ਮੁੰਬਈ(ਬਿਊਰੋ)— ਪੰਜਾਬ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਉੱਚ ਗੁਣਵੱਤਾ ਵਾਲੇ ਸਿਨੇਮਾ ਦੇ ਜ਼ਰੀਏ ਹਿੰਦੀ ਫਿਲਮ ਉਦਯੋਗ 'ਚ ਸਥਾਪਿਤ ਹੋਣਾ ਚਾਹੁੰਦੇ ਹਨ। 'ਉੜਤਾ ਪੰਜਾਬ' ਫਿਲਮ ਨਾਲ ਦਿਲਜੀਤ ਦੋਸਾਂਝ ਨੇ ਬਾਲੀਵੁੱਡ 'ਚ ਸ਼ਾਨਦਾਰ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਪੈਸਿਆਂ ਪਿੱਛੇ ਭੱਜਣ ਦੀ ਬਜਾਏ, ਉਹ ਅਜਿਹੇ ਪ੍ਰੋਜੈਕਟ ਨਾਲ ਜੁੜਨਾ ਚਾਹੁੰਦੇ ਹਨ, ਜੋ ਦਿਲਚਸਪ ਹੋਵੇ। ਦਿਲਜੀਤ ਦੋਸਾਂਝ ਦੀ ਅਗਲੀ ਹਿੰਦੀ ਫਿਲਮ 'ਸੂਰਮਾ' ਹੈ, ਜੋ ਹਾਕੀ ਦੇ ਖਿਡਾਰੀ ਸੰਦੀਪ ਸਿੰਘ ਦੇ ਜੀਵਨ 'ਤੇ ਆਧਾਰਿਤ ਹੈ। ਇਕ ਹੋਰ ਫਿਲਮ 'ਵੈੱਲਕਮ ਟੂ ਨਿਊਯਾਰਕ' 'ਚ ਉਨ੍ਹਾਂ ਨਾਲ ਸੋਨਾਕਸ਼ੀ ਸਿਨਹਾ ਹੈ। ਇਸ ਤੋਂ ਇਲਾਵਾ ਉਹ ਨਿਰਮਾਤਾ ਰਮੇਸ਼ ਤੋਰਾਨੀ ਨਾਲ ਵੀ ਇਕ ਫਿਲਮ ਕਰ ਰਹੇ ਹਨ। ਇਸ ਦਾ ਨਵਾਂ ਪੋਸਟਰ ਕੱਲ ਹੀ ਰਿਲੀਜ਼ ਹੋਇਆ ਹੈ।
ਦਿਲਜੀਤ ਦੋਸਾਂਝ ਦਾ ਕਹਿਣਾ ਹੈ ਕਿ, ''ਮੈਂ ਬਾਲੀਵੁੱਡ 'ਚ ਬਹੁਤ ਜ਼ਿਆਦਾ ਪੈਸਾ ਨਹੀਂ ਕਮਾ ਰਿਹਾ। ਹਿੰਦੀ ਫਿਲਮਾਂ ਦੇ ਮੁਕਾਬਲੇ ਪੰਜਾਬੀ ਫਿਲਮਾਂ ਤੇ ਸ਼ੋਅ ਕਰਕੇ ਮੈਂ ਜ਼ਿਆਦਾ ਪੈਸਾ ਕਮਾ ਰਿਹਾ ਹਾਂ। ਬਾਲੀਵੁੱਡ 'ਚ ਮੈਂ ਪੈਸਿਆਂ ਪਿੱਛੇ ਨਹੀਂ ਭੱਜ ਰਿਹਾ। ਮੈਂ ਇਹ ਫਿਲਮਾਂ ਤੇ ਭੂਮਿਕਾਵਾਂ ਨਾਲ ਪ੍ਰਯੋਗ ਕਰ ਰਿਹਾ ਹਾਂ।'' ਦਿਲਜੀਤ ਦੋਸਾਂਝ ਨੂੰ ਲੱਖਾਂ ਆਫਰ ਮਿਲ ਰਹੇ ਹਨ। ਉਹ ਸਿਰਫ ਉਹੀ ਭੂਮਿਕਾਵਾਂ ਕਰਨਾ ਚਾਹੁੰਦੇ ਹਨ, ਜੋ ਫਿਲਮ ਦੀ ਕਹਾਣੀ ਦਾ ਜ਼ਰੂਰੀ ਅੰਗ ਹੈ। ਉਨ੍ਹਾਂ ਨੇ ਕਿਹਾ, ''ਪਿਛਲੇ ਸਾਲ ਬਾਲੀਵੁੱਡ 'ਚ ਮੈਂ ਜਿੰਨੀਆਂ ਫਿਲਮਾਂ ਨੂੰ ਹਾਂ ਕਿਹਾ ਉਸ ਤੋਂ ਜ਼ਿਆਦਾ ਫਿਲਮਾਂ ਨੂੰ ਨਾਂਹ ਆਖਿਆ ਹੈ। ਇਸ ਦਾ ਕਾਰਨ ਇਹ ਸੀ ਕਿ ਫਿਲਮਾਂ ਤਾਂ ਚੰਗੀਆਂ ਸਨ ਪਰ ਮੇਰੀ ਭੂਮਿਕਾ ਚਰਿੱਤਰ ਭੂਮਿਕਾ ਸੀ, ਜੋ ਕਹਾਣੀ ਲਈ ਉਨ੍ਹੀ ਮੱਹਤਵਪੂਰਨ ਨਹੀਂ ਸੀ।''