ਲਾਂਸ ਏਜਲਸ (ਬਿਊਰੋ) : ਮਸ਼ਹੂਰ ਅਦਾਕਾਰਾ ਤੇ ਗਾਇਕਾ ਡੋਰਿਸ ਡੇ ਦਾ ਸੋਮਵਾਰ ਨੂੰ 97 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। 'ਡੋਰਿਸ ਡੇ ਅਨੀਮਲ ਫਾਊਂਡੇਸ਼ਨ' ਦੀ ਆਧਿਕਾਰਿਕ ਵੈੱਬਸਾਈਟ 'ਤੇ ਜ਼ਾਰੀ ਬਿਆਨ ਮੁਤਾਬਕ, ਉਸ ਨੇ ਕੈਲਫੋਰੀਆ 'ਚ ਆਪਣੇ ਕਾਰਮਲ ਵੇਲੀ ਸਥਿਤ ਘਰ 'ਚ ਸੋਮਵਾਰ ਆਖਰੀ ਸਾਹ ਲਿਆ। ਸਾਲ 1950 ਦੇ ਦਹਾਕੇ 'ਚ ਹਾਲੀਵੁੱਡ 'ਤੇ ਰਾਜ ਕਰਨ ਵਾਲੀ ਡੋਰਿਸ ਡੇ ਨੇ 'ਪਿਲੋ ਟਾਕ', 'ਦੈਟ ਟਚ ਆਫ ਮਿੰਕ' ਤੇ 'ਦਿ ਮੈਨ ਹੂ ਨਿਊ ਟੂ ਮਚ' ਵਰਗੀਆਂ ਕਈ ਹਿੱਟ ਫਿਲਮਾਂ ਦਿੱਤੀਆਂ।
ਦੱਸ ਦਈਏ ਕਿ ਅਦਾਕਾਰਾ ਨੇ ਤਿੰਨ ਅਪ੍ਰੈਲ ਨੂੰ ਹੀ ਆਪਣਾ 97ਵਾਂ ਜਨਮਦਿਨ ਮਨਾਇਆ ਸੀ। ਡੋਰਿਸ ਡੇ ਨੇ ਸਾਲ 1948 'ਚ ਫਿਲਮ 'ਰੋਮਾਂਸ ਆਨ ਦਿ ਹਾਈ ਸੀਜ਼' ਦੇ ਜ਼ਰੀਏ ਆਪਣੇ ਅਭਿਨੈ ਦੀ ਪਾਰੀ ਦੀ ਸ਼ੁਰੂਆਤ ਕੀਤੀ ਸੀ ਅਤੇ ਉਸ ਦੀ ਆਖਰੀ ਫਿਲਮ ਸਾਲ 1968 'ਚ ਆਈ 'ਵਿਥ ਸਿਕਸ ਯੂ ਗੇਟ ਐਗਰੋਲ' ਸੀ। ਹਾਲਾਂਕਿ ਇਸ ਤੋਂ ਬਾਅਦ ਉਸ ਨੇ ਟੀ. ਵੀ. 'ਤੇ ਕਾਪੀ ਕੰਮ ਕੀਤਾ।
ਡੋਰਿਸ ਡੇ ਇਕ ਖੂਬਸੂਰਤ ਆਵਾਜ਼ ਵਾਲੀ ਗਾਇਕਾ ਤੇ ਅਦਾਕਾਰਾ ਦੇ ਰੂਪ 'ਚ ਜਾਣੀ ਜਾਂਦੀ ਸੀ। ਸਾਲ 1950 ਤੇ 1960 ਦੇ ਦਹਾਕੇ 'ਚ ਫਿਲਮਾਂ 'ਚ ਉਸ ਦੇ ਜ਼ਬਰਦਸਤ ਕੰਮ ਨੇ ਉਸ ਨੂੰ ਸਟਾਰ ਬਣਾ ਦਿੱਤਾ ਸੀ।