ਮੁੰਬਈ(ਬਿਊਰੋ)- ਦੀਪਿਕਾ ਪਾਦੁਕੋਣ ਦੀ ‘ਛਪਾਕ’ ਫਿਲਮ ਦੇ ਟਰੇਲਰ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲ ਰਿਹਾ ਹੈ। ਇਸ ਫਿਲਮ ਵਿਚ ਦੀਪਿਕਾ ਨੇ ਐਸਿਡ ਅਟੈਕ ਪੀੜਤਾ ਲਕਸ਼ਮੀ ਅੱਗਰਵਾਲ ਦਾ ਕਿਰਦਾਰ ਨਿਭਾਇਆ ਹੈ। ਫਿਲਮ ਦੇ ਟਰੇਲਰ ਵਿਚ ਦੀਪਿਕਾ ਦੇ ਅਭਿਨੈ ਦੀ ਤਾਰੀਫ ਕੀਤੀ ਜਾ ਰਹੀ ਹੈ। ਇਸੇ ਵਿਚਕਾਰ ਅਜਿਹੀ ਖਬਰ ਆ ਰਹੀ ਹੈ ਕਿ ਟਰੇਲਰ ਰਿਲੀਜ਼ ਹੋਣ ਤੋਂ ਬਾਅਦ ਐਸਿਡ ਅਟੈਕ ਪੀੜਤਾ ਇਸ ਫਿਲਮ ਦੇ ਮੇਕਰਸ ਤੋਂ ਖੁਸ਼ ਨਹੀਂ ਹੈ।
ਖਬਰ ਮੁਤਾਬਕ ਲਕਸ਼ਮੀ ਅੱਗਰਵਾਲ ਫਿਲਮ ਲਈ ਮਿਲੀ ਫੀਸ ਕਾਰਨ ਨਾਰਾਜ਼ ਹੈ। ਲਕਸ਼ਮੀ ਨੂੰ ਫਿਲਮ ਦੇ ਕਾਪੀਰਾਈਟ ਲਈ 13 ਲੱਖ ਰੁਪਏ ਦਿੱਤੇ ਗਏ ਸਨ। ਜਿਸ ਸਮੇਂ ਲਕਸ਼ਮੀ ਨੂੰ ਇਹ ਰਕਮ ਦਿੱਤੀ ਗਈ ਸੀ, ਉਸ ਸਮੇਂ ਉਹ ਖੁਸ਼ ਸੀ ਪਰ ਹੁਣ ਉਹ ਜ਼ਿਆਦਾ ਪੈਸਿਆਂ ਦੀ ਮੰਗ ਕਰ ਰਹੀ ਹੈ। ਰਿਪੋਰਟ ਮੁਤਾਬਕ ਲਕਸ਼ਮੀ ਦੀ ਇਸੇ ਮੰਗ ਕਾਰਨ ਉਨ੍ਹਾਂ ਦਾ ਛਪਾਕ ਦੀ ਟੀਮ ਨਾਲ ਵਿਵਾਦ ਚੱਲ ਰਿਹਾ ਹੈ।
ਦੱਸ ਦੇਈਏ ਕਿ ‘ਛਪਾਕ’ ਫਿਲਮ ਸ਼ੂਟਿੰਗ ਦੌਰਾਨ ਵੀ ਚਰਚਾ ਵਿਚ ਰਹੀ ਸੀ। ‘ਛਪਾਕ’ ਦੀ ਸ਼ੂਟਿੰਗ ਲਈ ਦੀਪਿਕਾ ਨੂੰ ਦਿੱਲੀ ਵਿਚ ਕਈ ਵਾਰ ਸਪਾਟ ਕੀਤਾ ਗਿਆ। ਇਸ ਫਿਲਮ ਵਿਚ ਦੀਪਿਕਾ ਤੋਂ ਇਲਾਵਾ ਵਿਕਰਾਂਤ ਮੈਸੀ ਮੁੱਖ ਭੂਮਿਕਾ ਵਿਚ ਹਨ। ਫਿਲਮ ਦਾ ਨਿਰਦੇਸ਼ਨ ਮੇਘਨਾ ਗੁਲਜ਼ਾਰ ਨੇ ਕੀਤਾ ਹੈ। ਇਹ ਫਿਲਮ ਅਗਲੇ ਸਾਲ 10 ਜਨਵਰੀ 2020 ਨੂੰ ਰਿਲੀਜ਼ ਹੋਵੇਗੀ।