ਜਲੰਧਰ (ਬਿਊਰੋ) — ਅਕਸਰ ਹੀ ਫਿਲਮਾਂ 'ਚ ਕਲਾਕਾਰ ਸਸਤੀ ਸ਼ੋਹਰਤ ਪਾਉਣ ਲਈ ਕਿਸੇ ਨਾ ਕਿਸੇ ਨੂੰ ਮਜ਼ਾਕ ਦਾ ਪਾਤਰ ਬਣਾ ਕੇ ਉਸ ਦਾ ਮਜ਼ਾਕ ਉੱਡਾਉਂਦੇ ਹਨ। ਹਾਲਾਂਕਿ ਇਸ ਤੋਂ ਬਾਅਦ ਉਨ੍ਹਾਂ ਨੂੰ ਕਈ ਵਾਰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈ ਜਾਂਦਾ ਹੈ। ਇਸੇ ਦੌਰਾਨ ਇਕ ਤਾਜਾ ਮਾਮਲਾ ਸਾਹਮਣੇ ਆਇਆ ਹੈ, ਜੋ ਕਿ ਪੰਜਾਬੀ ਫਿਲਮ ਉਦਯੋਗ ਅਤੇ ਕਾਮੇਡੀ ਕਲਾਕਾਰ ਗੁਰਚੇਤ ਚਿੱਤਰਕਾਰ ਦਾ ਹੈ। ਦਰਅਸਲ, ਗੁਰਚੇਤ ਚਿੱਤਰਕਾਰ ਨੇ ਤਾਲਾਬੰਦੀ ਦੌਰਾਨ ਬਣਾਈ ਇਕ ਟਿਕ-ਟਾਕ ਵੀਡੀਓ ਬਣਾਈ, ਜਿਸ 'ਚ ਉਨ੍ਹਾਂ ਨੇ ਆਪਣੇ ਸਾਥੀ ਕਲਾਕਾਰਾਂ ਨੂੰ ਲੈ ਕੇ ਅਪਾਹਜ ਆਦਮੀਆਂ 'ਤੇ ਦ੍ਰਿਸ਼ਾਂ ਨੂੰ ਫਿਲਮਾਇਆ ਹੈ। ਇਸ ਵੀਡੀਓ ਨੂੰ ਲੈ ਕੇ ਅਪਾਹਜ ਆਦਮੀਆਂ 'ਚ ਕਾਫੀ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਦਾ ਕਹਿਣਾ ਇਸ ਕਲਾਕਾਰ ਨੇ ਸਾਡੀ ਮਜ਼ਬੂਰੀ ਦਾ ਮਜ਼ਾਕ ਉਡਾਇਆ ਹੈ। ਲੋਕ ਸਾਡੇ ਨਾਲ ਹਮਦਰਦੀ ਦਿਖਾਉਂਦੇ ਹਨ ਅਤੇ ਇਸ ਨੇ ਸਾਨੂੰ ਸਮਾਜ 'ਚ ਮਜ਼ਾਕ ਦਾ ਪਾਤਰ ਬਣਾ ਦਿੱਤਾ ਹੈ। ਗੁਰਚੇਤ ਦੀ ਅਸੀਂ ਸਖਤ ਨਿੰਦਿਆ ਕਰਦੇ ਹਾਂ ਅਤੇ ਅਸੀਂ ਭਵਾਨੀਗੜ੍ਹ ਥਾਣੇ 'ਚ ਕਲਾਕਾਰ ਗੁਰਚੇਤ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਨੇ ਅਪਾਹਜ ਆਦਮੀਆਂ 'ਤੇ ਬਣਾਈ ਵੀਡੀਓ ਡਿਲੀਟ ਨਾ ਕੀਤੀ ਅਤੇ ਸਾਡੇ ਕੋਲੋਂ ਮੁਆਫੀ ਨਾ ਮੰਗੀ ਤਾਂ ਅਸੀਂ ਪੂਰੇ ਪੰਜਾਬ 'ਚ ਇਸ ਦੇ ਖਿਲਾਫ ਸੰਘਰਸ਼ ਕਰਾਂਗੇ।
ਦੱਸ ਦਈਏ ਕਿ ਭਵਾਨੀਗੜ੍ਹ ਪੁਲਸ ਸਟੇਸ਼ਨ ਦੇ ਇੰਚਾਰਜ ਨੇ ਕਿਹਾ, ''ਸਾਡੇ ਕੋਲ ਸ਼ਿਕਾਇਤ ਆਈ ਹੈ ਕਿ ਅਪਾਹਜ ਲੋਕਾਂ ਦਾ ਗੁਰਚੇਤ ਚਿੱਤਰਕਾਰ ਨੇ ਮਜ਼ਾਕ ਉਡਾਇਆ ਹੈ। ਜਿਹੜਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਉਹ ਤਾਲਾਬੰਦੀ ਤੋਂ ਪਹਿਲਾਂ ਦਾ ਹੈ। ਇਹ ਵੀਡੀਓ ਕਿਸੇ ਫਿਲਮ ਦੇ ਸੀਨ ਦਾ ਹੈ, ਜਿਸ ਨੂੰ ਕਿਸੇ ਨੇ ਮੋਬਾਇਲ 'ਚ ਸ਼ੂਟ ਕਰਕੇ ਟਿਕ ਟਾਕ 'ਤੇ ਸਾਂਝਾ ਕੀਤਾ। ਅਸੀਂ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਾਂ।''