ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਐਕਟਰ ਦਿਲੀਪ ਕੁਮਾਰ ਨੂੰ ਸੀਨੇ 'ਚ ਦਰਦ ਤੇ ਇਨਫੈਕਸ਼ਨ ਦੀ ਸ਼ਿਕਾਇਤ ਕਾਰਨ ਬੁੱਧਵਾਰ ਮੁੰਬਈ ਦੇ ਲੀਲਾਵਤੀ ਹਸਤਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਦੱਸਿਆ ਗਿਆ ਹੈ ਕਿ ਦਿਲੀਪ ਦੀ ਸਿਹਤ 'ਚ ਹੁਣ ਪਹਿਲਾਂ ਨਾਲੋਂ ਕਾਫੀ ਸੁਧਾਰ ਹੋ ਰਿਹਾ ਹੈ ਪਰ ਇਲਾਜ ਦਾ ਅਸਰ ਕਾਫੀ ਹੋਲੀ-ਹੋਲੀ ਹੋ ਰਿਹਾ ਹੈ। ਫਿਲਹਾਲ ਦਿਲੀਪ ਕੁਮਾਰ ਉਮਰ ਨਾਲ ਸੰਬੰਧਿਤ ਬੀਮਾਰੀਆਂ ਨਾਲ ਲੜ ਰਹੇ ਹਨ। ਸੂਤਰਾਂ ਮੁਤਾਬਕ, ਦਿਲੀਪ ਦੀ ਪਤਨੀ ਸਾਇਰਾ ਬਾਨੋ ਨੇ ਕਿਹਾ ਹੈ ਕਿ ਅਗਲੇ 72 ਘੰਟਿਆਂ ਤੱਕ ਦਿਲੀਪ ਕੁਮਾਰ ਨੂੰ ਸਖਤ ਨਿਗਰਾਨੀ 'ਚ ਆਈ. ਸੀ. ਯੂ. 'ਚ ਹੀ ਰੱਖਿਆ ਜਾਵੇਗਾ। ਉਨ੍ਹਾਂ ਦੇ ਵਾਈਟਲ ਪੈਰਾਮੀਟਰਸ ਸਥਿਰ ਹਨ ਪਰ ਉਨ੍ਹਾਂ ਨੂੰ 3 ਦਿਨ ਤੱਕ ਹਸਪਤਾਲ 'ਚ ਹੀ ਰਹਿਣਾ ਪਵੇਗਾ। ਡਾਕਟਰਾਂ ਮੁਤਾਬਕ, ਦਿਲੀਪ ਕੁਮਾਰ ਨੈਜ਼ਲ ਫੀਡ 'ਤੇ ਹੈ। ਉਨ੍ਹਾਂ ਨੂੰ ਜਿਹੜਾ ਭੋਜਨ ਦਿੱਤਾ ਜਾ ਰਿਹਾ ਸੀ, ਉਹ ਕਾਫੀ ਮਾਤਰਾ 'ਚ ਫੇਫੜਿਆਂ 'ਚ ਜਮ ਗਿਆ ਸੀ। ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ ਭੋਜਨ ਮੂੰਹ ਰਾਹੀਂ ਨਹੀਂ ਦਿੱਤਾ ਜਾਣਾ ਚਾਹੀਦਾ।
ਦੱਸ ਦੇਈਏ ਕਿ ਬੁੱਧਵਾਰ ਦਿਲੀਪ ਕੁਮਾਰ ਦੇ ਟਵਿਟਰ ਹੈਂਡਲ ਤੋਂ ਸਾਇਰਾ ਬਾਨੋ ਨੇ ਟਵੀਟ ਕਰਕੇ ਉਨ੍ਹਾਂ ਦੀ ਸਿਹਤ ਖਰਾਬ ਹੋਣ ਦੀ ਜਾਣਕਾਰੀ ਦਿੱਤੀ ਸੀ। ਸਾਇਰਾ ਬਾਨੋ ਨੇ ਟਵਿਟਰ 'ਤੇ ਜਾਣਕਾਰੀ ਦਿੰਦੇ ਹੋਏ ਲਿਖਿਆ ਸੀ, ''ਸਾਹਿਬ ਦੇ ਸੀਨੇ 'ਚ ਇਨਫੈਕਸ਼ਨ ਕਾਰਨ ਅਸਹਿਜ ਮਹਿਸੂਸ ਕਰ ਰਹੇ ਸਨ। ਇਸ ਲਈ ਉਨ੍ਹਾਂ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ।''
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਦਿਲੀਪ ਕੁਮਾਰ ਨੂੰ ਅਗਸਤ ਮਹੀਨੇ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਉਦੋਂ ਡਿਹਾਈਡ੍ਰੇਸ਼ਨ ਕਾਰਨ ਦਿਲੀਪ ਕੁਮਾਰ ਦੀ ਸਿਹਤ ਜ਼ਿਆਦਾ ਵਿਗੜੀ ਸੀ। ਹਸਪਤਾਲ 'ਚ ਉਨ੍ਹਾਂ ਦੇ ਕਈ ਟੈਸਟ ਕੀਤੇ ਗਏ ਸਨ। ਇਸ ਤੋਂ ਇਲਾਵਾ ਉਨ੍ਹਾਂ ਨੂੰ 15 ਅਪ੍ਰੈਲ ਨੂੰ ਵੀ ਬਾਂਦਰਾ ਦੇ ਲੀਲਾਵਤੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਸਾਇਰਾ ਬਾਨੋ ਤੇ ਦਿਲੀਪ ਕੁਮਾਰ ਦੀ ਜੋੜੀ ਬਾਲੀਵੁੱਡ ਦੀਆਂ ਸਭ ਤੋਂ ਪੁਰਾਣੀਆਂ ਜੋੜੀਆਂ 'ਚੋਂ ਇਕ ਹੈ। ਸਾਇਰਾ ਬਾਨੋ ਨੇ ਸਾਲ 1966 'ਚ 22 ਸਾਲ ਦੀ ਉਮਰ 'ਚ ਦਿਲੀਪ ਕੁਮਾਰ ਨਾਲ ਵਿਆਹ ਕਰਵਾਇਆ ਸੀ। ਉਸ ਸਮੇਂ ਦਿਲੀਪ ਕੁਮਾਰ 44 ਸਾਲ ਦੇ ਸਨ।