ਜਲੰਧਰ— ਦੇਬੀ ਪਿੰਡ ਤੋਂ ਫਗਵਾੜੇ ਸ਼ਹਿਰ ਅਤੇ 1987 'ਚ ਕੈਨੇਡਾ ਚਲਾ ਗਿਆ ਦੇਬੀ ਮਖ਼ਸੂਸਪੁਰੀ ਦਾ ਅਸਲੀ ਨਾਂ ਗੁਰਦੇਵ ਸਿੰਘ ਗਿੱਲ ਹੈ । ਅੱਜ ਦੇਬੀ ਦਾ ਨਾਂ ਪੰਜਾਬੀ ਸਾਹਿਤ ਅਤੇ ਸੰਗੀਤ ਜਗਤ 'ਚ ਧਰੂ ਤਾਰੇ ਵਾਂਗ ਚਮਕ ਰਿਹਾ ਹੈ। ਇਸ ਸਮੇਂ ਉਹ ਕੈਨੇਡਾ ਦੇ ਸ਼ਹਿਰ ਸਰੀ ਦਾ ਪੱਕਾ ਵਸਨੀਕ ਹੈ। ਦੇਬੀ ਨੂੰ ਦੇਵ ਤੋਂ ਦੇਬੀ ਨਾਂ ਦੇਣ ਵਾਲਾ ਪ੍ਰਸਿੱਧ ਗਾਇਕ ਜਸਵੰਤ ਸੰਦੀਲਾ ਹੈ । ਦੇਬੀ ਦਾ ਸੰਗੀਤਕ ਸਫ਼ਰ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਵੱਲੋਂ 1986 'ਚ ਗਾਏ ਦੇਬੀ ਦੇ ਲਿਖੇ ਗੀਤ ਬਾਬਲ ਮਰਿਆ ਭਾਬੀਏ ਪੈ ਗਏ ਪੁਆੜੇ ਨਾਲ ਸ਼ੁਰੂ ਹੋਇਆ । ਇਸ ਤੋਂ ਬਿਨਾਂ ਮਾਣਕ ਦੇ ਗਾਏ ਗੀਤ ਭਾਗਾਂ ਵਾਲੇ ਹੁੰਦੇ ਜਿਹੜੇ ਪਾਉਣ ਚਿੱਠੀਆਂ, ਲੋਕੋ ਮੈਂ ਪਾਕ ਮੁਹੱਬਤ ਹਾਂ ਵੀ ਦੇਬੀ ਦੇ ਹੀ ਲਿਖੇ ਹੋਏ ਹਨ ।
ਇਸ ਤੋਂ ਬਿਨਾਂ ਹੰਸ ਰਾਜ ਹੰਸ ਨੇ ਆਸ਼ਕਾਂ ਦੀ ਕਾਹਦੀ ਜ਼ਿੰਦਗੀ, ਤੇਰੇ ਦਰਸ਼ਨ ਹੋ ਗਏ ਮਹਿੰਗੇ, ਸਾਨੂੰ ਤੇਰੇ ਸ਼ਹਿਰ ਦਿਆਂ ਗੇੜਿਆਂ ਨੇ ਖਾ ਲਿਆ ਆਦਿ ਗੀਤ ਗਾਏ । ਜੇਕਰ ਹੋਰ ਕਲਾਕਾਰਾਂ ਦਾ ਜ਼ਿਕਰ ਕਰੀਏ ਤਾਂ ਸੁਰਿੰਦਰ ਛਿੰਦਾ, ਕੁਲਦੀਪ ਪਾਰਸ, ਸਰਬਜੀਤ ਚੀਮਾ, ਕਮਲਜੀਤ ਨੀਰੂ, ਪਰਮਿੰਦਰ ਸੰਧੂ, ਅਮਰਜੋਤ, ਮਨਜਿੰਦਰ ਦਿਓਲ, ਸੁਰਿੰਦਰ ਲਾਡੀ, ਗਿੱਲ ਹਰਦੀਪ, ਮਨਮੋਹਨ ਵਾਰਿਸ, ਕਮਲਹੀਰ, ਰਣਜੀਤ ਰਾਣਾ, ਸਿੱਪੀ ਗਿੱਲ ਅਤੇ ਰਾਜ ਬਰਾੜ ਆਦਿ ਸਮੇਤ ਦਰਜਨਾਂ ਗਾਇਕਾਂ ਨੇ ਦੇਬੀ ਦੇ ਲਿਖੇ ਗੀਤ ਗਾਏ ਅਤੇ ਪ੍ਰਸਿੱਧੀ ਖੱਟੀ । ਗੀਤਕਾਰੀ ਦੇ ਨਾਲ ਨਾਲ ਉਸ ਨੇ ਗਾਇਕੀ 'ਚ ਵੀ ਮਿਹਨਤ ਕੀਤੀ ਅਤੇ 1994 'ਚ ਜਦ ਮਾਂ ਨਹੀਂ ਰਹਿੰਦੀ ਐਲਬਮ ਸਾਗਾ ਮਿਊਜ਼ਿਕ ਕੰਪਨੀ 'ਚ ਉਸਤਾਦ ਸੰਗੀਤਕਾਰ ਚਰਨਜੀਤ ਅਹੂਜਾ ਦੇ ਸੰਗੀਤ 'ਚ ਤਿਆਰ ਕਰਕੇ ਗਾਇਕੀ ਦੇ ਵਿਹੜੇ 'ਚ ਪੈਰ ਧਰਿਆ।
ਇਸ ਤੋਂ ਬਾਅਦ ਸਾਡੀ ਗਲੀ ਲੰਘਦੇ ਰਹੋ ਅਤੇ ਕਈ ਹੋਰ ਐਲਬਮਾਂ ਅਤੇ ਦੇਬੀ ਲਾਈਵ ਪੰਜਾਬੀ ਸਰੋਤਿਆਂ ਦੇ ਸਨਮੁੱਖ ਪੇਸ਼ ਕਰ ਚੁੱਕਿਆ ਹੈ । ਗਾਇਕੀ-ਗੀਤਕਾਰੀ ਦੇ ਇੰਨੇ ਲੰਬੇ ਸਫ਼ਰ 'ਚ ਉਸ ਨੇ ਕਦੇ ਵੀ ਨਾ ਤਾਂ ਸ਼ੋਰ ਸਰਾਬੇ ਵਾਲੇ ਸੰਗੀਤ ਦਾ ਸਹਾਰਾ ਲਿਆ, ਨਾ ਹੀ ਅਸ਼ਲੀਲ ਸ਼ਬਦਾਵਲੀ ਵਰਤੀ ਤੇ ਨਾ ਹੀ ਹਥਿਆਰਾਂ ਅਤੇ ਜੱਟਵਾਦ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਲਿਖੇ । ਇਹੋ ਕਾਰਨ ਹੈ ਕਿ ਦੇਬੀ ਅੱਜ ਗੀਤਕਾਰਾਂ ਅਤੇ ਗਾਇਕਾਂ ਦੀ ਪੌੜੀ ਦੇ ਸਿਖਰ ਤੇ ਖੜ੍ਹਾ ਨਜ਼ਰ ਪੈਂਦਾ ਹੈ।