FacebookTwitterg+Mail

ਪੇਸ਼ਾਵਰ ਤੋਂ ਦਿੱਲੀ ਤੇ ਦਿੱਲੀ ਤੋਂ ਮੁੰਬਈ ਤਕ, ਜਾਣੋ ਰਿਸ਼ੀ ਕਪੂਰ ਦਾ ਸੁਹਾਨਾ ਸਫਰ

from peshawar delhi to mumbai know rishi kapoor s beautiful journey
02 May, 2020 12:53:47 PM

ਜਲੰਧਰ (ਵੈੱਬ ਡੈਸਕ) - ਪੇਸ਼ਾਵਰ ( ਲਹਿੰਦੇ ਪੰਜਾਬ ਤੋਂ) ਦਾ ਕਪੂਰ ਖਾਨਦਾਨ ਭਾਰਤੀ ਸਿਨੇਮਾ ਦਾ ਸਭ ਤੋਂ ਪੁਰਾਣਾ ਅਤੇ ਵੱਡਾ ਖਾਨਦਾਨ ਹੈ। ਰਿਸ਼ੀ ਕਪੂਰ ਆਪਣੀ ਇਸ ਵਿਰਾਸਤ ਨੂੰ ਸਦਾ ਮਹਾਨ ਵਿਰਾਸਤ ਮੰਨਦੇ ਸਨ। ਰਿਸ਼ੀ ਕਪੂਰ ਮੁਤਾਬਕ 4 ਸਤੰਬਰ 1952 ਨੂੰ ਜਦੋਂ ਉਹ ਪੈਦਾ ਹੋਏ ਤੇ ਉਨ੍ਹਾਂ ਦੇ ਪਿਤਾ ਰਾਜ ਕਪੂਰ 28 ਸਾਲ ਦੇ ਸਨ। ਉਸ ਸਮੇਂ ਤੱਕ ਰਾਜ ਕਪੂਰ ਭਾਰਤੀ ਸਿਨੇਮਾ ਦੇ ਸ਼ੋਅਮੈਨ ਮੰਨੇ ਗਏ। ਰਾਜ ਕਪੂਰ ਦੀ ਫ਼ਿਲਮ 'ਆਗ' (1948), 'ਬਰਸਾਤ' (1949) ਅਤੇ 'ਆਵਾਰਾ' (1951) ਕਰਕੇ ਖਾਸ ਮੁਕਾਮ ਸੀ। ਉਨ੍ਹਾਂ ਦੇ ਦਾਦਾ ਪ੍ਰਿਥਵੀ ਰਾਜ ਕਪੂਰ 'ਆਲਮਆਰਾ' (1931), 'ਵਿਦਿਆਪਤੀ' (1937) ਅਤੇ 'ਆਨੰਦ ਮੱਠ' (1952) ਵਰਗੀਆਂ ਫ਼ਿਲਮਾਂ ਦੀ ਬਦੌਲਤ ਭਾਰਤੀ ਸਿਨੇਮੇ ਦਾ ਸਿਰਮੌਰ ਨਾਮ ਸਨ। 14 ਮਾਰਚ 1931 ਨੂੰ ਆਈ ਫਿਲਮ 'ਆਲਮਆਰਾ' ਭਾਰਤੀ ਸਿਨੇਮਾ ਦੇ ਇਤਿਹਾਸ ਦੀ ਪਹਿਲੀ ਬੋਲਦੀ ਫਿਲਮ ਸੀ। 
Image
28 ਸਤੰਬਰ 1973 : ਇਹ ਤਾਰੀਖ਼ ਇੱਕ ਸਿਤਾਰੇ ਦੇ ਚੜ੍ਹਨ ਦਾ ਦਿਨ ਸੀ। ਇਸ ਤੋਂ ਪਹਿਲਾਂ ਰਾਜ ਕਪੂਰ ਆਪਣੀ ਜ਼ਿੰਦਗੀ ਦੀ ਸਭ ਤੋਂ ਬਿਹਤਰੀਨ ਫਿਲਮ 'ਮੇਰਾ ਨਾਮ ਜੋਕਰ' ਬਣਾ ਚੁੱਕੇ ਸਨ। ਇਸ ਫਿਲਮ ਨੂੰ ਹੁਣ ਤੱਕ ਦੀ ਸਭ ਤੋਂ ਕਲਾਸਿਕ ਫ਼ਿਲਮਾਂ ਚੋਂ ਬਿਹਤਰੀਨ ਫਿਲਮ ਕਿਹਾ ਜਾਂਦਾ ਹੈ ਪਰ ਇਹ ਉਸ ਸਮੇਂ ਰਾਜ ਕਪੂਰ ਦੇ ਲਈ ਵੱਡਾ ਵਿੱਤੀ ਘਾਟਾ ਸੀ। ਫਿਲਮ 'ਬਾਬੀ' ਜਿੱਥੇ ਰਿਸ਼ੀ ਕਪੂਰ ਅਤੇ ਡਿੰਪਲ ਕਪਾੜੀਆ ਦੀ ਜ਼ਿੰਦਗੀ ਦੀ ਪਲੇਠੀ ਸ਼ੁਰੂਆਤ ਸੀ। ਉੱਥੇ ਇਸ ਫ਼ਿਲਮ ਨੇ ਰਾਜ ਕਪੂਰ ਨੂੰ ਵੀ ਵਿੱਤੀ ਘਾਟੇ ਤੋਂ ਉਭਾਰਿਆ। 
Image
ਹੀਰੋਇਨਾਂ ਦਾ ਹੀਰੋ
ਫਿਲਮ 'ਚਾਂਦਨੀ', 'ਏਕ ਚਾਦਰ ਮੈਲੀ ਸੀ', 'ਹੀਨਾ', 'ਪ੍ਰੇਮ ਰੋਗ', 'ਪ੍ਰੇਮ ਗ੍ਰੰਥ', 'ਦਾਮਿਨੀ' ਅਤੇ ਅਜਿਹੀਆਂ ਅਣਗਿਣਤ ਫ਼ਿਲਮਾਂ ਹਨ, ਜਿਨ੍ਹਾਂ ਦਾ ਕੇਂਦਰੀ ਪਾਤਰ ਔਰਤਾਂ ਸਨ ਪਰ ਇਨ੍ਹਾਂ ਫ਼ਿਲਮਾਂ ਵਿੱਚ ਵੀ ਰਿਸ਼ੀ ਕਪੂਰ ਨੇ ਬੇਝਿਜਕ ਕੰਮ ਕੀਤਾ। ਇਹ ਗੱਲ ਇਸ ਕਰਕੇ ਵੀ ਖ਼ਾਸ ਹੈ ਕਿ ਰਿਸ਼ੀ ਕਪੂਰ ਦੇ ਇਸ ਦੌਰ ਵਿੱਚ ਹੀਰੋ ਪ੍ਰਧਾਨ ਫ਼ਿਲਮਾਂ ਦਾ ਰਿਵਾਜ ਸੀ।

Image
ਬਤੌਰ ਅਦਾਕਾਰ ਛਾਪ ਛੱਡਦਾ ਅਦਾਕਾਰ
ਰਿਸ਼ੀ ਕਪੂਰ ਦੇ ਪੂਰੇ ਕਰੀਅਰ ਵਿੱਚ ਵੱਡੀ ਚੁਣੌਤੀ ਇਹ ਰਹੀ ਹੈ ਕਿ ਉਹ ਕਪੂਰ ਖਾਨਦਾਨ ਦੀ ਵਿਰਾਸਤ ਦਾ ਅਦਾਕਾਰ ਸੀ ਦੂਜਾ ਉਹ ਆਪਣੇ ਸਮਕਾਲੀਆਂ ਦੇ ਬਰਾਬਰ ਹਰਫ਼ਨ ਮੌਲਾ ਨਹੀਂ ਸੀ । ਇਸ ਦੇ ਬਾਵਜੂਦ ਰਿਸ਼ੀ ਕਪੂਰ ਨੇ ਆਪਣੀਆਂ ਫਿਲਮਾਂ ਦੇ ਵਿਸ਼ਿਆਂ ਦੀ ਗੁਣਵੱਤਾ ਦਾ ਹਮੇਸ਼ਾ ਧਿਆਨ ਰੱਖਿਆ। 'ਮੇਰਾ ਨਾਮ ਜੋਕਰ' ਸਿਰਫ ਰਾਜ ਕਪੂਰ ਦੀ ਫ਼ਿਲਮ ਨਹੀਂ ਕਹਿ ਸਕਦੇ। ਇਸ ਫਿਲਮ ਦੀ ਪਹਿਲੀ ਕਹਾਣੀ ਜਿਸ ਵਿੱਚ ਇੱਕ ਵਿਦਿਆਰਥੀ ਆਪਣੇ ਅਧਿਆਪਕ ਪ੍ਰਤੀ ਖਾਸ ਭਾਵਨਾ ਰੱਖਦਾ ਹੈ ਉਸ ਨੂੰ ਨਿਭਾਉਂਦਿਆਂ ਰਿਸ਼ੀ ਕਪੂਰ ਨੇ ਆਪਣੀ ਪਹਿਲੀ ਛਾਪ ਛੱਡੀ ਸੀ। ਬਤੌਰ ਬਾਲ ਕਲਾਕਾਰ ਰਿਸ਼ੀ ਕਪੂਰ ਨੇ ਵਿਦਿਆਰਥੀ ਦੀ ਉਸ ਮਾਨਸਿਕਤਾ ਨੂੰ ਬਾਖੂਬੀ ਪੇਸ਼ ਕੀਤਾ। 
Image
ਪੰਜਾਬੀ ਜੜ੍ਹਾਂ ਦਾ ਖਾਨਦਾਨ
ਰਿਸ਼ੀ ਕਪੂਰ ਦੀਆਂ ਗੱਲਾਂ ਦੀ ਬੇਬਾਕੀ ਅਤੇ ਅਜਿਹੇ ਬਹੁਤ ਸਾਰੇ ਕਿੱਸੇ ਹਨ, ਜਿਸ ਵਿੱਚ ਉਨ੍ਹਾਂ ਨੇ ਆਪਣੇ ਪਰਿਵਾਰ ਦੀਆਂ ਪੇਸ਼ਾਵਰ ਅਤੇ ਪੰਜਾਬ ਨਾਲ ਹੋਣ ਦਾ ਮਾਣ ਪ੍ਰਗਟਾਇਆ ਹੈ। ਕਪੂਰ ਖਾਨਦਾਨ ਦੇ ਪ੍ਰਿਥਵੀ ਰਾਜ ਕਪੂਰ 1947 ਵੰਡ ਵੇਲੇ ਪੇਸ਼ਾਵਰ ਤੋਂ ਜਲੰਧਰ ਆਏ ਸਨ। ਪਿੰਡ ਲਸਾੜਾ ਦੇ ਸਾਬਕਾ ਸਰਪੰਚ ਤਰਸੇਮ ਸਿੰਘ ਦੱਸਦੇ ਹਨ ਕਿ ਰਿਸ਼ੀ ਕਪੂਰ ਦੇ ਪਰਿਵਾਰ ਦਾ ਪਿੰਡ ਲਸਾੜਾ ਨਾਲ ਬਹੁਤ ਨਿੱਘਾ ਰਿਸ਼ਤਾ ਰਿਹਾ ਹੈ। ਇੱਥੇ ਉਨ੍ਹਾਂ ਨੂੰ ਅਲਾਟ ਹੋਈ ਹਵੇਲੀ ਅੱਜ ਵੀ ਜਿਉਂ ਦੀ ਤਿਉਂ ਹੈ। ਇਸ ਹਵੇਲੀ ਦਾ ਬਹੁਤਾ ਹਿੱਸਾ ਇਸ ਪਿੰਡ ਦੇ ਹੋਰ ਬੰਦਿਆਂ ਦਾ ਰਹਿਣ ਬਸੇਰਾ ਬਣ ਗਿਆ ਹੈ। ਲਸਾੜਾ ਪਿੰਡ ਦੇ ਗੁਆਂਢ ਚ ਉੜਾਪੜ ਪਿੰਡ ਦੇ ਦਲਜੀਤ ਸਿੰਘ ਦੱਸਦੇ ਹਨ ਕਿ ਪ੍ਰਿਥਵੀ ਰਾਜ ਕਪੂਰ ਹੁਣਾਂ ਦੇ ਇੱਥੇ 25 ਕਿੱਲੇ ਸਨ ਜੋ ਉਨ੍ਹਾਂ ਨੇ ਵੇਚ ਦਿੱਤੇ। ਪੇਸ਼ਾਵਰ ਤੋਂ ਜਲੰਧਰ ਪਿੰਡ ਲਸਾੜਾ ਇਸ ਤੋਂ ਬਾਅਦ ਦਿੱਲੀ ਅਤੇ ਦਿੱਲੀ ਤੋਂ ਉਹ ਮੁੰਬਈ ਪਹੁੰਚੇ। ਉਨ੍ਹਾਂ ਦੇ ਪੁਸ਼ਤੈਨੀ ਘਰ ਦੇ ਸਾਹਮਣੇ ਦੱਤਾ ਜੀ ਅਤੇ ਬੰਸੀ ਲਾਲ ਰਹਿੰਦੇ ਹਨ।
Image
ਦੂਜੀ ਪਾਰੀ
1970-80 ਦੇ ਰੋਮਾਂਟਿਕ ਹੀਰੋ ਦੀ ਦੂਜੀ ਪਾਰੀ ਰਿਸ਼ੀ ਕਪੂਰ ਨੂੰ ਹੋਰ ਬੇਹਤਰੀਨ ਅਦਾਕਾਰ ਦੇ ਤੌਰ ਤੇ ਸਥਾਪਤ ਕਰਦੀ ਹੈ ਅਤੇ ਬੇਬਾਕ ਟਿੱਪਣੀਆਂ ਕਰਕੇ ਵੀ ਜਾਣੀ ਜਾਂਦੀ ਹੈ। 
ਇਸ ਦੌਰਾਨ ਉਨ੍ਹਾਂ ਨੇ ਅਕਸ਼ੈ ਖੰਨਾ ਅਤੇ ਐਸ਼ਵਰਿਆ ਰਾਏ ਨੂੰ ਲੈ ਕੇ 'ਆ ਅਬ ਲੌਟ ਚੱਲੇਂ' ਫ਼ਿਲਮ ਵੀ ਨਿਰਦੇਸ਼ਿਤ ਕੀਤੀ। ਇਹ ਫ਼ਿਲਮ ਉਨ੍ਹਾਂ ਨੇ ਆਪਣੇ ਘਰੇਲੂ ਬੈਨਰ ਆਰ.ਕੇ. ਬੈਨਰ ਹੇਠ ਬਣਾਈ ਸੀ। ਇਸ ਤੋਂ ਇਲਾਵਾ ਰਿਸ਼ੀ ਕਪੂਰ ਨੇ 'ਹਮ ਤੁਮ' ਅਤੇ 'ਫ਼ਨਾ' ਵਰਗੀਆਂ ਫਿਲਮਾਂ ਚ ਰੋਲ ਅਦਾ ਕੀਤੇ ਉੱਥੇ ਹੀ 'ਡੀ-ਡੇ' ਅਤੇ 'ਅਗਨੀਪੱਥ' ਵਰਗੀਆਂ ਫਿਲਮਾਂ ਚ ਨਕਾਰਾਤਮਕ ਰੋਲ ਵੀ ਪ੍ਰਸੰਸਾ ਭਰਪੂਰ ਅਦਾ ਕੀਤੇ। ਇਸ ਦੂਜੀ ਪਾਰੀ ਵਿੱਚ ਉਨ੍ਹਾਂ ਦੀ 'ਸਟੂਡੈਂਟ ਆਫ਼ ਦਾ ਈਅਰ' ਫਿਲਮ ਉਨ੍ਹਾਂ ਵੱਲੋਂ ਨਿਭਾਏ ਸਮਲਿੰਗੀ ਪ੍ਰਿੰਸੀਪਲ ਕਰਕੇ ਚਰਚਾ ਵਿੱਚ ਰਹੀ ਤਾਂ 'ਦੋ ਦੂਣੀ ਚਾਰ' ਗਣਿਤ ਦੇ ਅਧਿਆਪਕ ਦੀ ਮਿਡਲ ਕਲਾਸ ਜ਼ਿੰਦਗੀ ਦੇ ਸੰਘਰਸ਼ ਨੂੰ ਬਿਆਨ ਕਰਦੀ ਫਿਲਮ ਵੀ ਦਰਸ਼ਕਾਂ ਵੱਲੋਂ ਪਸੰਦ ਕੀਤੀ ਗਈ। 
Image
ਸਿਨੇਮਾ ਵਿੱਚ ਕੰਮ ਕਰਨ ਦੀ ਸ਼ੈਲੀ ਦਾ ਫਰਕ
ਰਿਸ਼ੀ ਕਪੂਰ ਆਪਣੇ ਅਦਾਕਾਰੀ ਦੀ ਜ਼ਿੰਦਗੀ ਨੂੰ ਬਿਆਨ ਕਰਦੇ ਆਪਣੀ ਜੀਵਨੀ ਖੁੱਲ੍ਹਮ ਖੁੱਲ੍ਹਾ ਵਿੱਚ ਦੱਸਦੇ ਹਨ ਕਿ ਇਸ ਦੌਰ ਦਾ ਸਿਨੇਮਾ ਆਪਣੇ ਕਿਰਦਾਰ ਨੂੰ ਪੇਸ਼ ਕਰਨ ਵਿੱਚ ਬਹੁਤ ਮਸ਼ੱਕਤ ਕਰਦਾ ਹੈ। ਉਹ ਦੱਸਦੇ ਹਨ ਕਿ ਮਨਮੋਹਨ ਦੇਸਾਈ ਅਤੇ ਪ੍ਰਕਾਸ਼ ਮਹਿਰਾ ਦੇ ਸਿਨੇਮਾ ਦੇ ਦੌਰ ਵਿੱਚ ਉਨ੍ਹਾਂ ਨੇ 'ਅਮਰ ਅਕਬਰ ਐਂਥਨੀ' ਬਹੁਤ ਸਹਿਜੇ ਹੀ ਪੂਰੀ ਕੀਤੀ। ਅਕਬਰ ਦਾ ਰੋਲ ਉਨ੍ਹਾਂ ਬਹੁਤ ਆਰਾਮ ਨਾਲ ਅਦਾ ਕੀਤਾ ਸੀ ਅਤੇ ਇੰਝ ਹੀ ਅਮਿਤਾਭ ਬੱਚਨ ਨੇ ਵੀ ਐਂਥਨੀ ਦਾ ਰੋਲ ਬਹੁਤ ਸਹਿਜੇ ਨਿਭਾ ਦਿੱਤਾ ਸੀ। 
ਹੁਣ ਦੀਆਂ ਫਿਲਮਾਂ ਦੀ ਉਦਾਹਰਣ ਲਈਏ ਤਾਂ 'ਕਪੂਰਜ਼ ਐਂਡ ਸਨਜ਼' ਫਿਲਮ ਲਈ ਉਨ੍ਹਾਂ ਨੂੰ ਸਵੇਰੇ 5.30 ਉੱਠਣਾ ਪੈਂਦਾ ਸੀ। ਇਸ ਤੋਂ ਬਾਅਦ 6 ਵਜੇ ਮੇਕਅੱਪ ਦੀ ਤਿਆਰੀ ਕੀਤੀ ਜਾਂਦੀ ਸੀ ਅਤੇ 12 ਵਜੇ ਤੱਕ ਇਹ ਕੰਮ ਪੂਰਾ ਹੁੰਦਾ ਸੀ। ਮੈਨੂੰ 90 ਸਾਲ ਦਾ ਬਜ਼ੁਰਗ ਵਿਖਾਉਣ ਲਈ ਗ੍ਰੇਗ ਕੈਨਮ ਨੇ ਬਹੁਤ ਮਿਹਨਤ ਕੀਤੀ। ਗ੍ਰੇਗ ਕੈਨਮ ਇਸ ਤੋਂ ਪਹਿਲਾਂ ਫਿਲਮ 'ਦੀ ਕਿਊਰਿਸ ਕੇਸ ਆਫ ਬੈਂਜਮਿਨ ਬਟਨ' ਲਈ ਬਰੈੱਡ ਪਿੱਟ ਦਾ ਮੇਕਅੱਪ ਕਰ ਚੁੱਕੇ ਹਨ।
Image
ਬੇਬਾਕ ਟਿੱਪਣੀਆਂ ਅਤੇ ਆਖ਼ਰੀ ਟਿੱਪਣੀ
ਅਸਹਿਣਸ਼ੀਲਤਾ ਦੇ ਦੌਰ ਵਿੱਚ ਜਦੋਂ ਬੀਫ ਅਤੇ ਅਜਿਹੇ ਹੋਰ ਬਹੁਤ ਸਾਰੇ ਮਸਲਿਆਂ ਨੂੰ ਲੈ ਕੇ ਅਸੀਂ ਆਪਣੀ ਸਹਿਣਸ਼ੀਲਤਾ ਗਵਾ ਰਹੇ ਸਾਂ ਤਾਂ ਉਸ ਸਮੇਂ ਰਿਸ਼ੀ ਕਪੂਰ ਨੇ ਇਹ ਬੇਬਾਕੀ ਨਾਲ ਕਿਹਾ ਸੀ ਕਿ ਕਿਸੇ ਨੇ ਕੀ ਪਾਉਣਾ ਹੈ ਅਤੇ ਕੀ ਖਾਣਾ ਹੈ ਇਸ ਨੂੰ ਲੈ ਕੇ ਸਾਨੂੰ ਕੋਈ ਹੱਕ ਨਹੀਂ ਹੈ ਕਿ ਅਸੀਂ ਕੁਝ ਤੈਅ ਕਰੀਏ। ਕਰੋਨਾ ਸੰਕਟ ਮਹਾਂਮਾਰੀ ਦੌਰਾਨ ਤਾਲਾਬੰਦੀ ਦੇ ਚੱਲਦਿਆਂ ਉਨ੍ਹਾਂ ਨੇ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਵਕਾਲਤ ਕੀਤੀ ਸੀ। ਰਿਸ਼ੀ ਕਪੂਰ ਹੁਣਾਂ ਨੂੰ ਉਨ੍ਹਾਂ ਦੇ ਇਸ ਅੰਦਾਜ਼ ਬਾਰੇ ਜਦੋਂ ਕਿਹਾ ਜਾਂਦਾ ਸੀ ਤਾਂ ਉਨ੍ਹਾਂ ਦਾ ਜਵਾਬ ਹੁੰਦਾ ਸੀ ਕਿ ਮੈਂ ਅਜਿਹਾ ਹੀ ਹਾਂ 'ਖੁੱਲ੍ਹਮ ਖੁੱਲ੍ਹਾ' !
Image

30 ਅਪ੍ਰੈਲ 2020 ਨੂੰ ਆਪਣੀ 67 ਸਾਲ ਉਮਰ ਹੰਢਾਕੇ 'ਹੀਰੋਇਨਾਂ ਦਾ ਹੀਰੋ, 1970 ਦਾ ਰੋਮਾਂਟਿਕ ਹੀਰੋ, ਕਪੂਰ ਖਾਨਦਾਨ ਦਾ ਕਪੂਰ, ਭਾਰਤੀ ਸਿਨੇਮਾ ਦਾ ਬਿਹਤਰੀਨ ਅਦਾਕਾਰ ਸਾਨੂੰ ਅਲਵਿਦਾ ਕਹਿ ਗਿਆ ਹੈ। ਸੁਭਾਸ਼ ਘਈ ਦੀ ਫਿਲਮ 'ਕਰਜ਼' ਅੰਗਰੇਜ਼ੀ ਫ਼ਿਲਮ 'ਦੀ ਰੀਇਨਕਾਰਨੇਸ਼ਨ ਆਫ ਪੀਟਰ ਪ੍ਰਾਊਡ' ਤੋਂ ਪ੍ਰਭਾਵਿਤ ਸੀ। 

Image
ਆਪਣੀ ਫਿਲਮ ਕਰਜ਼ ਵਾਂਗੂੰ ਰਿਸ਼ੀ ਕਪੂਰ ਕੀ ਦੁਬਾਰਾ ਜਨਮ ਲੈ ਕੇ ਇਸ ਦੁਨੀਆਂ ਦਾ ਫਿਰ ਤੋਂ ਰੋਮਾਂਟਿਕ ਹੀਰੋ ਬਣੇਗਾ ਅਜਿਹੇ ਫਿਲਮੀ ਖਿਆਲਾਂ ਵਿੱਚ ਹਕੀਕਤ ਇਹੋ ਹੈ ਕਿ ਉਹ ਹੁਣ ਸਾਡੇ ਵਿਚ ਨਹੀਂ ਹਨ ਪਰ ਉਨ੍ਹਾਂ ਦੀਆਂ ਫ਼ਿਲਮਾਂ ਸਾਡੇ ਵਿੱਚ ਯਕੀਨਨ ਹਨ।
Image


Tags: PeshawarDelhiMumbaiRishi KapoorBeautiful JourneyKhel Khel MeinKabhi KabhieAmar Akbar AnthonyKarzChandniLove Aaj Kal AgneepathMulk

About The Author

sunita

sunita is content editor at Punjab Kesari