ਜਲੰਧਰ (ਬਿਊਰੋ) : ਅੰਮ੍ਰਿਤ ਮਾਨ ਦੀ ਪੰਜਾਬੀ ਫਿਲਮ 'ਦੋ ਦੂਣੀ ਪੰਜ' ਇਨ੍ਹੀਂ ਦਿਨੀਂ ਖੂਬ ਸੁਰਖੀਆਂ 'ਚ ਹੈ। ਲੋਕਾਂ ਵਲੋਂ ਫਿਲਮ ਪ੍ਰਤੀ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਹਾਲ ਹੀ 'ਚ 'ਦੋ ਦੂਣੀ ਪੰਜ' ਦੇ ਤੀਜੇ ਗੀਤ ਦਾ ਪੋਸਟਰ ਅੰਮ੍ਰਿਤ ਮਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਦੱਸ ਦੇਈਏ ਕਿ ਫਿਲਮ ਦੇ ਤੀਜੇ ਗੀਤ ਦਾ ਨਾਂ 'ਪੈੱਗ' ਹੈ, ਜਿਸ ਦਾ ਪੋਸਟਰ ਅੰਮ੍ਰਿਤ ਮਾਨ ਸ਼ੇਅਰ ਕੀਤਾ ਹੈ। ਇਸ ਪੋਸਟਰ ਅੰਮ੍ਰਿਤ ਮਾਨ ਹੱਥ 'ਚ ਬੋਤਲ ਫੜ੍ਹ ਕੇ ਖੜ੍ਹੇ ਨਜ਼ਰ ਆ ਰਹੇ ਹਨ। ਫਿਲਮ ਦਾ ਇਹ ਗੀਤ 31 ਦਸੰਬਰ ਨੂੰ ਰਿਲੀਜ਼ ਹੋ ਰਿਹਾ ਹੈ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਸੀ, ਜਿਸ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਦੇ ਟਰੇਲਰ 'ਚ ਪੰਜਾਬ ਦੇ ਮੌਜੂਦਾਂ ਹਲਾਤਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਟਰੇਲਰ 'ਚ ਪੰਜਾਬ ਦੀ ਬੇਰੁਜ਼ਗਾਰੀ ਅਤੇ ਨਸ਼ੇ ਦੇ ਮੁੱਦੇ ਨੂੰ ਪੇਸ਼ ਕੀਤਾ ਗਿਆ। ਫਿਲਮ ਦੇ ਟਰੇਲਰ 'ਚ ਅੰਮ੍ਰਿਤ ਮਾਨ ਨੂੰ ਰੋਮਾਂਸ ਕਰਦੇ ਵੀ ਦਿਖਾਇਆ ਗਿਆ ਹੈ, ਜਿਸ ਤੋਂ ਸਾਫ ਹੁੰਦਾ ਹੈ ਕਿ ਫਿਲਮ 'ਚ ਪੰਜਾਬ ਦੇ ਗੰਭੀਰ ਮਸਲਿਆਂ ਦੇ ਨਾਲ-ਨਾਲ ਮੁੰਡੇ ਕੁੜੀ ਦੀ ਪ੍ਰੇਮ ਕਹਾਣੀ ਵੀ ਪੇਸ਼ ਕੀਤਾ ਗਿਆ ਹੈ। ਇਸੇ ਤਰ੍ਹਾਂ ਕਰਮਜੀਤ ਅਨਮੋਲ ਤੇ ਹਾਰਬੀ ਸੰਘਾ ਦੇ ਸੀਨ ਨੂੰ ਦੇਖ ਕੇ ਲੱਗਦਾ ਹੈ ਕਿ ਇਸ 'ਚ ਕਮੇਡੀ ਦਾ ਵੀ ਖੂਬ ਤੜਕਾ ਲਾਇਆ ਹੋਇਆ। ਫਿਲਮ ਦਾ ਟਰੇਲਰ ਦੱਸਦਾ ਹੈ ਕਿ ਅੰਮ੍ਰਿਤ ਮਾਨ ਨੇ ਇਸ ਫਿਲਮ ਨੂੰ ਹਿੱਟ ਬਣਾਉਣ ਲਈ ਪੂਰਾ ਮਸਾਲਾ ਇੱਕਠਾ ਕੀਤਾ ਹੈ। ਦੱਸ ਦੇਈਏ ਕਿ 'ਦੋ ਦੂਣੀ ਪੰਜ' ਨੂੰ ਬਾਦਸ਼ਾਹ ਪ੍ਰੋਡਿਊਸ ਕਰ ਰਹੇ ਹਨ ਜਦੋਂਕਿ ਡਾਇਰੈਕਟਰ ਹੈਰੀ ਭੱਟੀ ਹਨ। ਇਸ ਫਿਲਮ ਦੇ ਮੁੱਖ ਹਿੱਸੇ ਦੀ ਸ਼ੂਟਿੰਗ ਚੰਡੀਗੜ੍ਹ ਅਤੇ ਇਸ ਦੇ ਆਸ ਪਾਸ ਦੇ ਇਲਾਕੇ 'ਚ ਹੋਵੇ ਹੈ।