ਜਲੰਧਰ (ਬਿਊਰੋ) : ਪੰਜਾਬੀ ਫਿਲਮ ਇੰਡਸਟਰੀ ਦੇ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਦੀ ਹਰ ਅਦਾਕਾਰੀ ਨੂੰ ਦਰਸ਼ਕਾਂ ਵਲੋਂ ਪਸੰਦ ਕੀਤਾ ਜਾਂਦਾ ਹੈ ਅਤੇ ਇਹ ਗੱਲ ਕਈ ਕੌਮਾਂਤਰੀ ਬਰਾਂਡ ਵੀ ਜਾਣ ਚੁੱਕੇ ਹਨ। ਇਸੇ ਲਈ ਦਿਲਜੀਤ ਦੋਸਾਂਝ ਕਈ ਕੌਮਾਂਤਰੀ ਕੰਪਨੀਆਂ ਦੇ ਬਰਾਂਡ ਅੰਬੈਸਡਰ ਹਨ। ਉਹ ਅਕਸਰ ‘Nestle’s Maggi, Coca Cola, Flipkart, FBB’ ਦੇ ਇਸ਼ਤਿਹਾਰਾਂ 'ਚ ਨਜ਼ਰ ਆਉਂਦੇ ਹਨ ਪਰ ਹੁਣ ਇਸ ਲਿਸਟ 'ਚ ਇਕ ਹੋਰ ਕੌਮਾਂਤਰੀ ਬਰਾਂਡ ਜੁੜ ਗਿਆ ਹੈ। ਜੀ ਹਾਂ ਦਿਲਜੀਤ ਦੋਸਾਂਝ ਮਲੇਸ਼ੀਆ ਏਅਰਲਾਈਨ ਦੀ ਕੰਪਨੀ ਏਅਰ ਏਸ਼ੀਆ ਦੇ ਬਰਾਂਡ ਅੰਬੈਸਡਰ ਬਣ ਗਿਆ ਹੈ। ਸਿੱਖ ਭਾਈਚਾਰੇ ਲਈ ਇਹ ਮਾਣ ਵਾਲੀ ਗੱਲ ਹੈ ਜਦੋਂ ਕੋਈ ਸਰਦਾਰ ਸਿੱਖ ਕੌਮਾਂਤਰੀ ਪੱਧਰ ਦੀ ਕੰਪਨੀ ਦੇ ਇਸ਼ਤਿਹਾਰਾਂ 'ਚ ਨਜ਼ਰ ਆਵੇਗਾ। ਇਸ ਗੱਲ ਦੀ ਜਾਣਕਾਰੀ ਦਿਲਜੀਤ ਦੋਸਾਂਝ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ 'ਤੇ ਦਿੱਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਸ ਸਬੰਧੀ ਇਕ ਪੋਸਟ ਵੀ ਸ਼ੇਅਰ ਕੀਤੀ ਹੈ। ਦੱਸ ਦਈਏ ਕਿ ਦਿਲਜੀਤ ਦੋਸਾਂਝ ਨੇ ਬਾਲੀਵੁੱਡ 'ਚ ਕਈ ਫਿਲਮਾਂ ਕੀਤੀਆ ਹਨ। ਉਹ ਪਹਿਲੇ ਪੱਗੜੀ ਧਾਰੀ ਅਦਾਕਾਰ ਹਨ, ਜਿਹੜੇ ਫਿਲਮਾਂ 'ਚ ਪੱਗੜੀ ਨਾਲ ਨਜ਼ਰ ਆਏ ਹਨ।
ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਛੜਾ' ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਇਸ ਫਿਲਮ 'ਚ ਉਨ੍ਹਾਂ ਨਾਲ ਨੀਰੂ ਬਾਜਵਾ ਮੁੱਖ ਭੂਮਿਕਾ 'ਚ ਹੈ। ਜਗਦੀਪ ਸਿੱਧੂ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ ਦੀ ਕਹਾਣੀ, ਡਾਇਲਾਗਜ਼, ਅਤੇ ਸਕਰੀਨ ਪਲੇਅ ਵੀ ਜਗਦੀਪ ਸਿੱਧੂ ਦੀ ਹੀ ਰਚਨਾ ਹੈ। ਦਿਲਜੀਤ ਤੇ ਨੀਰੂ ਤੋਂ ਇਲਾਵਾ ਇਸ ਫਿਲਮ 'ਚ ਜਗਜੀਤ ਸੰਧੂ, ਹਰਦੀਪ ਗਿੱਲ, ਅਨੀਤਾ ਦੇਵਗਨ, ਗੁਰਪ੍ਰੀਤ ਭੰਗੂ, ਪ੍ਰਿੰਸ ਕੰਵਲਜੀਤ ਸਿੰਘ, ਅਨੀਤਾ ਮੀਤ, ਰਵਿੰਦਰ ਮੰਡ, ਮਨਵੀਰ ਰਾਏ, ਰੁਪਿੰਦਰ ਰੂਪੀ, ਸੀਮਾ ਕੌਸ਼ਲ ਤੇ ਬਨਿੰਦਰ ਬੰਨੀ ਅਹਿਮ ਭੂਮਿਕਾ ਨਿਭਾ ਰਹੇ ਹਨ। ਇਹ ਫਿਲਮ 21 ਜੂਨ ਨੂੰ ਵੱਡੇ ਪੱਧਰ 'ਤੇ ਰਿਲੀਜ਼ ਹੋ ਰਹੀ ਹੈ।