ਮੁੰਬਈ(ਬਿਊਰੋ)— ਸਾਲ 1981 'ਚ 'ਏਕ ਦੂਜੇ ਕੇ ਲੀਏ' ਨਾਮ ਦੀ ਇਕ ਫਿਲਮ ਰਿਲੀਜ਼ ਹੋਈ ਸੀ । ਸਾਊਥ ਦੀਆਂ ਸੈਂਕੜੇ ਫਿਲਮਾਂ ਕਰਨ ਤੋਂ ਬਾਅਦ ਕਮਲ ਹਸਨ ਦੀ ਇਹ ਪਹਿਲੀ ਹਿੰਦੀ ਫਿਲਮ ਸੀ। ਇਸ ਦੇ ਨਾਲ ਹੀ ਹੋਰ ਵੀ ਕਈ ਲੋਕ ਸਨ, ਜੋ ਤਾਮਿਲ-ਤੇਲਗੂ ਸਿਨੇਮਾ 'ਚ ਕੰਮ ਕਰਨ ਤੋਂ ਬਾਅਦ ਪਹਿਲੀ ਵਾਰ ਹਿੰਦੀ ਫਿਲਮਾਂ ਦਾ ਹਿੱਸਾ ਬਣਨ ਜਾ ਰਹੇ ਸਨ। ਇਸ ਫਿਲਮ ਨੂੰ ਬਾਲਾਚੰਦਰ ਨੇ ਡਾਇਰੈਕ ਕੀਤਾ ਸੀ। ਜਦੋਂ ਇਹ ਫਿਲਮ ਬਣ ਕੇ ਤਿਆਰ ਹੋ ਗਈ ਤਾਂ ਕਿਸੇ ਵੀ ਡਿਸਟ੍ਰੀਬਿਊਟਰ ਨੇ ਨੁਕਸਾਨ ਹੋਣ ਦੇ ਡਰ ਤੋਂ ਇਸ ਨੂੰ ਨਹੀਂ ਖਰੀਦਿਆ। ਪ੍ਰੇਸ਼ਾਨ ਹੋਏ ਪ੍ਰੋਡਿਊਸਰ ਲੱਕਸ਼ਮਣ ਪ੍ਰਸ਼ਾਦ ਨੇ ਖੁਦ ਹੀ ਇਸ ਫਿਲਮ ਨੂੰ ਡਿਸਟ੍ਰੀਬਿਊਟ ਕਰਨ ਦਾ ਮਨ ਬਣਾਇਆ ਤੇ ਉਨ੍ਹਾਂ ਨੇ ਫਿਲਮ ਦੇ ਕੁਝ ਪ੍ਰਿੰਟ ਹੀ ਤਿਆਰ ਕਰਵਾਏ।

ਇਕ ਹਫਤੇ 'ਚ ਇਸ ਫਿਲਮ ਦੀ ਇਨੀਂ ਮੰਗ ਵੱਧ ਕਿ ਫੌਰਨ ਇਸ ਫਿਲਮ ਦੇ ਕਈ ਪ੍ਰਿੰਟ ਤਿਆਰ ਕਰਵਾਉਣੇ ਪਏ। 10 ਲੱਖ 'ਚ ਬਣੀ ਇਸ ਫਿਲਮ ਨੇ ਕੁਝ ਹੀ ਦਿਨਾਂ 'ਚ 10 ਕਰੋੜ ਦੀ ਕਮਾਈ ਕਰ ਲਈ ਸੀ । ਇਸ ਫਿਲਮ ਨੇ ਇਕ ਨੈਸ਼ਨਲ ਐਵਾਰਡ ਤੇ ਤਿੰਨ ਫਿਲਮ ਫੇਅਰ ਐਵਾਰਡ ਜਿੱਤੇ। ਇਸ ਫਿਲਮ ਨੇ ਕਮਲ ਹਸਨ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ ਸੀ। ਅਮਿਤਾਭ ਬੱਚਨ ਤੋਂ ਬਾਅਦ ਕਮਲ ਹਸਨ ਬਾਲੀਵੁੱਡ ਦੇ ਸਟਾਰ ਬਣ ਗਏ ਸਨ । ਇਸ ਫਿਲਮ ਦੇ ਕਈ ਦ੍ਰਿਸ਼ ਇਸ ਤਰ੍ਹਾਂ ਦੇ ਸਨ, ਜਿੰਨ੍ਹਾਂ 'ਚ ਨਵੀਂ ਪੀੜੀ ਨੂੰ ਬਾਗੀ ਦਿਖਾਇਆ ਗਿਆ ਸੀ।

ਖਾਸ ਕਰਕੇ ਉਹ ਸੀਨ ਜਿਸ 'ਚ ਫਿਲਮ ਦੀ ਹੀਰੋਇਨ ਆਪਣੀ ਮਾਂ ਦੇ ਸਾਹਮਣੇ ਆਪਣੇ ਆਸ਼ਿਕ ਦੀ ਸੜੀ ਹੋਈ ਫੋਟੋ ਚਾਹ 'ਚ ਘੋਲ ਕੇ ਪੀਂਦੀ ਹੈ। ਇਹ ਸੀਨ ਕਾਫੀ ਖਤਰਨਾਕ ਸੀ ਕਿਉਂਕਿ ਤਸਵੀਰ ਨੂੰ ਤਿਆਰ ਕਰਨ ਲਈ ਕਈ ਕਿਸਮ ਦੇ ਕੈਮੀਕਲ ਵਰਤੇ ਜਾਂਦੇ ਹਨ, ਅਜਿਹੇ 'ਚ ਤਸਵੀਰ ਦੀ ਸਵਾਹ ਨੂੰ ਚਾਹ 'ਚ ਘੋਲ ਕੇ ਪੀਣਾ ਕਾਫੀ ਖਤਰਨਾਕ ਸੀ ਪਰ ਫਿਲਮ ਦੀ ਹੀਰੋਇਨ ਨੇ ਇਹ ਖਤਰਾ ਵੀ ਮੁੱਲ ਲਿਆ ਸੀ। ਫਿਲਮ ਨੂੰ ਕੁਝ ਹੀ ਹਫਤਿਆਂ 'ਚ ਬਾਲਕਬਾਸਟਰ ਐਲਾਨ ਕਰ ਦਿੱਤਾ ਗਿਆ ਸੀ।

ਫਿਲਮ ਦੇ ਅੰਤ 'ਚ ਕਮਲ ਹਸਨ ਤੇ ਫਿਲਮ ਦੀ ਹੀਰੋਇਨ ਪਹਾੜ ਤੋਂ ਛਾਲ ਲਗਾ ਕੇ ਜਾਨ ਦੇ ਦਿੰਦੇ ਹਨ । ਇਸ ਸੀਨ ਨੂੰ ਦੇਖ ਕੇ ਦੇਸ਼ 'ਚ ਬਹੁਤ ਸਾਰੇ ਪ੍ਰੇਮੀ ਜੋੜਿਆਂ ਨੇ ਖੁਦਕੁਸ਼ੀ ਕਰਨੀ ਸ਼ੁਰੂ ਕਰ ਦਿੱਤੀ ਸੀ। ਇਸ ਸਭ ਨੂੰ ਰੌਕਣ ਲਈ ਕਈ ਸਰਕਾਰੀ ਸੰਸਥਾਵਾਂ ਨੇ ਫਿਲਮ ਨਿਰਮਾਤਾਵਾਂ ਨਾਲ ਕਈ ਮੀਟਿੰਗਾਂ ਕੀਤੀਆਂ ਤਾਂ ਜੋ ਇਸ ਸਭ ਨੂੰ ਰੋਕਿਆ ਜਾ ਸਕੇ। ਇਨ੍ਹਾਂ ਮੀਟਿੰਗਾਂ 'ਚ ਫਿਲਮ ਦੀ ਹੀਰੋਇਨ ਸ਼ਾਮਿਲ ਨਹੀਂ ਸੀ ਹੁੰਦੀ ਕਿਉਂਕਿ ਉਸ ਦੀ ਉਮਰ ਸਿਰਫ 16 ਸਾਲ ਸੀ।