ਜਲੰਧਰ (ਬਿਊਰੋ) : ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇਣ ਵਾਲੇ ਪੰਜਾਬੀ ਗਾਇਕ ਦੀਪ ਢਿੱਲੋਂ ਨੇ ਬੀਤੇ ਦਿਨੀਂ ਆਪਣਾ ਜਨਮਦਿਨ ਸੈਲੀਬ੍ਰੇਟ ਕੀਤਾ। ਦੱਸ ਦਈਏ ਕਿ ਦੀਪ ਢਿੱਲੋਂ ਦਾ ਸੰਗੀਤਕ ਸਫਰ ਦਾ ਬਹੁਤ ਸੰਘਰਸ਼ ਭਰਿਆ ਰਿਹਾ ਹੈ। ਪਿੰਡ ਕੋਟੜਾ ਦੇ ਜੰਮ-ਪਲ ਦੀਪ ਢਿੱਲੋਂ ਨੂੰ ਬਚਪਨ ਤੋਂ ਹੀ ਗੀਤ ਗਾਉਣ ਦਾ ਸ਼ੌਂਕ ਸੀ ਪਰ ਆਪਣਾ ਮਿਊਜ਼ਿਕ ਕਰੀਅਰ ਸ਼ੁਰੂ ਕਰਨ ਤੋਂ ਪਹਿਲਾਂ ਉਹ ਸਾਖਰਤਾ ਮੁਹਿੰਮ ਨਾਲ ਜੁੜੇ ਹੋਏ ਸਨ। ਦੀਪ ਢਿੱਲੋਂ ਕਈ ਪਿੰਡਾਂ 'ਚ ਜਾ ਕੇ ਡਰਾਮੇ ਕਰਦੇ ਸਨ।
ਸਟੇਜ 'ਤੇ ਕੰਮ ਕਰਦਿਆ ਵਧਿਆ ਗਾਇਕੀ ਦਾ ਸ਼ੌਂਕ
ਦੱਸ ਦਈਏ ਕਿ ਦੀਪ ਢਿੱਲੋਂ ਨੂੰ ਸਟੇਜ 'ਤੇ ਕੰਮ ਕਰਦਿਆ ਗੀਤ ਗਾਉਣ ਦਾ ਸ਼ੌਂਕ ਵਧਿਆ ਸੀ। ਮੱਧ ਵਰਗੀ ਪਰਿਵਾਰ 'ਚੋਂ ਹੋਣ ਕਰਕੇ ਦੀਪ ਢਿੱਲੋਂ ਜੇ. ਈ. ਟੀ. ਕਰਕੇ ਅਧਿਆਪਕ ਬਣਨਾ ਚਾਹੁੰਦੇ ਸਨ ਤਾਂ ਜੋ ਉਹ ਆਪਣੇ ਪਰਿਵਾਰ ਦੀ ਆਰਥਿਕ ਤੌਰ 'ਤੇ ਮਦਦ ਕਰ ਸਕਣ।
ਇਸ ਲਈ ਦੀਪ ਢਿੱਲੋਂ ਲੁਧਿਆਣਾ ਦੇ ਕਿਸੇ ਕਾਲਜ 'ਚ ਦਾਖਲਾ ਲੈਣ ਲਈ ਬੱਸ 'ਚ ਸਵਾਰ ਹੋਣ ਗਏ ਸਨ ਪਰ ਰਸਤੇ 'ਚ ਹੀ ਉਨ੍ਹਾਂ ਦੇ ਕਿਸੇ ਦੋਸਤ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਬਠਿੰਡਾ ਦੇ ਰਜਿੰਦਰਾ ਕਾਲਜ 'ਚ ਦਾਖਣਾ ਲੈਣ। ਇਸ ਕਾਲਜ 'ਚ ਹੀ ਦੀਪ ਢਿੱਲੋਂ ਨੇ ਮਿਊਜ਼ਿਕ 'ਚ ਬੈਚਲਰ ਡਿਗਰੀ ਕੀਤੀ। ਦੋਸਤ ਦੀ ਇਸ ਸਲਾਹ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ।
ਬਠਿੰਡਾ ਦੇ ਰਜਿੰਦਰਾ ਕਾਲਜ 'ਚ ਪੜ੍ਹੇ ਕਈ ਗਾਇਕ
ਬਠਿੰਡਾ ਦੇ ਰਜਿੰਦਰਾ ਕਾਲਜ ਦੀ ਖਾਸ ਗੱਲ ਇਹ ਸੀ ਕਿ ਇਸ 'ਚ ਬਲਕਾਰ ਸਿੱਧੂ, ਪ੍ਰਗਟ ਭਾਗੂ ਅਤੇ ਹੋਰ ਕਈ ਮਸ਼ਹੂਰ ਗਾਇਕ ਪੜ੍ਹ ਕੇ ਕਾਮਯਾਬ ਗਾਇਕ ਬਣੇ ਸਨ। ਦੱਸ ਦਈਏ ਕਿ ਦੀਪ ਢਿੱਲੋਂ ਇਸੇ ਕਾਲਜ ਦੇ ਭੰਗੜਾ ਗਰੁੱਪ ਦੇ ਮੈਂਬਰ ਸਨ। ਇਸ ਦੇ ਨਾਲ ਹੀ ਦੀਪ ਢਿੱਲੋਂ ਸਟੇਜ ਸ਼ੋਅ ਵੀ ਕਰਦੇ ਸਨ। ਉਨ੍ਹਾਂ ਦੇ ਅਖਾੜੇ ਬਠਿੰਡਾ ਅਤੇ ਇਸ ਦੇ ਨਾਲ ਲੱਗਦੇ ਕਈ ਇਲਾਕਿਆਂ 'ਚ ਹੁੰਦੇ ਸਨ।
ਅਖਾੜਿਆ ਨਾਲ ਦੀਪ ਢਿੱਲੋਂ ਦੀ ਖੁੱਲ੍ਹੀ ਕਿਸਮਤ
ਦੀਪ ਢਿੱਲੋਂ ਸ਼ੁਰੂਆਤੀ ਦਿਨਾਂ 'ਚ ਅਖਾੜਿਆ 'ਚ ਉਨ੍ਹਾਂ ਨੂੰ ਖਾਸ ਪੈਸੇ ਨਹੀਂ ਮਿਲਦੇ ਸਨ ਪਰ ਇਸ ਦੇ ਬਾਵਜੂਦ ਵੀ ਉਹ ਅਖਾੜੇ ਲਾਉਂਦੇ ਸਨ। ਦੀਪ ਢਿੱਲੋਂ ਦਾ ਪਹਿਲਾ ਅਖਾੜਾ ਉੱਚਾ ਪਿੰਡ 'ਚ ਲੱਗਾ ਸੀ, ਜਿਸ ਤੋਂ ਉਨ੍ਹਾਂ ਨੂੰ ਚੰਗੇ ਪੈਸੇ ਮਿਲੇ ਸਨ। ਇਕ ਵਾਰ ਦੀਪ ਢਿੱਲੋਂ ਦੀ ਮੁਲਾਕਾਤ ਗੀਤਕਾਰ ਕਰਮਜੀਤ ਪੁਰੀ ਨਾਲ ਹੋਈ। ਕਰਮਜੀਤ ਪੁਰੀ ਦੇ ਗੀਤਾਂ ਨਾਲ ਸਾਲ 2005 'ਚ ਦੀਪ ਢਿੱਲੋਂ ਦੀ ਪਹਿਲੀ ਕੈਸੇਟ 'ਜੱਟ ਦੀ ਟੌਰ' ਆਈ ਸੀ। ਇਸ ਕੈਸੇਟ ਦੇ ਕਈ ਗੀਤ ਸੁਪਰ ਹਿੱਟ ਹੋਏ।
ਮਿਊਜ਼ਿਕ ਜਗਤ ਨੂੰ ਦਿੱਤੇ ਕਈ ਹਿੱਟ ਗੀਤ
ਸਫਲਤਾ ਮਿਲਣ ਤੋਂ ਬਾਅਦ ਦੀਪ ਢਿੱਲੋਂ ਦੀਆਂ ਕਈ ਕੈਸੇਟਾਂ ਮਾਰਕਿਟ 'ਚ ਆਈਆਂ ਜਿਵੇਂ 'ਹਾਜ਼ਰੀ', 'ਪੀ. ਜੀ', 'ਪੇਕਾ ਟੂ ਠੇਕਾ', 'ਰੇਡਰ'। ਇਨ੍ਹਾਂ ਕੈਸੇਟਾਂ ਦੇ ਕਈ ਗੀਤ ਸੁਪਰ ਹਿੱਟ ਰਹੇ, ਜਿਨ੍ਹਾਂ ਨੇ ਦੀਪ ਢਿੱਲੋਂ ਦੀ ਪਛਾਣ ਬਣਾ ਦਿੱਤੀ ਸੀ। ਇਨ੍ਹਾਂ ਕੈਸੇਟਾਂ 'ਚ ਦੋਗਾਣੇ ਸਨ। ਜਿਹੜੇ ਕਿ ਦੀਪ ਢਿੱਲੋਂ ਨੇ ਗੁਰਲੇਜ਼ ਅਖਤਰ, ਸੁਦੇਸ਼ ਕੁਮਾਰੀ ਅਤੇ ਜੈਸਮੀਨ ਜੱਸੀ ਨਾਲ ਗਾਏ ਸਨ।