ਜਲੰਧਰ (ਬਿਊਰੋ) — ਇਤਿਹਾਸ ਦੇ ਕੁਝ ਪੰਨਿਆਂ ਨੂੰ ਫਿਲਮਾਂ ਨਾਲ ਜੋੜ ਕੇ ਲੋਕਾਂ ਨੂੰ ਸਮੇਂ-ਸਮੇਂ 'ਤੇ ਸਿੱਖ ਇਤਿਹਾਸ ਨਾਲ ਜੋੜਿਆ ਜਾਂਦਾ ਰਿਹਾ ਹੈ। ਅਜਿਹੀ ਹੀ ਇਕ ਧਾਰਮਿਕ ਐਨੀਮੇਸ਼ਨ ਫਿਲਮ 'ਦਾਸਤਾਨ-ਏ-ਮੀਰੀ ਪੀਰੀ' ਹੈ, ਜਿਸ 'ਚ ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਨੂੰ ਯਾਦ ਕਰਵਾਇਆ ਜਾਂਦਾ ਹੈ। ਹਾਲ ਹੀ ਇਸ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਹੈ। ਟਰੇਲਰ 'ਚ ਸਾਲ 1606 ਈ. 'ਚ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਅਤੇ ਤਾਨਾਸ਼ਾਹੀ ਮੁਗਲਾਂ ਦੇ ਖਿਲਾਫ ਧਰਮ ਯੁੱਧ ਲੜਦਿਆਂ ਤਖਤ ਸਿਰਜੇ, ਨਗਾਰੇ ਖੜਕੇ, ਫੌਜਾਂ ਸਜੀਆਂ, ਤੇਗਾਂ ਲਿਸ਼ਕੀਆਂ ਤੇ ਕੌਮ ਦੇ ਵਾਰਿਸ ਸੰਤ ਸਿਪਾਹੀ ਬਣ ਕੇ ਗਰਜੇ ਆਦਿ ਨੂੰ ਦਿਖਾਇਆ ਗਿਆ ਹੈ। ਦੱਸ ਦਈਏ ਕਿ ਸਿੱਖ ਇਤਿਹਾਸ 'ਚ ਮੀਰੀ-ਪੀਰੀ ਤਲਵਾਰਾਂ ਦੀ ਬਹੁਤ ਮਹਾਨਤਾ ਹੈ। ਇਸ ਫਿਲਮ ਰਾਹੀਂ ਲੋਕਾਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇਗਾ। ਇਸ ਫਿਲਮ ਰਾਹੀਂ ਜਿਥੇ ਦਰਸ਼ਕ ਛੇਵੇਂ ਗੁਰੂ ਸ੍ਰੀ ਹਰਗੋਬਿੰਦ ਜੀ ਬਾਰੇ ਜਾਣਨਗੇ, ਉਥੇ ਉਨ੍ਹਾਂ ਨੂੰ ਇਹ ਵੀ ਪਤਾ ਲੱਗੇਗਾ ਕਿ ਗੁਰੂ ਮਹਾਰਾਜ ਜੀ ਨੇ ਇਹ ਤਲਵਾਰਾਂ ਕਿਉਂ ਧਾਰਨ ਕੀਤੀਆਂ।
ਦੱਸਣਯੋਗ ਹੈ ਕਿ ਛਟਮਪੀਰ ਪ੍ਰੋਡਕਸ਼ਨ ਦੀ ਫਿਲਮ 'ਦਾਸਤਾਨ-ਏ-ਮੀਰੀ ਪੀਰੀ' ਨੂੰ ਵਿਨੋਦ ਲਾਂਜੇਵਰ ਨੇ ਡਾਇਰੈਕਟ ਕੀਤਾ ਹੈ। ਮੇਜਰ ਸਿੰਘ ਸੰਧੂ, ਦਿਲਰਾਜ ਸਿੰਘ ਗਿੱਲ ਤੇ ਨਵਦੀਪ ਕੌਰ ਨੇ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ। ਇਸ ਫਿਲਮ ਦਾ ਕੰਸੈਪਟ ਦਿਲਰਾਜ ਸਿੰਘ ਗਿੱਲ ਦਾ ਹੈ, ਜਦੋਂਕਿ ਫਿਲਮ ਨੂੰ ਵਿਨੋਦ ਲਾਂਜੇਵਰ ਨੇ ਡਾਇਰੈਕਟ ਕੀਤਾ ਹੈ। ਫਿਲਮ ਦੀ ਕਹਾਣੀ ਗੁਰਜੋਤ ਸਿੰਘ ਆਹਲੂਵਾਲੀਆ ਨੇ ਲਿਖੀ ਹੈ, ਜੋ ਕਿ ਫਿਲਮ ਦੇ ਅਸਿਸਟੈਂਟ ਡਾਇਰੈਕਟਰ ਵੀ ਹਨ। ਧਾਰਮਿਕ ਐਨੀਮੇਸ਼ਨ ਫਿਲਮ 'ਦਾਸਤਾਨ-ਏ-ਮੀਰੀ ਪੀਰੀ' 5 ਜੂਨ ਨੂੰ ਸਿਨੇਮਾ ਘਰਾਂ 'ਚ ਦਸਤਕ ਦੇ ਰਹੀ ਹੈ।