ਜਲੰਧਰ (ਬਿਊਰੋ) — ਟੀ. ਵੀ. ਐਕਟਰ ਤੇ ਕਾਮੇਡੀਅਨ ਜਸਪਾਲ ਭੱਟੀ ਦਾ ਨਾਂ ਸੁਣਦੇ ਹੀ ਤੁਸੀਂ ਯਾਦਾਂ ਦੇ ਉਸ ਦੌਰ 'ਚ ਚਲੇ ਜਾਂਦੇ ਹੋ, ਜਿਥੇ ਉਨ੍ਹਾਂ ਦੇ ਫਲਾਪ ਸ਼ੋਅ ਤੇ ਫੁੱਲ ਟੇਂਸ਼ਨ ਵਰਗੇ ਸੀਰੀਅਲਸ ਨਾਲ 'ਪਾਵਰ ਕੱਟ' ਤੇ 'ਮਾਹੌਲ ਠੀਕ ਹੈ' ਵਰਗੀਆਂ ਫਿਲਮ ਵੀ ਦਿਮਾਗ 'ਚ ਆਉਂਦੀਆਂ ਹਨ। ਜਸਪਾਲ ਦਾ ਜਨਮ 3 ਮਾਰਚ 1955 ਨੂੰ ਅੰਮ੍ਰਿਤਸਰ ਦੇ ਇਕ ਰਾਜਪੂਤ ਸਿੱਖ ਪਰਿਵਾਰ 'ਚ ਹੋਇਆ ਸੀ।
ਜਸਪਾਲ ਨੇ ਕਈ ਟੀ. ਵੀ. ਸ਼ੋਅਜ਼ ਅਤੇ ਫਿਲਮਾਂ 'ਚ ਕੰਮ ਕੀਤਾ। ਉਨ੍ਹਾਂ ਦੀ ਪ੍ਰਸਿੱਧੀ ਉਸ ਤਰ੍ਹਾਂ ਦੀ ਸੀ, ਜਿਵੇਂ ਅੱਜ ਦੇ ਦੌਰ 'ਚ ਕਪਿਲ ਸ਼ਰਮਾ ਦੀ ਹੈ। ਉਹ ਇਕ ਸਟਾਰ ਕਾਮੇਡੀਅਨ ਸਨ, ਜਿਨ੍ਹਾਂ ਨੂੰ ਜਿਹੜਾ ਵੀ ਕਿਰਦਾਰ ਦਿੱਤਾ ਜਾਂਦਾ ਸੀ, ਉਸ ਨੂੰ ਉਹ ਵਧੀਆ ਤਰੀਕੇ ਨਾਲ ਨਿਭਾਇਆ ਕਰਦੇ ਸਨ। ਉਨ੍ਹਾਂ ਅੰਦਰ ਨਾ ਸਿਰਫ ਆਪਣੇ ਚੁਟਕੁਲਿਆਂ ਨਾਲ ਜਨਤਾ ਨੂੰ ਹਸਾਉਣ ਦੀ ਕਾਬਲੀਅਤ ਸੀ ਸਗੋ ਗੱਲਾਂ-ਗੱਲਾਂ 'ਚ ਜੋਕਸ ਕੱਢਣ ਦਾ ਵੀ ਹੁਨਰ ਸੀ।
ਜਸਪਾਲ ਭੱਟੀ ਲੋਕਾਂ ਨੂੰ ਹਸਾਉਣ ਦੇ ਨਾਲ-ਨਾਲ ਸਮਾਜ 'ਚ ਫੈਲੇ ਭ੍ਰਿਸ਼ਟਾਚਾਰ ਅਤੇ ਬੁਰਾਈਆਂ 'ਤੇ ਵੀ ਚੋਟ ਕਰਦੇ ਸਨ। ਉਨ੍ਹਾਂ ਨੇ ਬਹੁਤ ਹੀ ਘੱਟ ਬਜਟ 'ਚ ਬਣੇ ਸ਼ੋਅ 'ਫਲਾਪ ਸ਼ੋਅ' ਰਾਹੀਂ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾ ਲਈ ਸੀ। ਉਨ੍ਹਾਂ ਦੀ ਕਮੇਡੀ ਕੁਦਰਤੀ ਸੀ, ਜਿਹੜੇ ਕਿ ਆਮ ਗੱਲਾਂ ਬਾਤਾਂ 'ਚੋਂ ਬਣਾਈ ਗਈ ਹੁੰਦੀ ਸੀ।
25 ਅਕਤੂਬਰ 2012 'ਚ ਉਨ੍ਹਾਂ ਦਾ ਇਕ ਸੜਕ ਹਾਦਸੇ 'ਚ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੀ ਉਮਰ 57 ਸਾਲ ਸੀ। ਇਹ ਹਾਦਸਾ ਉਦੋਂ ਹੋਇਆਂ ਜਦੋਂ ਉਹ ਆਪਣੇ ਬੇਟੇ ਦੀ ਫਿਲਮ 'ਪਾਵਰ ਕੱਟ' ਦੀ ਪ੍ਰਮੋਸ਼ਨ ਲਈ ਨਿਕਲੇ ਸਨ।