰਗਤਾਂ ਵਲੋਂ ਗੁਰੂ ਜਾਪ ਕੀਤਾ ਜਾਵੇਗਾ। ਇਸ ਸਬੰਧ 'ਚ ਜਗਤ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਵ ਦੇ ਸਬੰਧ 'ਚ ਐੱਸ. ਜੀ. ਪੀ. ਸੀ. ਵਲੋਂ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। 12 ਨਵੰਬਰ ਨੂੰ ਵਿਸ਼ਾਲ ਸਮਾਗਮ ਹੋਵੇਗਾ। ਅੰਤਰਰਾਸ਼ਟਰੀ ਨਗਰ ਕੀਰਤਨ 1 ਅਗਸਤ ਤੋਂ ਨਨਕਾਣਾ ਸਾਹਿਬ ਤੋਂ ਸ਼ੁਰੂ ਕੀਤਾ ਜਾਵੇਗਾ, ਜਿਸ ਦਾ ਵਾਹਗਾ ਬਾਰਡਰ 'ਤੇ ਨਿੱਘਾ ਸਵਾਗਤ ਕੀਤਾ ਜਾਵੇਗਾ।


Tags: 550th Prakash Parv Shri Guru Nanak Dev JiSukhwinder SinghNankana Sahibਅੰਤਰਰਾਸ਼ਟਰੀ ਨਗਰ ਕੀਰਤਨ

Edited By

Sunita

Sunita is News Editor at Jagbani.