FacebookTwitterg+Mail

ਡੌਲੀ ਬਿੰਦਰਾ ਨੇ ਸਾਧਿਆ 'ਰਾਧੇ ਮਾਂ' 'ਤੇ ਨਿਸ਼ਾਨਾ

dolly bindra and radhe maa
20 December, 2018 09:33:20 AM

ਭਵਾਨੀਗੜ੍ਹ (ਵਿਕਾਸ, ਸੰਜੀਵ) : ਰਾਧੇ ਮਾਂ 'ਤੇ ਧਮਕਾਉਣ ਦੇ ਦੋਸ਼ਾਂ ਵਾਲੀ ਰਿਕਾਰਡਿੰਗ ਦੀ ਆਵਾਜ਼ ਵਾਲੇ ਸੈਂਪਲ ਮੈਚ ਹੋਣ 'ਤੇ ਹਾਈਕੋਰਟ ਨੇ ਪੰਜਾਬ ਦੇ ਪੁਲਸ ਮੁਖੀ ਨੂੰ ਜਾਂਚ ਕਰ ਕੇ ਕਾਰਵਾਈ ਦੇ ਹੁਕਮ ਦੇਣ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਡੌਲੀ ਬਿੰਦਰਾ ਇਕ ਵਾਰ ਫਿਰ 'ਰਾਧੇ ਮਾਂ' ਖਿਲਾਫ ਖੁੱਲ੍ਹ ਕੇ ਸਾਹਮਣੇ ਆਈ ਹੈ। 'ਜਗ ਬਾਣੀ' ਨਾਲ ਮੁੰਬਈ ਤੋਂ ਫੋਨ 'ਤੇ ਵਿਸ਼ੇਸ਼ ਗੱਲਬਾਤ ਕਰਦਿਆਂ ਉਕਤ ਮਾਮਲੇ 'ਚ ਅਦਾਲਤ ਵੱਲੋਂ ਪੁਲਸ ਨੂੰ ਕਾਰਵਾਈ ਕਰਨ ਦੇ ਦਿੱਤੇ ਆਦੇਸ਼ਾਂ 'ਤੇ ਖੁਸ਼ੀ ਜ਼ਾਹਰ ਕਰਦਿਆਂ ਡੌਲੀ ਬਿੰਦਰਾ ਨੇ ਪ੍ਰਤੀਕਰਮ ਦਿੱਤਾ ਕਿ ਉਹ ਬਹੁਤ ਹੈਰਾਨ ਹੈ ਕਿ ਪੁਲਸ ਨੇ ਕਿਸੇ ਦੀ ਆਵਾਜ਼ ਦੀ ਪਛਾਣ ਕਰਨ ਵਿਚ ਇੰਨੀ ਦੇਰੀ ਕੀਤੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕੰਮ ਕਰਨ ਵਾਲੀ ਪੁਲਸ ਤੋਂ ਲੋਕ ਇਨਸਾਫ ਦੀ ਕਿਵੇਂ ਆਸ ਲਾਉਣਗੇ।

ਬਿੰਦਰਾ ਨੇ 'ਰਾਧੇ ਮਾਂ' 'ਤੇ ਨਿਸ਼ਾਨਾ ਲਾਉਂਦੇ ਕਿਹਾ ਕਿ ਧਰਮ ਦੇ ਨਾਂ 'ਤੇ ਆਖਰ ਕੋਈ ਕਿਵੇਂ ਲੋਕਾਂ ਨੂੰ ਮੂਰਖ ਬਣਾ ਸਕਦਾ ਹੈ ਪਰ ਲੋਕ ਹੁਣ ਸਮਝਦਾਰ ਹੋ ਚੁੱਕੇ ਹਨ ਤੇ ਅਜਿਹੇ ਪਖੰਡੀਆਂ ਨੂੰ ਮੂੰਹ ਨਹੀਂ ਲਾਉਂਦੇ। ਬਿੰਦਰਾ ਨੇ ਕਿਹਾ ਕਿ ਲੋਕਾਂ ਨੂੰ ਹੁਣ ਪਤਾ ਲੱਗ ਚੁੱਕਾ ਹੈ ਕਿ ਧਰਮ ਦੇ ਨਾਂ 'ਤੇ ਲੋਕਾਂ ਦੀਆਂ ਧਾਰਮਕ ਭਾਵਨਾਵਾਂ ਨਾਲ ਅੱਜ ਤੱਕ ਸ਼ਰੇਆਮ ਖੇਡਿਆ ਗਿਆ ਹੈ। ਉਨ੍ਹਾਂ ਨੇ ਫਗਵਾੜਾ ਦੇ ਸੁਰਿੰਦਰ ਮਿੱਤਲ ਵੱਲੋਂ ਸੁਖਵਿੰਦਰ ਕੌਰ ਉਰਫ ਬੱਬੋ ਉਰਫ ਰਾਧੇ ਮਾਂ ਦੇ ਖਿਲਾਫ ਲੜੀ ਜਾ ਰਹੀ ਦਲੇਰਾਨਾ ਢੰਗ ਲੜਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੇਕਰ ਹੋਰ ਲੋਕ ਵੀ ਇਸ ਦੇ ਪਖੰਡ ਦਾ ਪਰਦਾਫਾਸ਼ ਕਰਨ ਲਈ ਅੱਗੇ ਆਉਣ ਤਾਂ ਇਸ ਲੜਾਈ ਦਾ ਅੰਤ ਛੇਤੀ ਹੋ ਸਕਦਾ ਹੈ।


Tags: Dolly Bindra Radhe Maa Bollywood Celebrity ਡੌਲੀ ਬਿੰਦਰਾ ਰਾਧੇ ਮਾਂ

Edited By

Sunita

Sunita is News Editor at Jagbani.