FacebookTwitterg+Mail

ਸਿੱਖਿਆ ਢਾਂਚੇ 'ਤੇ ਵਿਅੰਗ ਕਰੇਗੀ ਫਿਲਮ 'ਦੋ ਦੂਣੀ ਪੰਜ'

do dooni 5
18 December, 2018 09:40:18 AM

ਜਲੰਧਰ(ਬਿਊਰੋ) : ਨੌਜਵਾਨਾਂ ਦੇ ਚਹੇਤੇ ਗਾਇਕ ਤੇ ਨਾਇਕ ਅੰਮ੍ਰਿਤ ਮਾਨ ਦੀ 11 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫ਼ਿਲਮ 'ਦੋ ਦੂਣੀ ਪੰਜ' ਸਿੱਖਿਆ ਢਾਂਚੇ 'ਤੇ ਅਜਿਹਾ ਵਿਅੰਗ ਕਰੇਗੀ ਕਿ ਸਭ ਹੱਸਣਗੇ ਵੀ ਤੇ ਸੋਚਣਗੇ ਵੀ। ਫ਼ਿਲਮ ਅਜਿਹੇ ਨੌਜਵਾਨ ਦੀ ਕਹਾਣੀ ਪੇਸ਼ ਕਰੇਗੀ, ਜਿਸ ਲਈ ਡਿਗਰੀਆਂ ਜੀਅ ਦਾ ਜੰਜਾਲ ਬਣਦੀਆਂ ਹਨ। ਉਹ ਸਿੱਖਿਆ ਢਾਂਚੇ ਵਿਚੋਂ ਖਾਮੀਆਂ ਲੱਭਦਾ ਹੈ। ਕਿਸਮਤ ਨੂੰ ਝੂਰਦਾ ਹੈ। ਉਸ ਦੀ ਹਾਲ ਬਿਆਨੀ ਸਾਡੇ ਸਭ ਮੂਹਰੇ ਵੱਡੇ ਸਵਾਲ ਵੀ ਖੜ੍ਹੇ ਕਰੇਗੀ ਤੇ ਹਸਾ-ਹਸਾ ਦੂਹਰੇ ਤੀਹਰੇ ਵੀ ਕਰੇਗੀ।

ਬਾਲੀਵੁੱਡ ਦੇ ਨਾਮਵਰ ਗਾਇਕ ਬਾਦਸ਼ਾਹ ਵੱਲੋਂ ਇਸ ਫ਼ਿਲਮ ਦਾ ਨਿਰਮਾਣ ਕੀਤਾ ਗਿਆ ਹੈ। 'ਅਪਰਾ ਫਿਲਮਜ਼' ਦੇ ਬੈਨਰ ਹੇਠ ਤਿਆਰ ਇਸ ਫ਼ਿਲਮ ਦਾ ਨਿਰਦੇਸ਼ਨ ਹੈਰੀ ਭੱਟੀ ਵੱਲੋਂ ਕੀਤਾ ਗਿਆ ਹੈ। ਫ਼ਿਲਮ ਵਿਚ ਤਕਰੀਬਨ ਸਾਰੇ ਹੀ ਵੱਡੇ ਪੰਜਾਬੀ ਕਲਾਕਾਰਾਂ ਦੀ ਹਾਜ਼ਰੀ ਹੈ। ਅੰਮ੍ਰਿਤ ਮਾਨ ਨਾਲ ਹੀਰੋਇਨ ਵਜੋਂ ਈਸ਼ਾ ਰਿਖੀ ਹੈ। ਇਸ ਤੋਂ ਇਲਾਵਾ ਰਾਣਾ ਰਣਬੀਰ, ਕਰਮਜੀਤ ਅਨਮੋਲ, ਸਰਦਾਰ ਸੋਹੀ, ਹਾਰਬੀ ਸੰਘਾ, ਨਿਰਮਲ ਰਿਸ਼ੀ, ਰੁਪਿੰਦਰ ਰੂਬੀ, ਮਲਕੀਤ ਤੌਰਣੀ, ਨਿਸ਼ਾ ਬਾਨੋ ਆਦਿ ਹਨ।

ਫ਼ਿਲਮ ਦਾ ਜਿਸ ਦਿਨ ਪਹਿਲਾ ਚੈਪਟਰ ਰਿਲੀਜ਼ ਹੋਇਆ ਹੈ, ਉਸੇ ਦਿਨ ਤੋਂ ਦਰਸ਼ਕਾਂ ਅੰਦਰ ਉਤਸੁਕਤਾ ਵਧ ਗਈ ਹੈ। ਨਵੇਂ ਤਰੀਕੇ ਨਾਲ ਪ੍ਰਚਾਰੀ ਜਾ ਰਹੀ ਇਸ ਫ਼ਿਲਮ ਦਾ ਟ੍ਰੇਲਰ ਜਾਰੀ ਕਰਨ ਤੋਂ ਪਹਿਲਾਂ ਥੋੜ੍ਹੀ ਦੇਰ ਦਾ ਇਕ ਦ੍ਰਿਸ਼ ਪੇਸ਼ ਕੀਤਾ ਗਿਆ ਹੈ, ਜਿਸ ਵਿਚ ਬੇਹੱਦ ਡਿਗਰੀਆਂ ਕਰਨ ਵਾਲਾ ਗੱਭਰੂ ਹਲਵਾਈ ਦੀ ਦੁਕਾਨ 'ਤੇ ਨੌਕਰੀ ਮੰਗਣ ਜਾਂਦਾ ਹੈ ਪਰ ਡਿਗਰੀਆਂ ਸੁਣ ਕੇ ਮਾਲਕ ਉਸ ਨੂੰ ਭਜਾਉਂਦਾ ਆਖਦਾ ਹੈ ਕਿ ਤੇਰੇ ਵਰਗੇ ਵੀਹ ਪੜ੍ਹੇ ਤੁਰੇ ਫਿਰਦੇ ਨੇ।

ਫ਼ਿਲਮ ਨੂੰ ਦੇਸ਼ ਦੁਨੀਆ ਵਿਚ ਰਿਲੀਜ਼ ਕਰਨ ਦਾ ਜ਼ਿੰਮਾ 'ਵ੍ਹਾਈਟ ਹਿੱਲ ਸਟੂਡੀਓ' ਵੱਲੋਂ ਨਿਭਾਇਆ ਜਾ ਰਿਹਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਗੁਣਬੀਰ ਸਿੰਘ ਸਿੱਧੂ ਨੇ ਕਿਹਾ ਕਿ 'ਦੋ ਦੂਣੀ ਪੰਜ' ਫ਼ਿਲਮ ਬਾਰੇ ਕੁੱਝ ਦੱਸਣ ਦੀ ਲੋੜ ਨਹੀਂ, ਇਹ ਸਭ ਕੁੱਝ ਖੁਦ ਬਿਆਨ ਕਰੇਗੀ। ਇਹ ਪਹਿਲੀ ਅਜਿਹੀ ਫ਼ਿਲਮ ਹੋ ਨਿਬੜੇਗੀ, ਜਿਹੜੀ ਸਿੱਖਿਆ ਢਾਂਚੇ 'ਤੇ ਕਮਾਲ ਦੀਆਂ ਟਿੱਪਣੀਆਂ ਤਾਂ ਕਰੇਗੀ ਹੀ, ਪੜ੍ਹੇ-ਲਿਖੇ ਬੇਰੁਜ਼ਗਾਰਾਂ ਦਾ ਦਰਦ ਵੀ ਬਿਆਨ ਕਰੇਗੀ।


Tags: Do Dooni 5 Amrit Maan Isha Rikhi Badshah Karamjit Anmol

Edited By

Sunita

Sunita is News Editor at Jagbani.