ਨਵੀਂ ਦਿੱਲੀ (ਬਿਊਰੋ) — ਮਸ਼ਹੂਰ ਪੰਜਾਬੀ ਗਾਇਕ ਦਲੇਰ ਮਹਿੰਦੀ ਭਾਜਪਾ 'ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹੰਸ ਰਾਜ ਹੰਸ ਮੇਰੇ ਕੁੜਮ ਹਨ। ਮੈਂ ਆਪਣੇ ਕੁੜਮ ਦਾ ਸਾਥ ਦੇ ਕੇ ਆਪਣਾ ਧਰਮ ਨਿਭਾਉਣਾ ਚਾਹੁੰਦਾ ਹਾਂ। ਨਵੀਂ ਪਾਰਟੀ 'ਚ ਆਉਂਦੇ ਹੀ ਦਲੇਰ ਮਹਿੰਦੀ ਨੇ 'ਨਮੋ, ਨਮੋ' ਗੀਤ ਵੀ ਗੁਣ ਗੁਣਾਇਆ। ਸ਼ੁੱਕਰਵਾਰ ਨੂੰ ਕੇਂਦਰੀ ਮੰਤਰੀ ਵਿਜੈ ਗੋਇਲ ਤੇ ਉੱਤਰ ਪੱਛਮ ਸੀਟ ਤੋਂ ਭਾਜਪਾ ਪ੍ਰਤਿਆਸ਼ੀ ਹੰਸ ਰਾਜ ਹੰਸ ਦੀ ਮੌਜੂਦਗੀ 'ਚ ਦਲੇਰ ਮਹਿੰਦੀ ਨੇ ਪਾਰਟੀ ਦਾ ਪੱਲਾ ਫੜ੍ਹਿਆ। ਸਾਲ 2013 'ਚ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੀ ਮੌਜੂਦਗੀ 'ਚ ਦਲੇਰ ਮਹਿੰਦੀ ਕਾਂਗਰਸ 'ਚ ਸ਼ਾਮਲ ਹੋਏ ਸਨ।
ਦਿੱਲੀ ਪ੍ਰਦੇਸ਼ ਦੇ ਇਕ ਈਵੈਂਟ 'ਚ ਦਲੇਰ ਮਹਿੰਦੀ ਨੇ ਕਿਹਾ ਕਿ ਮੇਰੇ ਕੁੜਮ ਹੰਸ ਰਾਜ ਹੰਸ ਚੋਣਾਂ ਦੇ ਮੈਦਾਨ 'ਚ ਹਨ। ਉਨ੍ਹਾਂ ਦੇ ਖੇਤਰ 'ਚ ਉਹ ਪਿਛਲੇ 25 ਸਾਲਾਂ ਤੋਂ ਰਹਿੰਦੇ ਹਨ। ਦਿੱਲੀ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਉਨ੍ਹਾਂ ਨੇ ਸਾਹਿਬ ਸਿੰਘ ਵਰਮਾ ਨਾਲ ਮਿਲ ਕੇ 8 ਲੱਖ ਦਰਖਤ ਲਾਏ ਸਨ। ਦਲੇਰ ਮਹਿੰਦੀ ਨੇ ਕਿਹਾ ਕਿ ਸਾਲ 2008 'ਚ ਪਾਕਿਸਤਾਨ ਦੇ ਇਸਲਾਮਾਬਾਦ 'ਚ ਮੈਂ ਇਕ ਗੀਤ ਬਣਾਇਆ ਸੀ, ਜਿਸ ਦੀ ਸ਼ੁਰੂਆਤ ਸੀ 'ਨਮੋ ਨਮੋ'। ਮੈਨੂੰ ਇਸ ਦੀ ਖੁਸ਼ੀ ਹੈ ਕਿ ਬਾਅਦ 'ਚ ਭਾਜਪਾ ਨੇ ਉਸ ਗੀਤ ਨੂੰ ਆਪਣਾ ਸਲੋਗਨ ਬਣਾਇਆ। ਉਥੇ ਹੀ ਹੰਸ ਰਾਜ ਹੰਸ ਨੇ ਕਿਹਾ ਮੇਰਾ ਪੂਰਾ ਪਰਿਵਾਰ ਫਿਲਮਾਂ ਨਾਲ ਜੁੜਿਆ ਹੈ ਅਤੇ ਆਉਣ ਵਾਲੇ ਦਿਨਾਂ 'ਚ ਸਾਰੇ ਮੇਰੇ ਪ੍ਰਚਾਰ ਲਈ ਚੋਣਾਂ ਦੇ ਖੇਤਰ 'ਚ ਆਉਣਗੇ।
ਨਵਰਾਜ ਵੀ ਕਰਨਗੇ ਪਾਪਾ ਦਾ ਪ੍ਰਚਾਰ
ਹੰਸ ਰਾਜ ਹੰਸ ਦੇ ਬੇਟੇ ਕ੍ਰਿਕਟਰ ਨਵਰਾਜ ਹੰਸ ਵੀ ਆਪਣੇ ਪਿਤਾ ਲਈ ਚੋਣ ਪ੍ਰਚਾਰ ਕਰਨ ਲਈ ਦਿੱਲੀ ਪਹੁੰਚ ਚੁੱਕੇ ਹਨ। ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਉਹ ਵੀ ਭਾਜਪਾ 'ਚ ਸ਼ਾਮਲ ਹੋਣਗੇ ਜਾਂ ਨਹੀਂ। ਸ਼ੁੱਕਰਵਾਰ ਨੂੰ ਉਹ ਹਲਕੇ 'ਚ ਦਲੇਰ ਮਹਿੰਦੀ ਨਾਲ ਨਜ਼ਰ ਆਏ।