FacebookTwitterg+Mail

ਪੇਸ਼ੀ ਲਈ ਲਿਆਂਦੇ ਗਾਇਕ ਜੈਲੀ ਦੀ ਮਾਡਲ ਨੇ ਖੋਲ੍ਹੀ ਪੋਲ, ਮਿਲਿਆ VIP ਟ੍ਰੀਟਮੈਂਟ

court singer
14 June, 2017 03:36:24 PM

ਚੰਡੀਗੜ੍ਹ (ਰਾਣਾ)- ਚੰਡੀਗੜ੍ਹ ਦੀ ਇਕ ਮਾਡਲ ਨਾਲ ਜਬਰ-ਜ਼ਨਾਹ ਅਤੇ ਅਗਵਾ ਕਰਨ ਦੇ ਮਾਮਲੇ 'ਚ ਮੁਲਜ਼ਮ ਪੰਜਾਬੀ ਗਾਇਕ ਜਰਨੈਲ ਸਿੰਘ ਉਰਫ਼ ਜੈਲੀ ਨੂੰ ਮੰਗਲਵਾਰ ਨੂੰ ਚੰਡੀਗੜ੍ਹ ਜ਼ਿਲਾ ਅਦਾਲਤ 'ਚ ਲਿਆਈ ਰੋਪੜ ਪੁਲਸ 'ਤੇ ਜੈਲੀ ਨੂੰ 'ਵੀ. ਆਈ. ਪੀ. ਟ੍ਰੀਟਮੈਂਟ' ਦੇਣ ਦੇ ਦੋਸ਼ ਲਾਏ ਗਏ ਹਨ। ਉਥੇ ਹੀ ਦੂਸਰੇ ਪਾਸੇ ਜੈਲੀ ਤੇ ਹੋਰ ਦੋ ਲੋਕਾਂ 'ਤੇ ਕਿਡਨੈਪਿੰਗ ਦੀਆਂ ਧਾਰਾਵਾਂ ਤਹਿਤ ਦੋਸ਼ ਤੈਅ ਕੀਤੇ ਗਏ ਹਨ। ਮਾਮਲੇ 'ਚ ਪੀੜਤਾ ਨੇ ਜੈਲੀ ਦੀ ਪੇਸ਼ੀ ਦੌਰਾਨ ਅਦਾਲਤ 'ਚ ਉਸ ਦੀ ਪੇਸ਼ੀ ਦੀ ਵੀਡੀਓ ਵੀ ਬਣਾਈ, ਜਿਸ ਸਬੰਧੀ ਪੀੜਤਾ ਨੇ ਦਾਅਵਾ ਕੀਤਾ ਕਿ ਪੁਲਸ ਨੇ ਪੇਸ਼ੀ ਤੋਂ ਬਾਅਦ ਜੈਲੀ ਨੂੰ ਬਖ਼ਸ਼ੀਖਾਨੇ 'ਚ ਰੱਖਣ ਦੀ ਬਜਾਏ ਬਾਹਰ ਕੁਰਸੀਆਂ 'ਤੇ ਬਿਠਾਇਆ ਤੇ ਚਾਹ ਪਿਲਾਈ। ਧਿਆਨਯੋਗ ਹੈ ਕਿ ਇਹ ਕੁਰਸੀਆਂ ਅਦਾਲਤ 'ਚ ਚਲਾਨ ਭੁਗਤਣ ਵਾਲਿਆਂ ਲਈ ਲਾਈਆਂ ਗਈਆਂ ਹਨ।
ਪੀੜਤਾ ਮੁਤਾਬਿਕ ਲਗਭਗ ਡੇਢ ਘੰਟਾ ਜੈਲੀ ਨੂੰ ਬਾਹਰ ਕੁਰਸੀਆਂ 'ਤੇ ਬਿਠਾਇਆ ਗਿਆ ਅਤੇ ਇਸ ਦੌਰਾਨ ਉਸਦੀ ਪਰਿਵਾਰ ਵਾਲਿਆਂ, ਦੋਸਤਾਂ ਤੇ ਰਿਸ਼ਤੇਦਾਰਾਂ ਆਦਿ ਨਾਲ ਵੀ ਮੁਲਾਕਾਤ ਹੁੰਦੀ ਰਹੀ ਤੇ ਫੋਨ 'ਤੇ ਵੀ ਗੱਲਾਂ ਹੁੰਦੀਆਂ ਰਹੀਆਂ। ਪੀੜਤਾ ਨੇ ਪੁਲਸ ਦੇ ਜੈਲੀ ਪ੍ਰਤੀ ਇਸ ਵਿਵਹਾਰ ਦੀ ਜਾਣਕਾਰੀ ਰੋਪੜ ਦੇ ਐੱਸ. ਐੱਸ. ਪੀ. ਨੂੰ ਵੀ ਫੋਨ 'ਤੇ ਦਿੱਤੀ। ਐੱਸ. ਐੱਸ. ਪੀ. ਨੇ ਅੱਗੇ ਐੱਸ. ਪੀ. ਹੈੱਡਕੁਆਰਟਰ ਮਨਮੀਤ ਸਿੰਘ ਢਿੱਲੋਂ ਨੂੰ ਇਸ ਮਾਮਲੇ 'ਚ ਬਣਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ, ਜਿਸ ਮਗਰੋਂ ਪੀੜਤਾ ਨੇ ਉਸ ਵਲੋਂ ਜੈਲੀ ਨੂੰ ਦਿੱਤੀ ਇਸ ਟ੍ਰੀਟਮੈਂਟ ਦੀ ਬਣਾਈ ਗਈ ਵੀਡੀਓ ਵੀ ਭੇਜੀ।

ਜੈਲੀ ਨੂੰ ਮਦਦ ਪਹੁੰਚਾਉਣ ਦੇ ਦੋਸ਼ਾਂ 'ਤੇ ਬਣੀ ਸੀ ਐੱਸ. ਆਈ. ਟੀ.
ਜੈਲੀ ਸਮੇਤ ਮਨਜਿੰਦਰ, ਚਰਨਪ੍ਰੀਤ ਤੇ ਸ਼ਿੰਦਾ ਖਿਲਾਫ਼ ਮੋਹਾਲੀ ਫੇਜ਼-1 ਥਾਣੇ 'ਚ ਜਬਰ-ਜ਼ਨਾਹ ਦਾ ਮਾਮਲਾ ਦਰਜ ਹੈ। ਉਥੇ ਹੀ ਸੈਕਟਰ-29 ਥਾਣੇ 'ਚ ਚਰਨਪ੍ਰੀਤ ਸਿੰਘ ਉਰਫ਼ ਗੋਲਡੀ ਤੇ ਜਰਨੈਲ ਸਿੰਘ ਉਰਫ ਜੈਲੀ ਖਿਲਾਫ਼ 2015 'ਚ ਕਿਡਨੈਪਿੰਗ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਹੈ ਕਿਉਂਕਿ ਜੈਲੀ ਤੇ ਗੋਲਡੀ ਨੇ ਕਥਿਤ ਰੂਪ 'ਚ ਪੀੜਤਾ ਨੂੰ ਚੰਡੀਗੜ੍ਹ ਦੇ ਅਧਿਕਾਰ ਖੇਤਰ ਤੋਂ ਅਗਵਾ ਕੀਤਾ ਸੀ। ਪੀੜਤਾ ਚੰਡੀਗੜ੍ਹ ਦੀ ਨਿਵਾਸੀ ਹੈ। ਜ਼ਿਕਰਯੋਗ ਹੈ ਕਿ ਲੰਬੇ ਸਮੇਂ ਤੋਂ ਫਰਾਰ ਜੈਲੀ ਨੇ ਡੇਢ ਮਹੀਨਾ ਪਹਿਲਾਂ ਹੀ ਆਤਮ ਸਮਰਪਣ ਕੀਤਾ ਸੀ।


Tags: Court Singer Jelly VIP Treatment ਗਾਇਕਜੈਲੀ