ਜਲੰਧਰ— ਰੋਮਾਂਸ, ਦਿਲਲਗੀ, ਵਿਛੋੜੇ ਅਤੇ ਬਦਲੇ ਦੀ ਭਾਵਨਾ 'ਤੇ ਆਧਾਰਿਤ ਫਿਲਮ 'ਚੰਨਾ ਮੇਰਿਆ' ਨਾਲ ਪੰਜਾਬੀ ਗਾਇਕ ਨਿੰਜਾ ਡੈਬਿਊ ਕਰਨ ਜਾ ਰਹੇ ਹਨ। ਉਨ੍ਹਾਂ ਦੀ ਇਸ ਫਿਲਮ ਦਾ ਦੂਜਾ ਗੀਤ 'ਟੁੱਟਦਾ ਹੀ ਜਾਵੇ' ਵੀ 'ਹਵਾ ਦੇ ਵਰਕਿਆ' ਵਾਂਗ ਕਾਫੀ ਲੋਕਪ੍ਰਿਯ ਹੋ ਰਿਹਾ ਹੈ। ਇਸ ਗੀਤ ਨੂੰ ਵੀ ਨਿੰਜਾ ਨੇ ਆਪਣੀ ਆਵਾਜ਼ ਦਿੱਤੀ ਹੈ ਅਤੇ ਗੀਤ ਦੇ ਬੋਲ ਕੁਮਾਰ ਦੇ ਹਨ। ਇਸ ਗੀਤ ਦਾ ਸੰਗੀਤ ਗੋਲਡ ਬੁਆਏ ਵਲੋਂ ਤਿਆਰ ਕੀਤਾ ਗਿਆ ਹੈ। ਇਹ ਗੀਤ ਯੂਟਿਊਬ 'ਤੇ ਕਾਫੀ ਦਿਨਾਂ ਪਹਿਲਾਂ ਦਾ ਰਿਲੀਜ਼ ਹੋ ਗਿਆ ਹੈ ਪਰ ਅੱਜ ਵੀ ਇਸ ਗੀਤ ਨੂੰ ਯੂਟਿਊਬ 'ਤੇ ਕਾਫੀ ਲਾਈਕਜ਼ ਮਿਲ ਰਹੇ ਹਨ। ਇਹ ਗੀਤ ਯੂਟਿਊਬ 'ਤੇ 1,648,192 ਵਿਊਜ਼ ਨਾਲ ਟਾਪ 'ਤੇ ਬਣਿਆ ਹੋਇਆ ਹੈ।
ਜਾਣਕਾਰੀ ਮੁਤਾਬਕ ਵਾਈਟ ਹਿੱਲ ਪ੍ਰੋਡਕਸ਼ਨ ਵਲੋਂ ਰਿਲੀਜ਼ ਕੀਤੀ ਜਾ ਰਹੀ ਇਸ ਫਿਲਮ ਨੂੰ ਪੰਕਜ਼ ਬੱਤਰਾ ਨੇ ਡਾਇਰੈਕਟ ਕੀਤਾ ਹੈ। ਵਾਈਟ ਹਿੱਲ ਪ੍ਰੋਡਕਸ਼ਨ ਦੀ ਇਹ ਪਹਿਲੀ ਵੱਡੇ ਬਜ਼ਟ ਵਾਲੀ ਪੰਜਾਬੀ ਰੋਮਾਂਟਿਕ ਫਿਲਮ ਹੈ। ਸਿਨੇਮਾਘਰਾਂ 'ਚ ਫਿਲਮ 'ਚੰਨਾ ਮੇਰਿਆ' 14 ਜੁਲਾਈ 2017 ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਇਸ ਫਿਲਮ 'ਚ ਨਿੰਜਾ ਮੁੱਖ ਭੂਮਿਕਾ ਨਿਭਾਅ ਰਿਹਾ ਹੈ। ਉਨ੍ਹਾਂ ਨਾਲ ਪੰਜਾਬੀ ਗੀਤਕਾਰ ਤੇ ਗਾਇਕ ਅੰਮ੍ਰਿਤ ਮਾਨ ਵੀ ਨਜ਼ਰ ਆਉਣਗੇ। ਇਸ ਫਿਲਮ ਜ਼ਰੀਏ ਅੰਮ੍ਰਿਤ ਮਾਨ ਵੀ ਫਿਲਮਾਂ 'ਚ ਡੈਬਿਊ ਕਰ ਰਹੇ ਹਨ। ਅੰਮ੍ਰਿਤ ਮਾਨ ਇਸ ਫਿਲਮ 'ਚ ਨੈਗੇਟਿਵ ਕਿਰਦਾਰ ਨਿਭਾਅ ਰਹੇ ਹਨ। ਇਨ੍ਹਾਂ ਦੋਹਾਂ ਦੇ ਨਾਲ-ਨਾਲ ਟੀ ਵੀ ਅਦਾਕਾਰਾ ਪਾਇਲ ਰਾਜਪੂਜ ਵੀ ਇਸ ਫਿਲਮ ਨਾਲ ਡੈਬਿਊ ਕਰਨ ਜਾ ਰਹੀ ਹੈ। ਇਨ੍ਹਾਂ ਤੋਂ ਇਲਾਵਾ ਯੋਗਰਾਜ ਸਿੰਘ, ਬੀ. ਐਨ. ਸ਼ਰਮਾ ਅਤੇ ਕਰਮਜੀਤ ਅਨਮੋਲ ਮੁੱਖ ਕਿਰਦਾਰ 'ਚ ਹਨ।