ਜਲੰਧਰ (ਬਿਊਰੋ)— ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਦਾ ਆਪਣੀ ਪਤਨੀ ਅੰਬਰ ਧਾਲੀਵਾਲ ਨਾਲ ਵਿਵਾਦ ਸੋਸ਼ਲ ਮੀਡੀਆ 'ਤੇ ਖੂਬ ਦੇਖਣ ਨੂੰ ਮਿਲ ਰਿਹਾ ਹੈ। ਹਾਲ ਹੀ 'ਚ ਦਿਲਪ੍ਰੀਤ ਢਿੱਲੋਂ ਨੇ ਆਪਣੇ 'ਤੇ ਲੱਗੇ ਇਲਜ਼ਾਮਾਂ ਦੀ ਸਫਾਈ ਦਿੰਦਿਆਂ ਲਾਈਵ ਕੀਤਾ ਸੀ, ਜਿਸ 'ਚ ਉਨ੍ਹਾਂ ਨੇ ਆਪਣਾ ਪੱਖ ਰੱਖਿਆ। ਅੱਜ ਉਨ੍ਹਾਂ ਦੀ ਪਤਨੀ ਅੰਬਰ ਧਾਲੀਵਾਲ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਦਿਲਪ੍ਰੀਤ ਢਿੱਲੋਂ ਦੇ ਉਲਟ ਗੱਲਾਂ ਰੱਖੀਆਂ ਤੇ ਕਈ ਹੈਰਾਨੀ ਭਰੇ ਰਾਜ਼ ਵੀ ਖੋਲ੍ਹੇ।
ਦਿਲਪ੍ਰੀਤ ਤੇ ਅੰਬਰ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਪੰਜਾਬੀ ਗਾਇਕ ਦੋਵਾਂ ਨੂੰ ਇਕੱਠਿਆਂ ਦੇਖਣ ਲਈ ਕਈ ਪੋਸਟਾਂ ਅਪਲੋਡ ਕਰ ਰਹੇ ਹਨ। ਦਿਲਪ੍ਰੀਤ ਜਿਥੇ ਕਹਿ ਰਹੇ ਹਨ ਕਿ ਉਹ ਅੰਬਰ ਦੀ ਉਡੀਕ ਕਰਨਗੇ ਤੇ ਉਹ ਚਾਹੁੰਦੇ ਹਨ ਕਿ ਅੰਬਰ ਕੋਲ ਵਾਪਸ ਆ ਜਾਵੇ, ਉਥੇ ਅੰਬਰ ਦਾ ਕਹਿਣਾ ਹੈ ਕਿ ਉਹ ਕਦੇ ਦਿਲਪ੍ਰੀਤ ਕੋਲ ਵਾਪਸ ਨਹੀਂ ਆਉਣਾ ਚਾਹੁੰਦੀ।
ਇਨ੍ਹਾਂ ਵਿਵਾਦਾਂ ਵਿਚਾਲੇ ਦਿਲਪ੍ਰੀਤ ਢਿੱਲੋਂ ਤੇ ਅੰਬਰ ਧਾਲੀਵਾਲ ਦੇ ਵਿਆਹ ਦੀ ਇਕ ਪੁਰਾਣੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਇਹ ਵੀਡੀਓ 'ਦਾਸ ਮੀਡੀਆ ਵਰਕਸ' ਦੇ ਯੂਟਿਊਬ ਚੈਨਲ ਦੀ ਹੈ, ਜਿਨ੍ਹਾਂ ਨੇ ਦਿਲਪ੍ਰੀਤ ਤੇ ਅੰਬਰ ਦੇ ਵਿਆਹ ਨੂੰ ਕਵਰ ਕੀਤਾ। ਇਸ ਵੀਡੀਓ 'ਚ ਅੰਬਰ ਕਹਿ ਰਹੀ ਹੈ ਕਿ ਉਹ ਉਸ ਦੇ ਪਰਿਵਾਰ ਦੀ ਇੱਜ਼ਤ ਕਰਦਾ ਹੈ ਤੇ ਉਹ ਦਿਲਪ੍ਰੀਤ ਨੂੰ ਕਦੇ ਛੱਡ ਨਹੀਂ ਸਕਦੀ। ਦੂਜੇ ਪਾਸੇ ਦਿਲਪ੍ਰੀਤ ਕਹਿੰਦੇ ਹਨ ਕਿ ਅੰਬਰ ਮੇਰੇ ਘਰਦਿਆਂ ਤੇ ਮੇਰੀ ਬਹੁਤ ਇੱਜ਼ਤ ਕਰਦੀ ਹੈ ਤੇ ਮੈਂ ਉਸ ਨੂੰ ਹਮੇਸ਼ਾ ਖੁਸ਼ ਰੱਖਾਂਗਾ। ਖਬਰ ਨਾਲ ਦਿੱਤੇ ਵੀਡੀਓ ਲਿੰਕ 'ਤੇ ਕਲਿਕ ਕਰਕੇ ਤੁਸੀਂ ਦੋਵਾਂ ਦੇ ਵਿਆਹ ਦੀ ਵੀਡੀਓ ਨੂੰ ਦੇਖ ਸਕਦੇ ਹੋ।