ਪੰਜਾਬ- ਮੇਰੇ ਸੁਪਨਿਆਂ ਦਾ ਪੰਜਾਬ ਇਕ ਅਜਿਹਾ ਸੂਬਾ ਹੈ, ਜਿਥੇ ਸਾਫ-ਸੁਥਰੇ ਵਾਤਰਵਰਣ 'ਚ ਰਹਿ ਰਹੇ ਲੋਕ ਆਪਣੇ ਹੱਕਾਂ ਦੇ ਪ੍ਰਤੀ ਜਾਗਰੂਕ ਹਨ। ਇਕ ਅਜਿਹਾ ਪੰਜਾਬ ਜਿਥੇ ਗਰੀਬ ਘਰ ਪੈਦਾ ਹੋਣ ਵਾਲਾ ਬੱਚਾ ਸਾਰੀ ਜ਼ਿੰਦਗੀ ਸੰਘਰਸ਼ਸ਼ੀਲ ਜ਼ਿੰਦਗੀ ਹੀ ਨਹੀਂ ਬਤੀਤ ਕਰਦਾ, ਸਗੋਂ ਕਿ ਸਮਾਜਿਕ ਬਰਾਬਰੀ ਦੇ ਨਾਲ ਤਰੱਕੀ ਕਰਦੇ ਸਮਾਜ ਦੇ ਕਦਮ ਨਾਲ ਕਦਮ ਮਿਲਾ ਕੇ ਚਲਦਾ ਹੈ। ਜੇਕਰ ਗੱਲ ਕੀਤੀ ਜਾਵੇ ਮੌਜੂਦਾ ਪੰਜਾਬ ਦੀ ਤਾਂ ਪੰਜਾਬ ਦੇ ਹਾਲਾਤ ਪੁਰਾਤਨ ਸਮੇਂ ਨਾਲੋਂ ਕਾਫੀ ਚੰਗੇ ਹਨ। ਪੰਜਾਬ ਨੇ ਕਾਫੀ ਤਰੱਕੀ ਕਰ ਲਈ ਹੈ। ਅੱਜ ਕਈ ਸਮਾਜਿਕ ਕੁਰੀਤੀਆਂ ਸਮਾਜ 'ਚੋਂ ਲਗਭਗ ਗਾਇਬ ਹੀ ਹੋ ਚੁੱਕੀਆਂ ਹਨ। ਅੱਜ ਪੰਜਾਬ 'ਚ ਨਸ਼ਿਆਂ ਨੇ ਪੈਰ ਪਸਾਰ ਲਏ ਹਨ। ਨਸ਼ਾ ਇਕ ਅਜਿਹੀ ਬੀਮਾਰੀ ਹੈ, ਜਿਸ ਨੂੰ ਲੋਕ ਪਹਿਲਾਂ ਸੁਆਦ ਵਜੋਂ, ਫਿਰ ਆਦਤ ਵਾਂਗ ਤੇ ਆਖਰ 'ਤੇ ਮਜਬੂਰੀ ਵਸ ਲੈਂਦੇ ਹਨ। ਮੈਂ ਨੌਜਵਾਨ ਪੀੜ੍ਹੀ ਨੂੰ ਅਪੀਲ ਕਰਨਾ ਚਾਹਾਂਗਾ ਕਿ ਗਲਤੀ ਨਾਲ ਵੀ, ਕਿਸੇ ਵੀ ਤਰ੍ਹਾਂ ਦੇ ਨਸ਼ੀਲੇ ਪਦਾਰਥ ਦਾ ਸੁਆਦ ਵੀ ਨਾ ਚੱਖਣਾ, ਨਹੀਂ ਤਾਂ ਇਹ ਸੁਆਦ ਮਜਬੂਰੀ ਬਣਨ 'ਚ ਦੇਰੀ ਨਹੀਂ ਕਰਦਾ। ਨੌਜਵਾਨਾਂ ਨੂੰ ਨਸ਼ੇ ਵੱਲ ਵਧਣ ਤੋਂ ਰੋਕਣ ਲਈ ਅੱਜ ਲੋੜ ਹੈ ਉਨ੍ਹਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣ। ਰੋਜ਼ਗਾਰ ਦਾ ਮਤਲਬ ਸਿਰਫ ਸਰਕਾਰ ਵਲੋਂ ਦਿੱਤੀਆਂ ਜਾਣ ਵਾਲੀਆਂ ਨੌਕਰੀਆਂ ਤੋਂ ਹੀ ਨਹੀਂ ਹੋਣਾ ਚਾਹੀਦਾ। ਬਾਹਰਲੇ ਮੁਲਕਾਂ 'ਚ ਪੰਜਾਬੀ ਆਪਣਾ ਸੂਬਾ ਤੇ ਦੇਸ਼ ਛੱਡ ਕੇ ਮਿਹਨਤ-ਮਜ਼ਦੂਰੀ ਵਾਲਾ ਕੰਮ ਕਰਦੇ ਹਨ। ਉਨ੍ਹਾਂ ਦੇਸ਼ਾਂ 'ਚ ਉਹ ਅਜਿਹੇ ਕੰਮ ਵੀ ਕਰਦੇ ਹਨ, ਜੋ ਸ਼ਾਇਦ ਪੰਜਾਬ 'ਚ ਰਹਿੰਦੇ ਹੋਏ ਉਹ ਕਦੇ ਮਜਬੂਰੀ ਵਸ ਵੀ ਨਾ ਕਰਨ। ਜਦ ਅਸੀਂ ਬਾਹਰਲੇ ਦੇਸ਼ਾਂ 'ਚ ਜਾ ਕੇ ਹਰ ਤਰ੍ਹਾਂ ਦੇ ਕੰਮ ਲਈ ਹੱਡ-ਭੰਨਵੀ ਮਿਹਨਤ ਕਰਨ ਨੂੰ ਤਿਆਰ ਹੁੰਦੇ ਹਾਂ ਤਾਂ ਫਿਰ ਅਸੀਂ ਅਜਿਹੇ ਕੰਮ ਆਪਣੇ ਦੇਸ਼ ਜਾਂ ਸੂਬੇ ਅੰਦਰ ਕਰਨ ਤੋਂ ਕਿਉਂ ਸ਼ਰਮਾਉਂਦੇ ਹਾਂ। ਅੱਜ ਤੋਂ 15-16 ਸਾਲ ਪਹਿਲਾਂ ਜਦ ਮੈਂ ਚੰਡੀਗੜ੍ਹ ਆਇਆ ਸੀ ਤਾਂ ਮੈਂ ਖੁਦ ਸਕਿਉਰਿਟੀ ਗਾਰਡ ਵਜੋਂ ਕੰਮ ਕਰਦਾ ਹੁੰਦਾ ਸੀ। ਮੈਂ ਵੀ ਸ਼ਰਮਾਉਂਦਾ ਸੀ ਪਰ ਅੱਜ ਉਸੇ ਮਿਹਨਤ ਨੇ ਮੈਨੂੰ ਇਸ ਮੁਕਾਮ ਤਕ ਪਹੁੰਚਾ ਦਿੱਤਾ ਹੈ। ਮੈਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਉਹ ਹਰ ਕੰਮ ਨੂੰ ਬਿਨਾਂ ਕਿਸੇ ਡਰ, ਸ਼ਰਮ ਦੇ ਪੰਜਾਬ 'ਚ ਰਹਿੰਦੇ ਹੋਏ ਹੀ ਕਰਨ। ਇਸ ਤਰ੍ਹਾਂ ਨਾਲ ਪੰਜਾਬ 'ਚ ਬੇਰੁਜ਼ਗਾਰੀ ਨਹੀਂ ਰਹੇਗੀ। ਹਰ ਇਕ ਵਿਅਕਤੀ ਜੇ ਬਾਹਰਲੇ ਦੇਸ਼ਾਂ ਵਾਂਗ ਪੰਜਾਬ 'ਚ ਰਹਿ ਕੇ ਹੀ ਕੰਮ ਕਰਨਗੇ ਤਾਂ ਉਨ੍ਹਾਂ ਨੂੰ ਵਿਦੇਸ਼ਾਂ ਵੱਲ ਮੂੰਹ ਕਰਨ ਦੀ ਲੋੜ ਨਹੀਂ ਪਵੇਗੀ।
ਪੰਜਾਬ ਸੱਭਿਆਚਾਰ ਪੱਖੋਂ ਕਾਫੀ ਅਮੀਰ ਸੂਬਾ ਹੈ। ਪੰਜਾਬੀ ਸੱਭਿਆਚਾਰ 'ਚ ਸਮੇਂ ਦੇ ਨਾਲ-ਨਾਲ ਤਬਦੀਲੀਆਂ ਵੀ ਆਈਆਂ ਹਨ, ਜਿਨ੍ਹਾਂ ਨੂੰ ਪੰਜਾਬੀਆਂ ਨੇ ਬੜੀ ਆਸਾਨੀ ਨਾਲ ਅਪਣਾ ਲਿਆ। ਪਹਿਲਾਂ ਵਿਆਹ-ਸ਼ਾਦੀਆਂ ਦੇ ਸਮਾਗਮ ਕਈ-ਕਈ ਦਿਨ ਚਲਦੇ ਹੁੰਦੇ ਸਨ ਪਰ ਹੁਣ ਅੱਜ ਕਲ ਇਹ ਸਮਾਗਮ ਕੁਝ ਘੰਟਿਆਂ ਦੇ ਹੋ ਕੇ ਰਹਿ ਗਏ ਹਨ। ਤੇਜ਼ੀ ਨਾਲ ਤਰੱਕੀ ਵੱਲ ਵੱਧਦੇ ਲੋਕਾਂ ਕੋਲ ਸਮਾਂ ਘੱਟਦਾ ਜਾ ਰਿਹਾ ਹੈ ਤੇ ਅਜਿਹੇ ਸਮਾਗਮਾਂ ਦਾ ਸਮਾਂ ਘੱਟਣ ਨਾਲ ਅਜਿਹੇ ਲੋਕਾਂ ਨੂੰ ਕਾਫੀ ਫਾਇਦਾ ਪੁੱਜਾ ਹੈ। ਪੰਜਾਬੀ ਅੱਜ ਕਈ ਦੇਸ਼ਾਂ 'ਚ ਵਸਦੇ ਹਨ ਤੇ ਪੰਜਾਬ ਦਾ ਅਮੀਰ ਸੱਭਿਆਚਾਰ ਹਰ ਦੇਸ਼ 'ਚ ਚਰਚਾ ਦਾ ਵਿਸ਼ਾ ਬਣ ਚੁੱਕਾ ਹੈ। ਜਦੋਂ ਅਜਿਹੀ ਚਰਚਾ ਵਿਦੇਸ਼ਾਂ 'ਚ ਹੁੰਦੀ ਹੈ ਤਾਂ ਉਥੇ ਰਹਿਣ ਵਾਲੇ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ। ਪੰਜਾਬੀ ਭਾਸ਼ਾ ਇਕ ਅਜਿਹੀ ਭਾਸ਼ਾ ਹੈ, ਜੋ ਲਗਭਗ ਦੁਨੀਆ-ਭਰ ਦੇ ਹਰ ਦੇਸ਼ 'ਚ ਬੋਲੀ ਜਾਣ ਲੱਗੀ ਹੈ। 20ਵੀਂ ਸਦੀ ਦੇ ਆਖਰੀ ਦਹਾਕੇ 'ਚ ਪੰਜਾਬੀ ਭਾਸ਼ਾ ਦੀ ਦਸ਼ਾ ਚੰਗੀ ਨਹੀਂ ਸੀ ਪਰ ਉਸਤੋਂ ਬਾਅਦ ਪੰਜਾਬੀ ਕਲਾਕਾਰਾਂ ਦੀ ਬਦੌਲਤ ਅੱਜ ਪੰਜਾਬੀ ਭਾਸ਼ਾ ਹਰ ਦੇਸ਼ 'ਚ ਵੱਖਰੀ ਥਾਂ ਬਣਾ ਚੁੱਕੀ ਹੈ। ਅੰਤ 'ਚ ਮੈਂ ਇਹ ਹੀ ਕਹਿਣਾ ਚਾਹੁੰਦਾ ਹਾਂ ਕਿ ਪੰਜਾਬ ਦੇ ਵਸਨੀਕ ਬੜੇ ਮਜ਼ਬੂਤ ਇਰਾਦੇ ਵਾਲੇ ਹੁੰਦੇ ਹਨ, ਜਿਸ ਕੰਮ ਬਾਰੇ ਇਕ ਵਾਰ ਸੋਚ ਲੈਂਦੇ ਹਨ ਤਾਂ ਫਿਰ ਉਸਨੂੰ ਪੂਰਾ ਕਰਕੇ ਹੀ ਦਮ ਲੈਂਦੇ ਹਨ। ਮੈਂ ਆਸ ਕਰਦਾ ਹਾਂ ਕਿ ਆਉਣ ਵਾਲੇ ਸਮੇਂ 'ਚ ਪੰਜਾਬੀ ਸੂਬੇ ਦੇ ਵਾਤਾਵਰਣ ਨੂੰ ਬਚਾਉਣ, ਨਸ਼ਿਆਂ ਨੂੰ ਜੜ੍ਹੋਂ ਪੁੱਟਣ ਤੇ ਬਿਨਾਂ ਸੰਗ-ਸ਼ਰਮ ਦੇ ਕੰਮ ਕਰਦੇ ਹੋਏ ਇਕ ਨਵੇਂ ਪੰਜਾਬ ਦੀ ਸਿਰਜਣਾ ਕਰਨ ਲਈ ਅੱਗੇ ਵੱਧਣਗੇ। ਜਿਸ ਨਾਲ ਇਕ ਖੁਸ਼ਹਾਲ, ਸਮਾਜਿਕ ਬਰਾਬਰੀ ਵਾਲਾ ਤੇ ਤਰੱਕੀ ਵੱਲ ਵਧਦੇ ਪੰਜਾਬ ਦੀ ਸਿਰਜਣਾ ਹੋ ਸਕੇਗੀ।
-ਬੰਟੀ ਬੈਂਸ, ਗੀਤਕਾਰ