ਜਲੰਧਰ (ਬਿਊਰੋ) : ਵੱਖ-ਵੱਖ ਗੀਤਾਂ ਨਾਲ ਲੋਕਾਂ ਦੇ ਦਿਲਾਂ 'ਚ ਮਕਬੂਲ ਹੋਏ ਪੰਜਾਬੀ ਗਾਇਕ ਫਿਰੋਜ਼ ਖਾਨ ਨੇ 'ਵਾਇਸ ਆਫ ਪੰਜਾਬ ਸੀਜ਼ਨ 9' ਦੇ ਸੈੱਟ 'ਤੇ ਆਪਣਾ ਜਨਮਦਿਨ ਸੈਲੀਬ੍ਰੇਟ ਕੀਤਾ। ਦੱਸ ਦੇਈਏ ਕਿ ਫਿਰੋਜ਼ ਖਾਨ ਦਾ ਜਨਮਦਿਨ 12 ਦਸੰਬਰ ਨੂੰ ਸੀ। ਉਨ੍ਹਾਂ ਦਾ ਜਨਮਦਿਨ ਬੇਹੱਦ ਸ਼ਾਨਦਾਰ ਤਰੀਕੇ ਨਾਲ ਮਨਾਇਆ ਗਿਆ। ਦਰਅਸਲ ਫਿਰੋਜ਼ ਖਾਨ ਇਸ ਖਾਸ ਮੌਕੇ 'ਤੇ ਲੁਧਿਆਣਾ 'ਚ 'ਵਾਇਸ ਆਫ ਪੰਜਾਬ ਸੀਜ਼ਨ 9' ਦੇ ਆਡੀਸ਼ਨ ਲਈ ਮੌਜੂਦ ਸਨ। ਅਜਿਹੇ 'ਚ ਉਨ੍ਹਾਂ ਦੇ ਜਨਮਦਿਨ ਦਾ ਜਸ਼ਨ 'ਵਾਇਸ ਆਫ ਪੰਜਾਬ' ਦੇ ਸੈੱਟ 'ਤੇ ਮਨਾਇਆ ਗਿਆ। 'ਵਾਇਸ ਆਫ ਪੰਜਾਬ' ਸੀਜ਼ਨ 9 ਦੇ ਆਡੀਸ਼ਨਾਂ ਦੌਰਾਨ ਉਨ੍ਹਾਂ ਦੇ ਜਨਮਦਿਨ ਮੌਕੇ 'ਤੇ ਕੇਕ ਕੱਟਿਆ ਗਿਆ ।
ਦੱਸ ਦੇਈਏ ਕਿ ਉਹ 'ਵਾਇਸ ਆਫ ਪੰਜਾਬ' ਸੀਜ਼ਨ 9 'ਚ ਜੱਜ ਦੇ ਤੌਰ 'ਤੇ ਨੌਜਵਾਨਾਂ ਦੇ ਹੁਨਰ ਵੀ ਪਰਖ ਰਹੇ ਹਨ। ਫਿਰੋਜ਼ ਖਾਨ ਅਜਿਹੇ ਗਾਇਕ ਹਨ, ਜਿਨ੍ਹਾਂ ਨੇ ਜੋ ਵੀ ਗੀਤ ਗਾਇਆ ਉਹ ਲੋਕਾਂ 'ਚ ਕਾਫੀ ਮਕਬੂਲ ਹੋਇਆ। ਫਿਰੋਜ਼ ਖਾਨ ਨੇ ਕਦੇ ਵੀ ਨਹੀਂ ਸੀ ਸੋਚਿਆ ਕਿ ਉਹ ਗਾਇਕ ਬਣਨਗੇ। ਦੋਸਤਾਂ ਦੀ ਹੱਲਾਸ਼ੇਰੀ ਦਿੱਤੀ ਤਾਂ ਉਨ੍ਹਾਂ ਨੇ ਕਾਲਜ 'ਚ ਦਾਖਲਾ ਲਿਆ ਅਤੇ ਇਸੇ ਦੌਰਾਨ ਉਨ੍ਹਾਂ ਨੇ 'ਤੇਰੀ ਮੈਂ ਹੋ ਨਾ ਸਕੀ' ਨਾਂ ਦੀ ਐਲਬਮ ਕੱਢੀ ਸੀ। ਉਹ ਆਪਣੀ ਸਭ ਤੋਂ ਵੱਡੀ ਗੁਰੂ ਆਪਣੀ ਮਾਂ ਨੁੰ ਮੰਨਦੇ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਜਿਊਣ ਦੀ ਜਾਂਚ ਸਿਖਾਈ ਅਤੇ ਗਾਉਣ ਦੀ ਗੁੜ੍ਹਤੀ ਵੀ ਦਿੱਤੀ, ਕਿਉਂਕਿ ਉਨ੍ਹਾਂ ਦੇ ਨਾਨਕੇ ਸਾਰੇ ਕੱਵਾਲ ਹਨ। ਸਰਦੂਲ ਸਿਕੰਦਰ ਨੂੰ ਆਪਣਾ ਆਈਡਲ ਮੰਨਣ ਵਾਲੇ ਫਿਰੋਜ਼ ਖਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਹੀ ਸੁਣ ਕੇ ਉਨ੍ਹਾਂ ਨੇ ਗਾਉਣਾ ਸਿੱਖਿਆ ਹੈ।