ਮੁੰਬਈ (ਬਿਊਰੋ)— ਸਬ ਟੀ. ਵੀ. ਦੇ ਪ੍ਰਸਿੱਧ ਕਾਮੇਡੀ ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੀ ਦਯਾਬੇਨ ਯਾਨੀ ਦਿਸ਼ਾ ਵਕਾਨੀ ਨੇ ਗੁੱਡ ਨਿਊਜ਼ ਦਿੱਤੀ ਹੈ। ਉਸ ਨੇ ਵੀਰਵਾਰ ਸਵੇਰੇ ਮੁੰਬਈ ਦੇ ਪਵਈ 'ਚ ਇਕ ਪਿਆਰੀ ਜਿਹੀ ਬੇਟੀ ਨੂੰ ਜਨਮ ਦਿੱਤਾ ਹੈ। ਖਬਰਾਂ ਮੁਤਾਬਕ ਡਾਕਟਰ ਨੇ ਦਿਸ਼ਾ ਨੂੰ 20 ਦਸੰਬਰ ਦੀ ਡਲਿਵਰੀ ਡੇਟ ਦਿੱਤੀ ਸੀ ਪਰ ਉਸ ਦੇ ਘਰ 'ਚ ਖੁਸ਼ੀ ਨੇ ਸਮੇਂ ਤੋਂ ਪਹਿਲਾਂ ਹੀ ਦਸਤਕ ਦੇ ਦਿੱਤੀ। ਦਿਸ਼ਾ ਨੇ 24 ਨਵੰਬਰ 2015 ਨੂੰ ਮੁੰਬਈ ਦੇ ਮਯੂਰ ਪਾਂਡਾ ਨਾਲ ਵਿਆਹ ਕਰਵਾਇਆ ਸੀ। ਦਿਸ਼ਾ ਤੇ ਮਯੂਰ ਦਾ ਇਹ ਪਹਿਲਾ ਬੱਚਾ ਹੈ। ਦੋਵੇਂ ਹੀ ਘਰ 'ਚ ਨੰਨ੍ਹੀ ਪਰੀ ਦੇ ਆਉਣ ਨਾਲ ਕਾਫੀ ਖੁਸ਼ ਹਨ।
ਦਿਸ਼ਾ ਦੀ ਪ੍ਰੈਗਨੈਂਸੀ ਦੌਰਾਨ ਉਨ੍ਹਾਂ ਦੇ ਸ਼ੋਅ ਛੱਡਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਅਜਿਹਾ ਵੀ ਕਿਹਾ ਗਿਆ ਕਿ 'ਤਾਰਕ ਮਹਿਤਾ...' ਦੇ ਮੇਕਰਸ ਨਵੇਂ ਚਿਹਰੇ ਦੀ ਭਾਲ 'ਚ ਹਨ ਪਰ ਬਾਅਦ 'ਚ ਪ੍ਰੋਡਿਊਸਰ ਅਸਿਤ ਮੋਦੀ ਨੇ ਸਾਫ ਕੀਤਾ ਕਿ ਦਿਸ਼ਾ ਸ਼ੋਅ ਦਾ ਹਿੱਸਾ ਬਣੀ ਰਹੇਗੀ।
ਪ੍ਰੈਗਨੈਂਸੀ ਦੌਰਾਨ ਦਿਸ਼ਾ ਦੀ ਸੱਸ ਨੇ ਉਸ ਦਾ ਬਹੁਤ ਧਿਆਨ ਰੱਖਿਆ। ਉਹ ਉਸ ਨੂੰ ਸ਼ੋਅ ਦੇ ਸੈੱਟ ਤਕ ਛੱਡਣ ਆਉਂਦੀ ਸੀ। ਉਨ੍ਹਾਂ ਦੀ ਸੱਸ ਇਹ ਯਕੀਨੀ ਕਰਦੀ ਸੀ ਕਿ ਅਭਿਨੇਤਰੀ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਏ। ਦਿਸ਼ਾ ਦੀ ਪ੍ਰੈਗਨੈਂਸੀ ਨੂੰ ਦੇਖਦਿਆਂ ਮੇਕਰਸ ਨੇ ਉਨ੍ਹਾਂ ਲਈ ਸ਼ੂਟਿੰਗ ਦੇ ਘੰਟੇ ਵੀ ਘੱਟ ਕਰ ਦਿੱਤੇ ਸਨ।
ਦੱਸਣਯੋਗ ਹੈ ਕਿ ਸਬ ਟੀ. ਵੀ. ਦਾ ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦਰਸ਼ਕਾਂ ਵਿਚਾਲੇ ਕਾਫੀ ਪ੍ਰਸਿੱਧ ਹੈ। ਇਸ ਨੂੰ ਬੱਚੇ, ਬਜ਼ੁਰਗ ਤੇ ਵੱਡੇ ਹਰ ਵਰਗ ਦੇ ਦਰਸ਼ਕ ਦੇਖਦੇ ਹਨ। ਇਹ ਕਾਮੇਡੀ ਸ਼ੋਅ ਟੀ. ਆਰ. ਪੀ. ਦੀ ਲਿਸਟ 'ਚ ਟੌਪ-10 'ਚ ਆਪਣੀ ਜਗ੍ਹਾ ਬਣਾਉਣ 'ਚ ਕਾਮਯਾਬ ਰਹਿੰਦਾ ਹੈ।