ਜਲੰਧਰ (ਬਿਊਰੋ) - ਪੰਜਾਬੀ ਫਿਲਮ 'ਰਮਤਾ ਜੋਗੀ' ਨਾਲ ਚਰਚਾ 'ਚ ਆਏ ਅਦਾਕਾਰ ਦੀਪ ਸਿੱਧੂ ਨੇ ਆਪਣੀ ਨਵੀਂ ਫਿਲਮ 'ਸਟੇਟ ਵਰਸਿਜ਼ ਵਰੀਆਮ ਸਿੰਘ' ਦੀ ਅਨਾਊਂਸਮੈਂਟ ਕੀਤੀ ਹੈ। ਫਿਲਮ ਦਾ ਆਫੀਸ਼ੀਅਲ ਪੋਸਟਰ ਰਿਲੀਜ਼ ਹੋ ਚੁੱਕਿਆ ਹੈ। ਇਸ ਫਿਲਮ ਦੀ ਕਹਾਣੀ ਮਿੰਟੂ ਗੁਰਸਰੀਆਂ ਨੇ ਲਿਖੀ ਹੈ ਤੇ ਇਸ ਫਿਲਮ ਨੂੰ 'ਨਾਢੂ ਖਾਂ' ਫਿਲਮ ਬਣਾ ਚੁੱਕੇ ਇਮਰਾਨ ਸ਼ੇਖ ਡਾਇਰੈਕਟ ਕਰਨਗੇ। 'ਲਾਊਡ ਰੌਰ ਫਿਲਮਜ਼' ਦੇ ਬੈਨਰ 'ਚ ਬਣਨ ਜਾ ਰਹੀ ਇਸ ਫਿਲਮ ਨੂੰ ਹਰਪ੍ਰੀਤ ਸਿੰਘ ਦੇਵਗਨ, ਵਿਮਲ ਚੋਪੜਾ ਤੇ ਆਦਰਸ਼ ਬਾਂਸਲ ਵੱਲੋਂ ਪ੍ਰੋਡਿਊਸ ਕੀਤਾ ਜਾਵੇਗਾ। ਦੱਸ ਦਈਏ ਕਿ ਫਿਲਮ ਦੀ ਸ਼ੂਟਿੰਗ ਜਲਦ ਸ਼ੁਰੂ ਹੋਵੇਗੀ ਤੇ ਅਗਲੇ ਸਾਲ ਇਸ ਫਿਲਮ ਨੂੰ ਰਿਲੀਜ਼ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਇਸ ਫਿਲਮ 'ਚ ਮੁੱਖ ਭੂਮਿਕਾ ਨਿਭਾ ਰਹੇ ਦੀਪ ਸਿੱਧੂ ਨੇ 'ਰਮਤਾ ਜੋਗੀ' ਨਾਲ ਪਾਲੀਵੁੱਡ 'ਚ ਡੈਬਿਊ ਕੀਤਾ ਸੀ। ਉਸ ਤੋਂ ਬਾਅਦ ਅਮਰਦੀਪ ਸਿੰਘ ਗਿੱਲ ਦੇ ਨਿਰਦੇਸ਼ਨ 'ਚ ਬਣੀ 'ਜ਼ੋਰਾ ਦਸਨੰਬਰੀਆਂ' 'ਚ ਉਨ੍ਹਾਂ ਦੀ ਅਦਾਕਾਰੀ ਨੂੰ ਖੂਬ ਸਰਾਹਿਆ ਗਿਆ ਸੀ। ਦੀਪ ਸਿੱਧੂ ਨੇ ਹਾਲ ਹੀ 'ਚ ਆਪਣੀ ਫਿਲਮ 'ਜ਼ੋਰਾ ਦੂਜਾ ਅਧਿਆਇ' ਦੀ ਸ਼ੂਟਿੰਗ ਮੁਕੰਮਲ ਕਰ ਚੁੱਕੇ ਹਨ। ਦੀਪ ਸਿੱਧੂ ਦੀ ਪਛਾਣ ਇਕ ਐਕਸ਼ਨ ਹੀਰੋ ਕਰਕੇ ਬਣੀ ਹੋਈ ਹੈ।