ਜਲੰਧਰ (ਬਿਊਰੋ)— ਪ੍ਰਸਿੱਧ ਪੰਜਾਬੀ ਸੰਗੀਤਕਾਰ ਅਤੇ ਗਾਇਕ ਦੀਪ ਜੰਡੂ ਆਪਣੇ ਧਮਕੇਦਾਰ ਗੀਤਾਂ ਨਾਲ ਲੋਕਾਂ 'ਚ ਖਾਸ ਪਛਾਣ ਬਣਾ ਚੁੱਕੇ ਹਨ। ਥੋੜ੍ਹੇ ਸਮੇਂ 'ਚ ਹੀ ਉਨ੍ਹਾਂ ਨੇ ਉਹ ਮੌਕਾਮ ਹਾਸਿਲ ਕਰ ਲਿਆ ਹੈ, ਜੋ ਲੋਕਾਂ ਨੂੰ ਕਮਾਉਣ 'ਚ ਲੰਬਾ ਸਮਾਂ ਲੱਗ ਜਾਂਦਾ ਹੈ। ਹਾਲ ਹੀ 'ਚ ਦੀਪ ਜੰਡੂ ਦੇ ਪ੍ਰਸ਼ੰਸਕਾਂ ਲਈ ਇਕ ਖੁਸ਼ਖਬਰੀ ਸਾਹਮਣੇ ਆਈ ਹੈ। ਅਸਲ 'ਚ ਦੀਪ ਜੰਡੂ ਦੇ ਘਰ ਬੱਚੇ ਦੀਆਂ ਕਿਲਕਾਰੀਆਂ ਗੂੰਜੀਆਂ ਹਨ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਇੰਸਟਾਗਰਾਮ ਅਕਾਊਂਟ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੇ ਨਵਜੰਮੇ ਬੇਟੇ ਅਰਿਆਨ ਸਿੰਘ ਜੰਡੂ ਦਾ ਸੋਸ਼ਲ ਮੀਡੀਆ ਰਾਹੀਂ ਬੇਹੱਦ ਖੂਬਸੂਰਤ ਢੰਗ ਨਾਲ ਸਵਾਗਤ ਕੀਤਾ ਹੈ।
ਉਨ੍ਹਾਂ ਨੇ ਇੰਸਟਾ 'ਤੇ ਆਪਣੇ ਬੇਟੇ ਦੀ ਇਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, ''ਲਿਟਲ ਜੰਡੂ ਆ ਗਿਆ! ਅਰਿਆਨ ਸਿੰਘ ਜੰਡੂ। ਇਸ ਦੁਨੀਆ 'ਚ ਤੁਹਾਡਾ ਸਵਾਗਤ। ਮੈਂ ਪਰਮਾਤਮਾ ਦਾ ਬਹੁਤ ਧੰਨਵਾਦੀ ਹਾਂ ਅਤੇ ਮੈਨੂੰ ਤੇਰੀ ਮਾਂ (ਆਪਣੀ ਪਤਨੀ) 'ਤੇ ਮਾਣ ਹੈ। ਅੱਜ ਤੁਸੀਂ ਮੇਰੀ ਜ਼ਿੰਦਗੀ ਹਮੇਸ਼ਾ ਲਈ ਬਦਲ ਦਿੱਤੀ ਹੈ। ਆਈ ਲਵ ਯੂ।''
ਜ਼ਿਕਰਯੋਗ ਹੈ ਕਿ ਦੀਪ ਜੰਡੂ ਪੰਜਾਬੀ ਇੰਡਸਟਰੀ ਦੇ ਲੋਕਪ੍ਰਿਯ ਸਿੰਗਰਜ਼ ਦੇ ਗੀਤਾਂ ਨੂੰ ਸੰਗੀਤ ਦੇ ਚੁੱਕੇ ਹਨ। ਉਹ ਅੰਮ੍ਰਿਤ ਮਾਣ, ਨਿਮਰਤ ਖਹਿਰਾ, ਮਨਕੀਰਤ ਔਲਖ, ਸੁੱਖੀ, ਜੱਸ ਬਾਜਵਾ, ਗੁਰੀ ਵਰਗੇ ਸਿੰਗਰਜ਼ ਨੂੰ ਸ਼ਾਨਦਾਰ ਸੰਗੀਤ ਦੇ ਕੇ ਇੰਡਸਟਰੀ 'ਚ ਸ਼ੋਹਰਤ ਹਾਸਿਲ ਕਰ ਚੁੱਕੇ ਹਨ।