FacebookTwitterg+Mail

ਗਿੱਪੀ ਗਰੇਵਾਲ ਤੋਂ ਫਿਰੌਤੀ ਨਹੀਂ ਮੰਗੀ, ਸਗੋਂ ਗੈਗਸਟਰਾਂ ਦੀ ਪ੍ਰਮੋਸ਼ਨ ਬੰਦ ਕਰਨ ਨੂੰ ਕਿਹਾ : ਦਿਲਪ੍ਰੀਤ ਢਾਹਾਂ

dilpreet singh dhahan
25 June, 2018 05:35:57 PM

ਮੋਹਾਲੀ/ਕੁਰਾਲੀ(ਕੁਲਦੀਪ, ਬਠਲਾ)— ਪ੍ਰਸਿੱਧ ਪੰਜਾਬੀ ਗਾਇਕ ਅਤੇ ਫਿਲਮ ਡਾਇਰੈਕਟਰ ਗਿੱਪੀ ਗਰੇਵਾਲ ਤੋਂ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਵਲੋਂ ਫਿਰੌਤੀ ਮੰਗਣ ਵਾਲੇ ਕੇਸ ਵਿਚ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਢਾਹਾਂ ਨੇ ਆਪਣੀ ਫੇਸਬੁੱਕ 'ਤੇ ਇਕ ਪੋਸਟ ਅੱਪਲੋਡ ਕਰਕੇ ਫਿਰੌਤੀ ਦੇ ਮਾਮਲੇ ਨੂੰ ਗਲਤ ਦੱਸਿਆ । ਦੱਸਣਯੋਗ ਹੈ ਕਿ ਦਿਲਪ੍ਰੀਤ ਢਾਹਾਂ ਦੀ ਫੇਸਬੁੱਕ ਇਕ ਵਾਰ ਫਿਰ ਅੱਪਡੇਟ ਹੋਈ ਹੈ। ਢਾਹਾਂ ਨੇ ਆਪਣੀ ਪੋਸਟ ਵਿਚ ਕਿਹਾ ਕਿ ਉਸ ਨੇ ਗਿੱਪੀ ਤੋਂ ਫੋਨ 'ਤੇ ਕੋਈ ਫਿਰੌਤੀ ਨਹੀਂ ਮੰਗੀ, ਸਗੋਂ ਉਸ ਨੂੰ ਗੈਂਗਸਟਰਾਂ ਨੂੰ ਪ੍ਰਮੋਟ ਕਰਨ ਵਾਲੇ ਗੀਤ ਬੰਦ ਕਰਨ ਦੀ ਨਸੀਹਤ ਦਿੱਤੀ ਸੀ । ਪੰਜਾਬ ਦੇ ਮੌਜੂਦਾ ਹਾਲਾਤ ਨੂੰ ਦਰਸਾਉਂਦੀਂਆਂ ਤੇ ਨੌਜਵਾਨਾਂ ਨੂੰ ਚੰਗੀ ਸੇਧ ਦੇਣ ਵਾਲੀਆਂ ਫਿਲਮਾਂ ਬਣਾਉਣ ਲਈ ਕਿਹਾ ਸੀ ।

ਢਾਹਾਂ ਨੇ ਕਿਹਾ ਕਿ ਫੋਨ 'ਤੇ ਉਸ ਦੀ ਗੱਲ ਗਿੱਪੀ ਨਾਲ ਨਹੀਂ, ਸਗੋਂ ਉਸ ਦੇ ਮੈਨੇਜਰ ਨਾਲ ਹੋਈ ਸੀ । ਉਸ ਨੇ ਮੈਨੇਜਰ ਨੂੰ ਗਿੱਪੀ ਨਾਲ ਗੱਲ ਕਰਵਾਉਣ ਲਈ ਕਿਹਾ ਸੀ ਪਰ ਦੂਜੇ ਦਿਨ ਜਦੋਂ ਵੇਖਿਆ ਤਾਂ ਫੋਨ 'ਤੇ ਹੋਈ ਉਸ ਗੱਲ ਨੂੰ ਗਿੱਪੀ ਤੋਂ ਫਿਰੌਤੀ ਮੰਗਣ ਦਾ ਰੂਪ ਦੇ ਦਿੱਤਾ ਗਿਆ । ਢਾਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਦੀ ਜ਼ਿੰਦਗੀ ਉਹ ਖੁਦ ਬਤੀਤ ਕਰ ਰਿਹਾ ਹੈ, ਉਹ ਨਹੀਂ ਚਾਹੁੰਦਾ ਕਿ ਕਿਸੇ ਮਾਂ ਦਾ ਪੁੱਤ ਉਸ ਤਰ੍ਹਾਂ ਦੀ ਜ਼ਿੰਦਗੀ ਬਤੀਤ ਕਰੇ । ਇਸ ਲਈ ਗਿੱਪੀ ਨੂੰ ਚਾਹੀਦਾ ਹੈ ਕਿ ਉਹ ਗੈਂਗਸਟਰਾਂ ਨੂੰ ਪ੍ਰਮੋਟ ਕਰਨ ਵਾਲੇ ਗੀਤ ਗਾਉਣੇ ਬੰਦ ਕਰੇ ।


Tags: Gippy Grewal Dilpreet Singh DhahanFacebook PostGangster

Edited By

Chanda Verma

Chanda Verma is News Editor at Jagbani.