FacebookTwitterg+Mail

ਪ੍ਰਵਾਸੀ ਮਜ਼ਦੂਰਾਂ ਲਈ ਸੁਪਰਹੀਰੋ ਬਣ ਬਹੁੜਿਆ ਸੋਨੂੰ ਸੂਦ, ਹਰ ਪਾਸੇ ਹੋ ਰਹੀ ਤਾਰੀਫ਼

bollywood sonu sood became a superhero for migrant workers
05 June, 2020 01:53:23 PM

ਜਲੰਧਰ (ਬਿਊਰੋ) : ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਤਕ ਪਹੁੰਚਾਉਣ 'ਚ ਹੁਣ ਤਕ ਅਦਾਕਾਰ ਸੋਨੂੰ ਸੂਦ ਨੇ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਦੇ ਇਸ ਉਪਰਾਲੇ ਦੀ ਹਰ ਕੋਈ ਤਾਰੀਫ਼ ਕਰ ਰਿਹਾ ਹੈ। ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ 'ਚ ਹੈ। ਉਹ ਉਨ੍ਹਾਂ ਕਲਾਕਾਰਾਂ 'ਚੋਂ ਇਕ ਹੈ ਜੋ ਮੁੰਬਈ 'ਚ ਤਾਲਾਬੰਦੀ ਦੀ ਮਾਰ ਝੱਲ ਰਹੇ ਪ੍ਰਵਾਸੀ ਮਜ਼ਦੂਰਾਂ ਅਤੇ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਸੋਨੂੰ ਸੂਦ ਲਗਾਤਾਰ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਤਕ ਪਹੁੰਚਾਉਣ ਲਈ ਹਰ ਸੰਭਵ ਮਦਦ ਕਰ ਰਹੇ ਹਨ। ਇਹੀ ਵਜ੍ਹਾ ਹੈ ਕਿ ਸੋਸ਼ਲ ਮੀਡੀਆ ਤੇ ਹੋਰ ਪਲੈਟਫਾਰਮਾਂ 'ਤੇ ਅੱਜਕੱਲ੍ਹ ਉਨ੍ਹਾਂ ਦੀ ਕਾਫੀ ਤਾਰੀਫ਼ ਹੋ ਰਹੀ ਹੈ।

ਹਰ ਪਾਸੇ ਹੋ ਰਹੀ ਤਾਰੀਫ਼
ਸੋਨੂੰ ਸੂਦ ਅਤੇ ਉਸ ਦੀ ਟੀਮ ਵੱਲੋਂ ਮੁੰਬਈ 'ਚ ਸ਼ੁਰੂ ਕੀਤੀ ਗਈ ਬੱਸ ਸੇਵਾ ਦੇ ਜ਼ਰੀਏ ਹੁਣ ਤਕ ਹਾਜ਼ਾਰਾਂ ਲੋਕਾਂ ਨੂੰ ਉਨ੍ਹਾਂ ਦੇ ਘਰ ਸਹੀ ਸਲਾਮਤ ਪਹੁੰਚਾਇਆ ਜਾ ਚੁੱਕਾ ਹੈ। ਸੋਨੂੰ ਸੂਦ ਦੀ ਇਸ ਪਹਿਲ ਕਦਮੀ ਨਾਲ ਜਿੱਥੇ ਲੋਕ ਖੁਸ਼ ਹੋਏ ਹਨ ਉੱਥੇ ਹੀ ਸਿਆਸਤਦਾਨ ਅਤੇ ਫਿਲਮੀ ਸਿਤਾਰੇ ਵੀ ਉਸ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ। ਰਾਜਕੁਮਾਰ ਰਾਓ ਨੇ ਤਾਂ ਸੋਨੂੰ ਦੀ ਤਾਰੀਫ ਕਰਦੇ ਹੋਏ ਉਸ ਨੂੰ ਅਸਲੀ ਹੀਰੋ ਵੀ ਦੱਸਿਆ ਹੈ। ਰਾਓ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸੋਨੂੰ ਸੂਦ ਦਾ ਇਕ ਕਾਰਟੂਨ ਪੋਸਟਰ ਸਾਂਝਾ ਕੀਤਾ ਹੈ। ਇਸ ਪੋਸਟਰ 'ਚ ਸੋਨੂੰ ਸੁਪਰਮੈਨ ਦੇ ਪਹਿਰਾਵੇ 'ਚ ਪ੍ਰਵਾਸੀ ਮਜ਼ਦੂਰਾਂ ਦੀ ਬੱਸ ਨੂੰ ਧੱਕਾ ਲਗਾਉਂਦਾ ਨਜ਼ਰ ਆ ਰਿਹਾ ਹੈ। ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਵੀ ਸੋਨੂੰ ਸੂਦ ਦੀ ਤਾਰੀਫ਼ ਕਰਦੇ ਹੋਇਆ ਸੋਸ਼ਲ ਮੀਡੀਆ 'ਤੇ ਲਿਖਿਆ 'ਸੋਨੂੰ, ਇਹ ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਇਕ ਪ੍ਰੋਫੈਸ਼ਨਲ ਸਾਥੀ ਦੇ ਤੌਰ 'ਤੇ 2 ਦਹਾਕੇ ਤੋਂ ਤੁਹਾਨੂੰ ਜਾਣਦੀ ਹਾਂ ਅਤੇ ਐਕਟਰ ਦੇ ਤੌਰ 'ਤੇ ਤੁਹਾਡੀ ਕੀਤੀ ਤਰੱਕੀ ਕਾਰਨ ਖੁਸ਼ੀ ਮਿਲੀ ਹੈ ਪਰ ਅਜਿਹੇ ਚੁਣੌਤੀਪੂਰਨ ਹਾਲਾਤ 'ਤੇ ਤੁਸੀਂ ਜਿਸ ਤਰ੍ਹਾਂ ਦੀ ਦਿਆਲਤਾ ਵਿਖਾਈ ਹੈ, ਇਸ ਨੂੰ ਵੇਖ ਕੇ ਮੈਨੂੰ ਤੁਹਾਡੇ 'ਤੇ ਹੋਰ ਵੀ ਮਾਣ ਹੁੰਦਾ ਹੈ। ਜ਼ਰੂਰਤਮੰਦਾਂ ਦੀ ਮਦਦ ਲਈ ਤੁਹਾਡਾ ਸ਼ੁਕਰੀਆ।'
ਪ੍ਰਵਾਸੀ ਮਜ਼ਦੂਰਾਂ ਦੀ ਮਦਦ ਕਰਨ 'ਤੇ ਅਜੈ ਦੇਵਗਨ ਨੇ ਵੀ ਟਵੀਟ ਕਰਦੇ ਹੋਏ ਸੋਨੂੰ ਦੇ ਇਸ ਕੰਮ ਦੀ ਤਾਰੀਫ਼ ਕੀਤੀ ਹੈ। ਅਜੈ ਦੇਵਗਨ ਨੇ ਲਿਖਿਆ ਹੈ ਕਿ 'ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਦਾ ਜੋ ਕੰਮ ਤੁਸੀਂ ਕਰ ਰਹੇ ਹੋ ਉਹ ਸੱਚਮੁੱਚ ਕਾਬਿਲ-ਏ-ਤਾਰੀਫ਼ ਹੈ। ਤੁਹਾਨੂੰ ਹੋਰ ਹਿੰਮਤ ਮਿਲੇ।' ਅਜੈ ਦੇਵਗਨ ਦੇ ਇਸ ਟਵੀਟ 'ਤੇ ਸੋਨੂੰ ਨੇ ਜਵਾਬ ਦਿੰਦੇ ਹੋਏ ਲਿਖਿਆ, 'ਸ਼ੁਕਰੀਆ ਭਾਈ। ਤੁਹਾਡੇ ਲੋਕਾਂ ਦੇ ਸ਼ਬਦਾਂ ਨਾਲ ਮੈਨੂੰ ਹੋਰ ਹਿੰਮਤ ਮਿਲੇਗੀ ਅਤੇ ਮੈਨੂੰ ਇਨ੍ਹਾਂ ਲੋਕਾਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤਕ ਪਹੁੰਚਾਉਣ ਲਈ ਹੋਰ ਉਤਸ਼ਾਹ ਮਿਲੇਗਾ।'

ਸੋਨੂੰ ਦੇ ਨਾਂ 'ਤੇ ਰੱਖਿਆ ਬੱਚੇ ਦਾ ਨਾਂ
ਜਿਵੇਂ-ਜਿਵੇਂ ਸੋਨੂੰ ਸੂਦ ਪ੍ਰਵਾਸੀਆਂ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਂਦਾ ਜਾ ਰਿਹਾ ਹੈ ਉਵੇਂ-ਉਵੇਂ ਹੀ ਉਸ ਦੀ ਚਰਚਾ ਵੀ ਵੱਧ ਰਹੀ ਹੈ। ਹਾਲ ਹੀ 'ਚ ਇਕ ਪ੍ਰਵਾਸੀ ਮਹਿਲਾ ਨੇ ਇਕ ਬੱਚੇ ਨੂੰ ਜਨਮ ਦਿੱਤਾ ਅਤੇ ਉਸ ਦਾ ਨਾਂ ਸੋਨੂੰ ਸੂਦ ਸ਼੍ਰੀਵਾਸਤਵ ਰੱਖਿਆ ਹੈ। ਇਕ ਟਵਿੱਟਰ ਯੂਜਰ ਨੇ ਸੋਨੂੰ ਸੂਦ ਨੂੰ ਟੈਗ ਕਰਦੇ ਹੋਏ ਟਵਿੱਟਰ 'ਤੇ ਲਿਖਿਆ, 'ਮੁੰਬਈ ਤੋਂ ਦਰਭੰਗਾ ਪਹੁੰਚੀ ਗਰਭਵਤੀ ਮਹਿਲਾ ਨੇ ਬੱਚੇ ਦਾ ਨਾਂ ਰੱਖਿਆ ਸੋਨੂੰ ਸੂਦ। ਕੰਮ ਬੋਲਦਾ ਹੈ ਅਤੇ ਉਸ ਕੰਮ ਦਾ ਸਤਿਕਾਰ ਹੁੰਦਾ ਹੈ। ਬਾਅਦ 'ਚ ਉਸੇ ਸਤਿਕਾਰ ਨੂੰ ਨਾਂ ਦਿੱਤਾ ਜਾਂਦਾ ਹੈ। ਧੰਨਵਾਦ ਸਰ।' ਉੱਥੇ ਹੀ ਇਕ ਇੰਟਰਵਿਊ ਦੌਰਾਨ ਵੀ ਸੋਨੂੰ ਸੂਦ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ। ਸੋਨੂੰ ਨੇ ਇਹ ਵੀ ਦੱਸਿਆ ਕਿ ਜਦੋਂ ਉਸ ਨੇ ਉਨ੍ਹਾਂ ਤੋਂ ਪੁੱਛਿਆ ਕਿ ਸੋਨੂੰ ਸੂਦ ਕਿਵੇਂ ਸੋਨੂੰ ਸ਼੍ਰੀਵਾਸਤਵ ਹੋਇਆ ਨਾ? ਇਸ 'ਤੇ ਮਹਿਲਾ ਨੇ ਦੱਸਿਆ, 'ਨਹੀਂ ਅਸੀਂ ਬੱਚੇ ਦਾ ਨਾਂ ਸੋਨੂੰ ਸੂਦ ਸ਼੍ਰੀਵਾਸਤਵ ਰੱਖਿਆ ਹੈ।' ਸੋਨੂੰ ਨੇ ਕਿਹਾ ਕਿ , 'ਇਸ ਗੱਲ ਨੇ ਮੇਰੇ ਦਿਲ ਨੂੰ ਛੂਹ ਲਿਆ।' ਟਵਿੱਟਰ 'ਤੇ ਵੀ ਸੋਨੂੰ ਨੇ ਇਸ ਗੱਲ ਬਾਰੇ ਚਰਚਾ ਕਰਦਿਆਂ ਲਿਖਿਆ, 'ਇਹ ਮੇਰੇ ਲਈ ਸਭ ਤੋਂ ਵੱਡਾ ਐਵਾਰਡ ਹੈ।' ਸੋਨੂੰ ਨੂੰ ਮਿਲਿਆ ਇਹ ਧੰਨਵਾਦ ਕਾਫ਼ੀ ਅਨੋਖਾ ਹੈ। ਇਹ ਪਹਿਲੀ ਵਾਰ ਨਹੀਂ ਹੈ ਕਿ ਕਿਸੇ ਫੈਨ ਨੇ ਸੋਨੂੰ ਸੂਦ ਦਾ ਇਸ ਅੰਦਾਜ਼ 'ਚ ਸ਼ੁਕਰੀਆ ਅਦਾ ਕੀਤਾ ਹੋਵੇ। ਸੋਨੂੰ ਜਿਸ ਪੱਧਰ 'ਤੇ ਇਸ ਸਮੇਂ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਕਰ ਰਿਹਾ ਹੈ। ਉਸ ਬਦਲੇ ਸੋਨੂੰ ਨੂੰ ਹਜ਼ਾਰਾਂ ਲੋਕ ਦੁਆਵਾਂ ਵੀ ਦੇ ਰਹੇ ਹਨ। ਉਮੀਦ ਹੈ ਕਿ ਉਹ ਆਂਗਹ ਵੀ ਇਸੇ ਤਰ੍ਹਾਂ ਜ਼ਰੂਤਮੰਦਾਂ ਦੀ ਮਦਦ ਕਰਦਾ ਰਹੇਗਾ ਅਤੇ ਉਸ ਵੱਲ ਵੇਖ ਹੋਰ ਸਿਤਾਰੇ ਵੀ ਅੱਗੇ ਆਉਣਗੇ।

ਸੋਨੂੰ ਦੀ ਆਕ੍ਰਿਤੀ ਬਣਾ ਕੇ ਕੀਤਾ ਸਲਾਮ
ਸੋਨੂੰ ਸੂਦ ਦੀ ਇਸ ਪਹਿਲ ਕਦਮੀ ਨੂੰ ਵੇਖਦੇ ਹੋਏ ਹੁਣ ਤਕ ਸੋਸ਼ਲ ਮੀਡੀਆਂ 'ਤੇ ਲੱਖਾਂ ਲੋਕ ਆਪਣੇ-ਆਪਣੇ ਤਰੀਕੇ ਨਾਲ ਉਸ ਨੂੰ ਸਲਾਮ ਕਰ ਚੁੱਕੇ ਹਨ। ਸੈਂਡ ਆਰਟਿਸਟ ਅਸ਼ੋਕ ਨੇ ਸਰਯੂ ਦੇ ਘਾਟ 'ਤੇ ਸੋਨੂੰ ਸੂਦ ਨੂੰ ਅਨੌਖੇ ਅੰਦਾਜ਼ 'ਚ ਆਪਣਾ ਸਲਾਮ ਪੇਸ਼ ਕੀਤਾ ਹੈ। ਅਸ਼ੋਕ ਨੇ ਰੇਤ 'ਚ ਸੋਨੂੰ ਦੀ ਆਕ੍ਰਿਤੀ ਬਣਾਈ ਹੈ। ਇਸ ਨਾਲ ਉਸ ਨੇ ਲਿਖਿਆ ਹੈ 'ਰਿਅਲ ਹੀਰੋ।' ਅਸ਼ੋਕ ਨੇ ਕਿਹਾ ਹੈ ਕਿ 'ਸੋਨੂੰ ਸੂਦ ਦੇ ਲਈ ਤਾਂ ਅਸੀਂ ਕੁਝ ਵੀ ਕਰੀਏ ਉਹ ਘੱਟ ਹੈ। ਉਨ੍ਹਾਂ ਮਾਨਵਤਾ ਲਈ ਜੋ ਕੀਤਾ ਹੈ, ਅਸੀਂ ਸਾਰੇ ਉਨ੍ਹਾਂ ਦਾ ਕਰਜ਼ ਕਦੇ ਨਹੀਂ ਉਤਾਰ ਸਕਾਂਗੇ ਪਰ ਉਨ੍ਹਾਂ ਪ੍ਰਤੀ ਸਨਮਾਨ ਤਾਂ ਪ੍ਰਗਟ ਕਰ ਹੀ ਸਕਦੇ ਹਾਂ। ਮੈਂ ਸੈਂਡ ਆਰਟਿਸਟ ਹਾਂ ਤਾਂ ਬਾਲੂ 'ਤੇ ਉਨ੍ਹਾਂ ਦਾ ਚਿੱਤਰ ਓਕੇਰ ਕੇ ਉਨ੍ਹਾਂ ਨੂੰ ਸਲਾਮ ਕਰ ਰਿਹਾ ਹਾਂ। ਜਿਵੇਂ ਦੇਸ਼ਭਰ ਦੇ ਲੋਕ ਅਲੱਗ-ਅਲੱਗ ਤਰ੍ਹਾਂ ਉਨ੍ਹਾਂ ਨੂੰ ਸਲਾਮ ਕਰ ਰਹੇ ਹਨ।

ਕਿਉਂ ਕਰ ਰਿਹੈ ਪ੍ਰਵਾਸੀ ਮਜ਼ਦੂਰਾਂ ਦੀ ਮਦਦ?
ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਸੋਨੂੰ ਸੂਦ ਤੋਂ ਪੁੱਛਿਆ ਕਿ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਕਰਨ ਦਾ ਵਿਚਾਰ ਉਸ ਨੂੰ ਕਿਵੇਂ ਆਇਆ। ਇਸ 'ਤੇ ਸੋਨੂੰ ਨੇ ਕਿਹਾ ਕਿ 'ਇਹ ਮੇਰਾ ਫ਼ਰਜ਼ ਹੈ ਕਿ ਮੈਂ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਕਰਾਂ, ਜੋ ਸਾਡੇ ਦੇਸ਼ ਦੇ ਦਿਲ ਦੀ ਧੜਕਣ ਹਨ। ਅਸੀਂ ਵੇਖ ਰਹੇ ਹਾਂ ਕਿ ਕਿਵੇਂ ਮਜ਼ਦੂਰ ਆਪਣੇ ਪਰਿਵਾਰ ਅਤੇ ਬੱਚਿਆਂ ਨੂੰ ਲੈ ਕੇ ਪੈਦਲ ਹੀ ਘਰਾਂ ਦੇ ਲਈ ਨਿਕਲ ਰਹੇ ਹਨ। ਅਸੀਂ ਅਜਿਹੇ 'ਚ ਸਿਰਫ਼ ਬੈਠ ਕੇ ਟਵੀਟ ਨਹੀਂ ਕਰ ਸਕਦੇ। ਸਾਨੂੰ ਉਨ੍ਹਾਂ ਦੀ ਮਦਦ ਕਰਨੀ ਹੋਵੇਗੀ। ਮੈਂ ਸਵੇਰ ਤੋਂ ਲੈ ਕੇ ਸ਼ਾਮ ਤਕ ਉਨ੍ਹਾਂ ਦੀ ਮਦਦ ਲਈ ਕੰਮ ਕਰ ਰਿਹਾ ਹਾਂ। ਮੈਨੂੰ ਉਨ੍ਹਾਂ ਦੀ ਮਦਦ ਕਰਕੇ ਜੋ ਸਕੂਨ ਤੇ ਮਨ ਨੂੰ ਸ਼ਾਂਤੀ ਮਿਲਦੀ ਹੈ। ਉਸ ਨੂੰ ਮੈਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਾਂਗਾ।'


Tags: Sonu Sood Coronavirus Covid 19LockdownSuperheroMigrant WorkersBollywood Celebrity

About The Author

sunita

sunita is content editor at Punjab Kesari