ਜਲੰਧਰ— ਪੰਜਾਬੀ ਗਾਇਕ ਨਿੰਜਾ ਨੇ ਜਿੱਥੇ ਆਪਣੀ ਵਧੀਆ ਗਾਇਕੀ ਨਾਲ ਪੰਜਾਬੀਆਂ ਦਾ ਦਿਲ ਜਿੱਤਿਆ ਹੈ, ਉੱਥੇ ਹੀ ਹੁਣ ਉਹ ਆਪਣੀ ਪਹਿਲੀ ਪੰਜਾਬੀ ਫ਼ਿਲਮ ''ਚੰਨਾ ਮੇਰਿਆ'' ਨਾਲ ਆਪਣੀ ਅਦਾਕਾਰੀ ਦਰਸ਼ਕਾਂ ਅੱਗੇ ਪੇਸ਼ ਕਰਨ ਜਾ ਰਹੇ ਹਨ। ਇਹ ਫਿਲਮ 14 ਜੁਲਾਈ ਨੂੰ ਰਿਲੀਜ਼ ਹੋਵੇਗੀ। ਨਿੰਜਾ ਨੇ ਹਮੇਸ਼ਾ ਆਪਣੀ ਗਾਇਕੀ ਨੂੰ ਅਹਿਮੀਅਤ ਦਿੱਤੀ ਅਤੇ ਹੁਣ ਫਿਲਮ 'ਚ ਲੀਡ ਕਿਰਦਾਰ 'ਚ ਨਜ਼ਰ ਆਉਣਾ ਉਨ੍ਹਾਂ ਦੇ ਕੈਰੀਅਰ ਲਈ ਕਾਫੀ ਮਹਤੱਵਪੂਰਨ ਹੈ।
ਸ਼ੂਟਿੰਗ ਬਾਰੇ ਗੱਲ ਕਰਦੇ ਹੋਏ ਨਿੰਜਾ ਨੇ ਦੱਸਿਆ ਕਿ ਅਸੀਂ 6 ਡਿਗਰੀ ਸੈਲਸੀਅਸ 'ਚ ਸ਼ੂਟ ਕੀਤਾ ਸੀ ਅਤੇ ਉਸ ਨੂੰ ਬਰਫ ਨਾਲ ਭਰੀ ਸੜਕ 'ਤੇ ਭੱਜਣਾ ਸੀ। ਸੜਕ ਸਲਿਪਰੀ ਸੀ ਤੇ ਸੀਨ ਦੌਰਾਨ ਉਹ ਫਿਸਲ ਗਿਆ, ਜਿਸ ਨਾਲ ਕਾਫੀ ਸੱਟਾਂ ਲੱਗੀਆਂ ਸਨ। ਉਸ ਨੇ ਹੌਂਸਲਾ ਨਹੀਂ ਹਾਰਿਆ ਅਤੇ ਉਨ੍ਹਾਂ ਚੀਜ਼ਾਂ 'ਤੇ ਧਿਆਨ ਦਿੱਤਾ ਜੋ ਪੂਰੀਆਂ ਕਰਨੀਆਂ ਸਨ।
ਉੱਧਰ ਨਿਰਦੇਸ਼ਕ ਪੰਕਜ ਬੱਤਰਾ ਨੇ ਕਿਹਾ ਕਿ ਨਿੰਜਾ ਨੇ ਚੰਗਾ ਕੰਮ ਕੀਤਾ ਹੈ। ਉਹ ਇੱਕ ਅਜਿਹੇ ਇਨਸਾਨ ਹਨ ਜਿਨ੍ਹਾਂ 'ਚ ਮੈਨੂੰ 'ਜਗਤ' ਜੋ ਕਿ ਫਿਲਮ ਦਾ ਕਿਰਦਾਰ ਹੈ, ਉਹ ਨਜ਼ਰ ਆਉਂਦਾ ਹੈ। ਉਸ ਨੇ ਆਪਣੇ ਕਿਰਦਾਰ ਨੂੰ ਪੂਰਾ ਜਸਟੀਫਾਈ ਕੀਤਾ ਹੈ। ਫਿਲਮ ਦੌਰਾਨ ਉਸ ਨੂੰ ਕਾਫੀ ਸੱਟਾਂ ਆਈਆਂ ਪਰ ਉਸ ਦੀ ਹਿੰਮਤ ਅਤੇ ਇਰਾਦਿਆਂ ਦੀ ਮੈਂ ਸ਼ਲਾਘਾ ਕਰਦਾ ਹਾਂ।”