ਮੁੰਬਈ(ਬਿਊਰੋ)- ਤਕਰੀਬਨ ਦੋ ਮਹੀਨਿਆਂ ਤੋਂ ਦੇਸ਼ ਕੋਰੋਨਾ ਦਾ ਕਹਿਰ ਝੱਲ ਰਿਹਾ ਹੈ, ਇਹ ਕਹਿਰ ਦਿਨੋਂ-ਦਿਨ ਵੱਧਦਾ ਹੀ ਜਾ ਰਿਹਾ ਹੈ । ਹੁਣ ਤੱਕ ਆਮ ਲੋਕਾਂ ਦੇ ਨਾਲ-ਨਾਲ ਬਾਲੀਵੁੱਡ ਫਿਲਮ ਇੰਡਸਟਰੀ ਵਿਚ ਵੀ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ । ਹੁਣ ਨਵਾਂ ਮਾਮਲਾ ਬਾਲੀਵੁੱਡ ਦੇ ਮਸ਼ਹੂਰ ਪ੍ਰੋਡਿਊਸਰ ਬੋਨੀ ਕਪੂਰ ਦੇ ਘਰ ’ਚੋਂ ਸਾਹਮਣੇ ਆਇਆ ਹੈ । ਬੋਨੀ ਕਪੂਰ ਦੇ ਘਰ ਵਿਚ ਕੰਮ ਕਰਨ ਵਾਲਾ ਇਕ ਨੌਕਰ ਕੋਰੋਨਾ ਪਾਜ਼ੇਟਿਵ ਹੈ।
ਖਬਰਾਂ ਦੀ ਮੰਨੀਏ ਤਾਂ ਇਹ ਨੌਕਰ ਬੋਨੀ ਕਪੂਰ ਦੇ ਲੋਖੰਡਵਾਲਾ ਘਰ ਵਿਚ ਕੰਮ ਕਰਦਾ ਸੀ । ਨੌਕਰ ਦਾ ਨਾਮ ਚਰਣ ਸਾਹੂ ਹੈ ਤੇ ਉਸ ਦੀ ਉਮਰ 23 ਸਾਲ ਹੈ । ਖਬਰਾਂ ਮੁਤਾਬਕ ਸਾਹੂ ਪਿਛਲੇ ਸ਼ਨੀਵਾਰ ਤੋਂ ਬੀਮਾਰ ਸੀ। ਜਿਸ ਤੋਂ ਬਾਅਦ ਬੌਨੀ ਕਪੂਰ ਨੇ ਉਸ ਨੂੰ ਟੈਸਟ ਕਰਵਾਉਣ ਲਈ ਭੇਜਿਆ, ਜਦੋਂ ਸਾਹੂ ਦੀ ਰਿਪੋਰਟ ਆਈ ਤਾ ਉਹ ਕੋਰੋਨਾ ਪਾਜ਼ੇਟਿਵ ਪਾਇਆ ਗਿਆ । ਇਸ ਦੀ ਖਬਰ ਜਦੋਂ ਬੀਐੱਮਸੀ ਦੇ ਅਧਿਕਾਰੀਆਂ ਨੂੰ ਲੱਗੀ ਤਾਂ ਉਹ ਬੌਨੀ ਕਪੂਰ ਦੇ ਘਰ ਪਹੁੰਚੇ ਤੇ ਸਾਹੂ ਨੂੰ ਇਕਾਂਤਵਾਸ ਸੈਂਟਰ ਲੈ ਗਏ।

ਇਸ ਸਭ ਦੇ ਚਲਦੇ ਬੌਨੀ ਕਪੂਰ ਨੇ ਕਿਹਾ,‘‘ਹਾਂ ਸਾਡਾ ਨੌਕਰ ਕੋਰੋਨਾ ਪਾਜ਼ਟਿਵ ਪਾਇਆ ਗਿਆ ਹੈ, ਅਸੀਂ ਜ਼ਰੂਰੀ ਸਾਵਧਾਨੀਆਂ ਵਰਤ ਰਹੇ ਹਾਂ । ਨਾ ਤਾਂ ਮੇਰੇ ਵਿਚ ਤੇ ਨਾ ਹੀ ਖੁਸ਼ੀ ਤੇ ਨਾ ਹੀ ਜਾਨਹਵੀ ’ਚ ਕੋਰੋਨਾ ਦੇ ਲੱਛਣ ਪਾਏ ਗਏ ਹਨ । ਰਾਜ ਸਰਕਾਰ ਦੇ ਅਧਿਕਾਰੀ ਉਨ੍ਹਾਂ ਦੀ ਕਾਫੀ ਮਦਦ ਕਰ ਰਹੇ ਹਨ, ਉਹ ਜਿਸ ਤਰ੍ਹਾਂ ਕਹਿਣਗੇ ਅਸੀਂ ਉਸੇ ਤਰ੍ਹਾਂ ਕਰਾਂਗੇ। ਦੇਸ਼ ਵਿਚ ਜਦੋਂ ਤੋਂ ਲਾਕਡਾਊਨ ਲੱਗਾ ਹੈ ਉਹ ਘਰ ’ਚੋਂ ਬਾਹਰ ਨਹੀਂ ਨਿਕਲੇ’’।