ਨਵੀਂ ਦਿੱਲੀ(ਬਿਊਰੋ)— ਫਿਲਮਾਂ ਤੋਂ ਸਿਆਸਤ ਵਿਚ ਕਦਮ ਰੱਖਣ ਵਾਲੇ ਸੁਪਰਸਟਾਰ ਰਜਨੀਕਾਂਤ ਮੁਸੀਬਤ ਵਿਚ ਪੈ ਗਏ ਹਨ। ਅੱਜ ਸੁਪਰੀਮ ਕੋਰਟ ਨੇ ਰਜਨੀਕਾਂਤ ਦੀ ਪਤਨੀ ਲਤਾ ਰਜਨੀਕਾਂਤ ਨੂੰ ਏਡੀ ਬਿਊਰੋ ਕੰਪਨੀ ਨੂੰ 6.2 ਕਰੋੜ ਰੁਪਏ ਵਾਪਸ ਕਰਨ ਦਾ ਹੁਕਮ ਸੁਣਾਇਆ ਹੈ। ਇੰਨੀ ਵੱਡੀ ਰਕਮ ਦੋ ਹਫਤੇ ਦੇ ਅੰਦਰ ਹੀ ਮੋੜਨੀ ਹੋਵੇਗੀ। ਅੱਜ ਏਡੀ ਬਿਊਰੋ ਵਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਇਹ ਫੈਸਲਾ ਸੁਣਾਇਆ। ਪਟੀਸ਼ਨ ਵਿਚ ਕੰਪਨੀ ਨੇ ਕਿਹਾ ਕਿ ਲਤਾ ਨੇ ਕੋਚਾਦਾਈਆਂ ਫਿਲਮ ਦੇ ਟੈਲੀਕਾਸਟ ਰਾਈਟਸ ਦੇ ਮਾਮਲੇ ਵਿਚ ਫਰਜ਼ੀ ਸਰਟੀਫਿਕੇਟ ਲਾਇਆ ਸੀ। ਇਸ ਤੋਂ ਇਲਾਵਾ ਲਤਾ 'ਤੇ 10 ਕਰੋੜ ਰੁਪਏ ਲੈ ਕੇ ਫਿਲਮ ਦੇ ਰਾਈਟਸ ਕਿਸੇ ਦੂਸਰੀ ਕੰਪਨੀ ਨੂੰ ਵੇਚਣ ਦਾ ਦੋਸ਼ ਹੈ। ਹਾਲਾਂਕਿ ਲਤਾ ਨੂੰ ਚਾਰ ਹਫਤਿਆਂ ਵਿਚ ਜਵਾਬ ਦੇਣਾ ਹੋਵੇਗਾ।