ਮੁੰਬਈ (ਬਿਊਰੋ) — 'ਦੀਆ ਔਰ ਬਾਤੀ ਹਮ' ਅਤੇ 'ਕਵਚ 2' ਵਰਗੇ ਸੀਰੀਅਲਾਂ ਦੀ ਅਦਾਕਾਰਾ ਦੀਪਿਕਾ ਸਿੰਘ ਮੁਸ਼ਕਿਲ ਦੌਰ 'ਚ ਲੰਘ ਰਹੀ ਹੈ। ਦੀਪਿਕਾ ਦੀ ਮਾਂ ਦਿੱਲੀ 'ਚ ਹੈ ਅਤੇ ਉਹ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਗਏ ਹਨ। ਜਦੋਂਕਿ ਅਦਾਕਾਰਾ ਖੁਦ ਮੁੰਬਈ 'ਚ ਫਸੀ ਹੋਈ ਹੈ ਤੇ ਉਸ ਨੂੰ ਆਪਣੀ ਮਾਂ ਦੀ ਬਹੁਤ ਚਿੰਤਾ ਹੋ ਰਹੀ ਹੈ। ਦੀਪਿਕਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਜਾਰੀ ਕਰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਪੀਲ ਕੀਤੀ ਹੈ। ਦੀਪਿਕਾ ਸਿੰਘ ਨੇ ਆਪਣੇ ਇੰਸਟਾਗ੍ਰਾਮ 'ਤੇ ਵੀਡੀਓ ਸਾਂਝੀ ਕਰਦੇ ਹੋਏ ਕਿਹਾ ਹੈ ਕਿ ''ਮੇਰੀ ਮਾਂ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ ਪਰ ਹਸਪਤਾਲ ਉਨ੍ਹਾਂ ਨੂੰ ਰਿਪੋਰਟ ਦੀ ਕਾਪੀ ਨਹੀਂ ਦੇ ਰਿਹਾ ਸਗੋਂ ਉਨ੍ਹਾਂ ਨੂੰ ਤਸਵੀਰ ਕਲਿੱਕ ਕਰਨ ਲਈ ਆਖ ਰਹੇ ਹਨ। ਬਿਨਾਂ ਰਿਪੋਰਟ ਦੇ ਮੇਰੀ ਮਾਂ ਨੂੰ ਕੋਈ ਵੀ ਹਸਪਤਾਲ 'ਚ ਦਾਖਲ ਨਹੀਂ ਕਰ ਰਿਹਾ ਹੈ। ਦੀਪਿਕਾ ਨੇ ਕਿਹਾ ਕਿ ਮੇਰੀ ਮਾਂ ਦਿੱਲੀ ਦੇ ਪਹਾੜਗੰਜ 'ਚ ਰਹਿੰਦੀ ਹੈ। ਮੇਰਾ ਪੂਰਾ ਪਰਿਵਾਰ ਇਕੱਠੇ ਹੀ ਰਹਿੰਦਾ ਹੈ, ਜਿਸ 'ਚ ਕੁੱਲ 45 ਮੈਂਬਰ ਸ਼ਾਮਲ ਹਨ। ਅਜਿਹੇ 'ਚ ਜੇਕਰ ਇੱਕ ਸ਼ਖ਼ਸ ਕੋਰੋਨਾ ਪਾਜ਼ੇਟਿਵ ਹੈ ਤਾਂ ਦੂਜਿਆਂ ਲੋਕਾਂ ਨੂੰ ਵੀ ਕੋਰੋਨਾ ਦਾ ਖ਼ਤਰਾ ਹੈ। ਦੀਪਿਕਾ ਅੱਗੇ ਆਖਦੀ ਹੈ ਕਿ ਮੇਰੀ ਦਾਦੀ ਨੂੰ ਵੀ ਸਾਹ ਲੈਣ 'ਚ ਮੁਸ਼ਕਿਲ ਹੋ ਰਹੀ ਹੈ ਅਤੇ ਮੇਰੇ ਪਿਤਾ 'ਚ ਵੀ ਇਸ ਦੇ ਲੱਛਣ ਦਿਸਣ ਲੱਗੇ ਹਨ।''
ਦੀਪਿਕਾ ਨੇ ਸੀ. ਐੱਮ. ਕੇਜਰੀਵਾਲ ਨੂੰ ਅਪੀਲ ਕਰਦੇ ਹੋਏ ਕਿਹਾ, ''ਮੈਂ ਮਦਦ ਚਾਹੁੰਦੀ ਹਾਂ। ਮੈਨੂੰ ਸਮਝ ਨਹੀਂ ਆ ਰਿਹਾ ਹੈ ਕਿ ਇਸ ਸਮੇਂ ਕੀ ਪ੍ਰਤੀਕਿਰਿਆ ਦੇਣੀ ਚਾਹੀਦੀ ਹੈ। ਮੈਂ ਬਹੁਤ ਤਕਲੀਫ 'ਚ ਹਾਂ। ਮੇਰਾ 2 ਸਾਲ ਦਾ ਬੇਟਾ ਹੈ ਅਤੇ ਮੈਂ ਮੁੰਬਈ 'ਚ ਫਸੀ ਹੋਈ ਹਾਂ। ਉਥੇ ਮੇਰੀ ਮਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਨਹੀਂ ਕੀਤਾ ਜਾ ਰਿਹਾ ਹੈ। ਮੇਰੀ ਭੈਣ ਉਥੇ ਗਈ ਹੈ ਪਰ ਉਹ ਕੁਝ ਨਹੀਂ ਕਰ ਪਾ ਰਹੀ ਹੈ। ਦਿੱਲੀ ਦੇ ਲੇਡੀ ਹੈਰੀਟੇਜ ਹਸਪਤਾਲ 'ਚ ਕੋਰੋਨਾ ਟੈਸਟ ਕਰਵਾਇਆ ਗਿਆ ਹੈ, ਜਿਸ ਨੇ ਮਾਂ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਕੀਤੀ ਗਈ ਹੈ।''

ਦੀਪਿਕਾ ਮੁਤਾਬਕ, ਦਿੱਲੀ ਦੇ ਕਈ ਹਸਪਤਾਲਾਂ 'ਚ ਬੈੱਡ ਖਾਲੀ ਨਹੀਂ ਹਨ। ਇਸ ਸਮੇਂ ਉਨ੍ਹਾਂ ਦੀ ਮਾਂ ਦਾ ਘਰ 'ਚ ਇਲਾਜ ਕੀਤਾ ਜਾ ਰਿਹਾ ਹੈ। ਦੀਪਿਕਾ ਨੇ ਆਪਣੇ ਪਤੀ ਦਾ ਫੋਨ ਨੰਬਰ ਵੀ ਸਾਂਝਾ ਕੀਤਾ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਕੋਈ ਸਬੰਧਿਤ ਵਿਅਕਤੀ ਇਸ ਵੀਡੀਓ ਨੂੰ ਦੇਖ ਕੇ ਮਦਦ ਜ਼ਰੂਰ ਕਰੇਗਾ।