ਜਲੰਧਰ (ਬਿਊਰੋ) — ਜਿਵੇਂ ਸ਼ਿਵ ਕੁਮਾਰ ਬਟਾਲਵੀ ਨੂੰ ਬਿਰਹਾ ਦਾ ਸੁਲਤਾਨ ਆਖਿਆ ਜਾਂਦਾ ਹੈ, ਉਸੇ ਤਰ੍ਹਾਂ ਗਾਇਕ ਧਰਮਪ੍ਰੀਤ ਨੂੰ ਸੈਡ ਗੀਤਾਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ। ਧਰਮਪ੍ਰੀਤ ਦੇ ਗਾਏ ਗੀਤ ਅੱਜ ਵੀ ਟੁੱਟੇ ਹੋਏ ਆਸ਼ਕਾਂ ਦੇ ਦਿਲ ਨੂੰ ਦਿਲਾਸਾ ਦਿੰਦੇ ਹਨ। ਹਰ ਪਾਸੇ ਤੋਂ ਟੁੱਟ ਚੁੱਕੇ ਆਸ਼ਕਾਂ ਦੀ ਗੱਲ ਕਰਨ ਵਾਲੇ ਧਰਮਪ੍ਰੀਤ ਦਾ ਜਨਮ 9 ਜੁਲਾਈ 1973 ਨੂੰ ਮੋਗਾ ਦੇ ਪਿੰਡ ਬਿਲਾਸਪੁਰ 'ਚ ਹੋਇਆ ਸੀ। ਉਨ੍ਹਾਂ ਦਾ ਅਸਲੀ ਨਾਂ ਭੁਪਿੰਦਰ ਧਰਮਾ ਸੀ।
ਦੱਸ ਦੇਈਏ ਕਿ ਧਰਮਪ੍ਰੀਤ ਦੇ ਸਭ ਤੋਂ ਕਰੀਬੀ ਦੋਸਤ ਬਲਕਾਰ ਸਿੰਘ ਸਿੱਧੂ, ਭਿੰਦਰ ਡੱਬਵਾਲੀ, ਵੀਰ ਦਵਿੰਦਰ, ਹਰਦੇਵ ਮਾਹੀਨੰਗਲ ਸਨ। ਧਰਮਪ੍ਰੀਤ ਨੇ ਆਪਣੀ ਸਕੂਲ ਦੀ ਪੜਾਈ ਅਤੇ ਗ੍ਰੈਜੁਏਸ਼ਨ ਮੋਗਾ ਤੋਂ ਹੀ ਕੀਤੀ ਸੀ ਪਰ ਉਨ੍ਹਾਂ ਨੂੰ ਬਚਪਨ ਤੋਂ ਹੀ ਗਾਉਣ ਵਜਾਉਣ ਦਾ ਸ਼ੌਂਕ ਸੀ। ਧਰਮਪ੍ਰੀਤ ਦੀ ਪਹਿਲੀ ਕੈਸੇਟ ਸਾਲ 1993 'ਚ 'ਖਤਰਾ ਹੈ' ਕੱਢੀ ਸੀ। ਇਹ ਕੈਸੇਟ ਭਾਵੇਂ ਜ਼ਿਆਦਾ ਕਾਮਯਾਬ ਨਹੀਂ ਸੀ ਹੋਈ ਪਰ ਇਸ ਨਾਲ ਉਨ੍ਹਾਂ ਨੂੰ ਪਛਾਣ ਮਿਲ ਗਈ ਸੀ। ਇਸੇ ਦੌਰਾਨ ਹਰਦੇਵ ਮਾਹੀਨੰਗਲ ਨੇ ਧਰਮਪ੍ਰੀਤ ਦੀ ਮੁਲਾਕਾਤ ਗੀਤਕਾਰ ਭਿੰਦਰ ਡੱਬਵਾਲੀ ਨਾਲ ਕਰਵਾਈ।
ਧਰਮਪ੍ਰੀਤ ਦੀ ਇਹ ਮੁਲਕਾਤ ਦੋਸਤੀ 'ਚ ਬਦਲ ਗਈ ਤੇ ਉਹ ਭਿੰਦਰ ਡੱਬਵਾਲੀ ਕੋਲ ਲੁਧਿਆਣਾ ਚਲੇ ਗਏ ਸਨ। ਇਸ ਤੋਂ ਬਾਅਦ ਸਾਲ 1997 'ਚ ਧਰਮਪ੍ਰੀਤ ਦੀ ਕੈਸੇਟ 'ਦਿਲ ਨਾਲ ਖੇਡਦੀ ਰਹੀ' ਆਈ, ਜੋ ਕਿ ਸੁਪਰ-ਡੁਪਰ ਹਿੱਟ ਰਹੀ। ਧਰਮਪ੍ਰੀਤ ਦੀ ਇਸ ਕੈਸੇਟ ਦੀਆਂ 25 ਲੱਖ ਦੇ ਲਗਭਗ ਕਾਪੀਆਂ ਰਾਤੋਂ-ਰਾਤ ਵਿੱਕ ਗਈਆਂ। ਇਸ ਕੈਸੇਟ ਦੀ ਕਾਮਯਾਬੀ ਤੋਂ ਬਾਅਦ ਭਿੰਦਰ ਡੱਬਵਾਲੀ ਨੇ ਉਨ੍ਹਾਂ ਦਾ ਨਾਂ ਧਰਮਪ੍ਰੀਤ ਰੱਖ ਦਿੱਤਾ। ਇਸ ਕੈਸੇਟ ਦੀ ਕਾਮਯਾਬੀ ਤੋਂ ਬਾਅਦ ਧਰਮਪ੍ਰੀਤ ਦਾ ਮਿਊਜ਼ਿਕ ਦੀ ਦੁਨੀਆ 'ਚ ਸਿੱਕਾ ਚੱਲਣ ਲੱਗਾ।
ਧਰਮਪ੍ਰੀਤ ਨੇ ਇਕ ਤੋਂ ਬਾਅਦ ਇਕ ਕੈਸੇਟਾਂ ਕੱਢੀਆਂ, ਜਿਨ੍ਹਾਂ 'ਚ 'ਅੱਜ ਸਾਡਾ ਦਿਲ ਤੋੜਤਾ', 'ਟੁੱਟੇ ਦਿਲ ਨਹੀਂ ਜੁੜਦੇ', 'ਡਰ ਲੱਗਦਾ ਵਿਛੜਨ ਤੋਂ', 'ਏਨਾ ਕਦੇ ਵੀ ਨਹੀਂ ਰੋਏ', 'ਦਿਲ ਕਿਸੇ ਹੋਰ ਦਾ', 'ਸਾਉਣ ਦੀਆਂ ਝੜੀਆਂ', 'ਕਲਾਸ ਫੈਲੋ' ਆਦਿ ਸਨ। ਇਸ ਤੋਂ ਇਲਾਵਾਂ ਉਨ੍ਹਾਂ ਨੇ ਧਾਰਮਿਕ ਕੈਸੇਟਾਂ ਵੀ ਕੱਢੀਆਂ, ਜਿਨ੍ਹਾਂ 'ਚ 'ਪੜ੍ਹ ਸਤਿਗੁਰੂ ਦੀ ਬਾਣੀ', 'ਜੇ ਰੱਬ ਮਿਲ ਜਾਵੇ' ਮੁੱਖ ਸਨ। ਧਰਮਪ੍ਰੀਤ ਦੀਆਂ ਲਗਭਗ 12 ਸੋਲੋ ਕੈਸੇਟਾਂ ਤੇ 6 ਡਿਊਟ ਕੈਸੇਟਾਂ ਬਜ਼ਾਰ 'ਚ ਆਈਆਂ ਸਨ।
ਧਰਮਪ੍ਰੀਤ ਨੇ ਸੁਦੇਸ਼ ਕੁਮਾਰੀ ਤੇ ਮਿਸ ਪੂਜਾ ਨਾਲ ਕਾਫੀ ਗੀਤ ਗਾਏ ਹਨ ਪਰ ਇਸ ਮਹਾਨ ਗਾਇਕ ਨੇ ਸ਼ਿਵ ਵਾਂਗ ਹੀ ਛੋਟੀ ਉਮਰ 'ਚ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ ਕਿਉਂਕਿ ਉਨ੍ਹਾਂ ਨੇ ਆਪਣੇ ਘਰ 'ਚ ਹੀ ਖੁਦਕੁਸ਼ੀ ਕਰ ਲਈ ਸੀ। ਕੁਝ ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਖੁਦਕੁਸ਼ੀ ਦਾ ਕਾਰਨ ਆਰਥਿਕ ਤੰਗੀ ਸੀ।